ਸਾਡੇ ਦੇਸ਼ ’ਚ ਮਾਨਸਿਕ ਸਿਹਤ (Mental Health) ਨਾਲ ਜੁੜੀਆਂ ਸਮੱਸਿਆਵਾਂ ਲਗਾਤਾਰ ਗੰਭੀਰ ਹੁੰਦੀਆਂ ਜਾ ਰਹੀਆਂ ਹਨ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਨੌਜਵਾਨਾਂ ਵਿਚ ਡਿਪਰੈਸ਼ਨ (ਤਣਾਅ) (Depression) ਤੇ ਚਿੰਤਾ ਵੱਧ ਰਹੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆ ਦੀ ਅੰਦਾਜ਼ਨ 3.8 ਫ਼ੀਸਦੀ ਆਬਾਦੀ ਤਣਾਅ ਦਾ ਸ਼ਿਕਾਰ ਹੈ
ਸਾਡੇ ਦੇਸ਼ ’ਚ ਮਾਨਸਿਕ ਸਿਹਤ (Mental Health) ਨਾਲ ਜੁੜੀਆਂ ਸਮੱਸਿਆਵਾਂ ਲਗਾਤਾਰ ਗੰਭੀਰ ਹੁੰਦੀਆਂ ਜਾ ਰਹੀਆਂ ਹਨ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਨੌਜਵਾਨਾਂ ਵਿਚ ਡਿਪਰੈਸ਼ਨ (ਤਣਾਅ) (Depression) ਤੇ ਚਿੰਤਾ ਵੱਧ ਰਹੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆ ਦੀ ਅੰਦਾਜ਼ਨ 3.8 ਫ਼ੀਸਦੀ ਆਬਾਦੀ ਤਣਾਅ ਦਾ ਸ਼ਿਕਾਰ ਹੈ, ਜਿਸ ਵਿਚ 5 ਫ਼ੀਸਦੀ ਬਾਲਗ (4 ਫ਼ੀਸਦੀ ਮਰਦਾਂ ’ਚ ਅਤੇ 6 ਫ਼ੀਸਦੀ ਔਰਤਾਂ ’ਚ) ਅਤੇ 5.7 ਫ਼ੀਸਦੀ 60 ਸਾਲ ਤੋਂ ਵੱਧ ਉਮਰ ਦੇ ਬਾਲਗ ਸ਼ਾਮਿਲ ਹਨ। ਦੁਨੀਆ ਭਰ ’ਚ 10 ਫ਼ੀਸਦੀ ਤੋਂ ਵੱਧ ਗਰਭਵਤੀ ਔਰਤਾਂ ਤੇ ਉਹ ਔਰਤਾਂ, ਜਿਨ੍ਹਾਂ ਨੇ ਹੁਣੇ ਹੀ ਜਨਮ ਦਿੱਤਾ ਹੈ, ਤਣਾਅ ਦਾ ਸ਼ਿਕਾਰ ਹਨ। ਹਰ ਸਾਲ 7 ਲੱਖ ਤੋਂ ਵੱਧ ਲੋਕ ਖ਼ੁਦਕੁਸ਼ੀ ਕਾਰਨ ਮਰਦੇ ਹਨ। ਦੁੱਖਦਾਈ ਗੱਲ ਹੈ ਕਿ 15-29 ਸਾਲ ਦੀ ਉਮਰ ਦੇ ਲੋਕਾਂ ਵਿਚ ਮੌਤ ਦਾ ਚੌਥਾ ਪ੍ਰਮੁੱਖ ਕਾਰਨ ਖ਼ੁਦਕੁਸ਼ੀ ਹੈ। ਹਾਲਾਂਕਿ ਮਾਨਸਿਕ ਸਿਹਤ ((Mental Health)) ਲਈ ਪ੍ਰਭਾਵਸ਼ਾਲੀ ਇਲਾਜ ਹਨ ਪਰ ਘੱਟ ਤੇ ਮੱਧ ਆਮਦਨ ਵਾਲੇ ਦੇਸ਼ਾਂ ਵਿਚ 75 ਫ਼ੀਸਦੀ ਤੋਂ ਵੱਧ ਲੋਕਾਂ ਨੂੰ ਕੋਈ ਢੁੱਕਵਾਂ ਇਲਾਜ ਨਹੀਂ ਮਿਲਦਾ।
ਭਾਰਤ ਦੀ ਆਬਾਦੀ ਦਾ ਵੱਡਾ ਹਿੱਸਾ ਨੌਜਵਾਨਾਂ ਦਾ ਹੈ ਤੇ ਦੇਸ਼ ਦਾ ਵਰਤਮਾਨ ਤੇ ਭਵਿੱਖ ਇਸ ’ਤੇ ਨਿਰਭਰ ਕਰਦਾ ਹੈ। ਨੌਜਵਾਨਾਂ ਲਈ ਪੜ੍ਹਾਈ ਤੋਂ ਲੈ ਕੇ ਕੰਮ ਤਕ ਦੇ ਵੱਧਦੇ ਦਬਾਅ ਨੂੰ ਅਨੁਕੂਲ ਬਣਾਉਣਾ ਚੁਣੌਤੀਪੂਰਨ ਹੁੰਦਾ ਜਾ ਰਿਹਾ ਹੈ। ਸੋਸ਼ਲ ਮੀਡੀਆ, ਆਨਲਾਈਨ ਗਤੀਵਿਧੀਆਂ ਤੇ ਸੂਚਨਾ ਦੇ ਫੈਲਾਅ ਨੇ ਸਥਿਤੀ ਨੂੰ ਗੁੰਝਲਦਾਰ ਬਣਾ ਦਿੱਤਾ ਹੈ। ਮਾਨਸਿਕ ਸਿਹਤ (Mental Health) ਦਾ ਮੁੱਦਾ ਹੁਣ ਵਿਅਕਤੀ ਤਕ ਸੀਮਤ ਨਹੀਂ ਰਿਹਾ। ਇਸ ਦੇ ਵਿਆਪਕ ਪ੍ਰਭਾਵ ਨੂੰ ਦੇਖਦਿਆਂ ਠੋਸ ਕਦਮ ਚੁੱਕਣ ਦੀ ਲੋੜ ਹੈ। ਸਭ ਤੋਂ ਪਹਿਲਾਂ ਸਮੱਸਿਆ ਦੇ ਮੂਲ ਕਾਰਨਾਂ ਦੀ ਪਛਾਣ ਤੇ ਜਾਂਚ ਕਰਨ ਦੀ ਜ਼ਰੂਰਤ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਦਾ ਪ੍ਰਭਾਵ ਮਾਨਸਿਕ ਸਿਹਤ ’ਚ ਵਿਗਾੜ ਦਾ ਵੱਡਾ ਕਾਰਕ ਬਣ ਗਿਆ ਹੈ। ਦੂਜਿਆਂ ਦੀ ਜੀਵਨਸ਼ੈਲੀ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ’ਚ ਹੀਣਭਾਵਨਾ ਪੈਦਾ ਹੋ ਸਕਦੀ ਹੈ। ਸਾਈਬਰ ਕ੍ਰਾਈਮ, ਟ੍ਰੋਲਿੰਗ, ਬੇਲੋੜੀ ਜਾਣਕਾਰੀ ਭਾਵਨਾਤਮਿਕ ਤੌਰ ’ਤੇ ਨੁਕਸਾਨਦੇਹ ਹੋ ਸਕਦੀ ਹੈ। ਸੋਸ਼ਲ ਮੀਡੀਆ ਦੀ ਲਤ ਰੋਜ਼ਾਨਾ ਅਨੁਸ਼ਾਸਨ ਨੂੰ ਨੁਕਸਾਨ ਪਹੁੰਚਾਉਂਦੀ ਹੈ। ਨੌਜਵਾਨ ਪੀੜ੍ਹੀ ਸਿੱਖਿਆ ਤੇ ਰੁਜ਼ਗਾਰ ਦੇ ਖੇਤਰ ਵਿਚ ਮੁਕਾਬਲੇਬਾਜ਼ੀ ਅਤੇ ਬਦਲਾਂ ਦੀ ਘਾਟ ਕਾਰਨ ਸੰਘਰਸ਼ ਕਰ ਰਹੀ ਹੈ। ਵੱਡੀ ਗਿਣਤੀ ’ਚ ਵਿਦਿਆਰਥੀ ਸੀਮਤ ਸਾਧਨਾਂ ਨਾਲ ਆਪਣੇ ਘਰਾਂ ਅਤੇ ਪਰਿਵਾਰਾਂ ਤੋਂ ਦੂਰ ਰਹਿ ਕੇ ਚੰਗੀ ਸਿੱਖਿਆ ਤੇ ਨੌਕਰੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਰੁੱਝੇ ਹੋਏ ਹਨ।
ਲੱਛਣ
ਤਣਾਅ ਤੋਂ ਪੀੜਤ ਵਿਅਕਤੀ ਉਦਾਸ, ਚਿੜਚਿੜਾ ਤੇ ਖ਼ਾਲੀਪਣ ਮਹਿਸੂਸ ਕਰਦਾ ਹੈ। ਉਹ ਗਤੀਵਿਧੀਆਂ ਵਿਚ ਖ਼ੁਸ਼ੀ ਜਾਂ ਦਿਲਚਸਪੀ ਦੀ ਕਮੀ ਮਹਿਸੂਸ ਕਰ ਸਕਦੇ ਹਨ। ਇਸ ਤੋਂ ਇਲਾਵਾ ਇਕਾਗਰਤਾ ’ਚ ਕਮੀ, ਖ਼ੁਦ ਬਾਰੇ ਨਿਰਾਸ਼ਾ, ਮਰਨ ਜਾਂ ਖੁਦਕੁਸ਼ੀ ਬਾਰੇ ਵਿਚਾਰ, ਨੀਂਦ ਵਿਚ ਵਿਘਨ, ਭੁੱਖ ਜਾਂ ਭਾਰ ਵਿਚ ਤਬਦੀਲੀਆਂ, ਬਹੁਤ ਥਕਾਵਟ ਜਾਂ ਊਰਜਾ ਵਿਚ ਕਮੀ ਮਹਿਸੂਸ ਕਰਨਾ ਵੀ ਤਣਾਅ ਦੇ ਲੱਛਣ ਹੋ ਸਕਦੇ ਹਨ।
ਇਲਾਜ ਤੇ ਬਚਾਅ
ਹਾਲਾਂਕਿ ਮਾਨਸਿਕ ਸਿਹਤ ਸਬੰਧੀ ਸਲਾਹ ਤੇ ਸਹਾਇਤਾ ਲਈ ਪ੍ਰਬੰਧ ਵੱਧ ਰਹੇ ਹਨ ਪਰ ਉਹ ਅਜੇ ਵੀ ਸਰਵ ਵਿਆਪਕ ਤੌਰ ’ਤੇ ਮੁਹੱਈਆ ਨਹੀਂ ਹਨ। ਕੋਈ ਸਰੀਰਕ ਜਾਂ ਮਾਨਸਿਕ ਸਮੱਸਿਆ ਹੋਵੇ, ਜੇ ਇਸ ਦਾ ਜਲਦੀ ਪਤਾ ਲੱਗ ਜਾਵੇ ਤੇ ਕਾਊਂਸਲਿੰਗ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇ ਤਾਂ ਹੱਲ ਸੌਖਾ ਹੋ ਜਾਂਦਾ ਹੈ। ਬਹੁਤ ਸਾਰੇ ਅਧਿਐਨਾਂ ’ਚ ਪਾਇਆ ਗਿਆ ਹੈ ਕਿ ਸਮੱਸਿਆ ਦਾ ਅਹਿਸਾਸ ਹੋਣ ਤੋਂ ਬਾਅਦ ਵੀ ਲੋਕ ਡਾਕਟਰੀ ਸਹਾਇਤਾ ਜਾਂ ਮਨੋਵਿਗਿਆਨਕ ਸਲਾਹ ਲੈਣ ਤੋਂ ਝਿਜਕਦੇ ਹਨ। ਇਸ ਦਾ ਵੱਡਾ ਕਾਰਨ ਸਮਾਜਿਕ ਪੱਖਪਾਤ ਹੈ। ਇਸ ਤੋਂ ਮੁਕਤ ਹੋਣ ਦੀ ਲੋੜ ਹੈ। ਨੌਜਵਾਨਾਂ ਨੂੰ ਮਦਦ ਲੈਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਜੇ ਕੋਈ ਵਿਅਕਤੀ ਮਹਿਸੂਸ ਕਰਦਾ ਹੈ ਕਿ ਉਹ ਤਣਾਅ ਵੱਲ ਵੱਧ ਰਿਹਾ ਹੈ ਤਾਂ ਸਭ ਤੋਂ ਜ਼ਰੂਰੀ ਹੈ ਕਿ ਆਪਣੀਆਂ ਸਮੱਸਿਆਵਾਂ ਨੂੰ ਆਪਣਿਆਂ ਨਾਲ ਸਾਂਝਾ ਕੀਤਾ ਜਾਵੇ। ਉਨ੍ਹਾਂ ਗਤੀਵਿਧੀਆਂ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰੋ, ਜਿਨ੍ਹਾਂ ਦਾ ਤੁਸੀਂ ਆਨੰਦ ਮਾਣਿਆ ਸੀ। ਦੋਸਤਾਂ ਅਤੇ ਪਰਿਵਾਰ ਨਾਲ ਜੁੜੇ ਰਹੋ।
ਮਾਹਿਰਾਂ ਦੀ ਲਵੋ ਸਲਾਹ
ਨਿਯਮਤ ਤੌਰ ’ਤੇ ਕਸਰਤ ਕਰੋ, ਭਾਵੇਂ ਇਹ ਸਿਰਫ਼ ਥੋੜ੍ਹੀ ਜਿਹੀ ਸੈਰ ਹੀ ਹੋਵੇ। ਜਿੰਨਾ ਸੰਭਵ ਹੋ ਸਕੇ ਨਿਯਮਤ ਖਾਣ ਅਤੇ ਸੌਣ ਦੀਆਂ ਆਦਤਾਂ ਨਾਲ ਜੁੜੇ ਰਹੋ। ਅਲਕੋਹਲ ਤੋਂ ਬਚੋ ਜਾਂ ਘਟਾਓ ਤੇ ਗ਼ੈਰ-ਕਾਨੂੰਨੀ ਦਵਾਈਆਂ ਦੀ ਵਰਤੋਂ ਨਾ ਕਰੋ, ਜੋ ਡਿਪਰੈਸ਼ਨ ਨੂੰ ਹੋਰ ਵਧਾ ਸਕਦੀਆਂ ਹਨ। ਆਪਣੀਆਂ ਭਾਵਨਾਵਾਂ ਬਾਰੇ ਕਿਸੇ ਭਰੋਸੇਮੰਦ ਵਿਅਕਤੀ ਨਾਲ ਗੱਲ ਕਰੋ ਤੇ ਕਿਸੇ ਸਿਹਤ ਮਾਹਿਰ ਦੀ ਸਲਾਹ ਲਓ। ਇਹ ਯਾਦ ਰੱਖੋ ਕਿ ਤੁਸੀਂ ਇਕੱਲੇ ਨਹੀਂ ਹੋ, ਜਿਸ ’ਤੇ ਮੁਸ਼ਕਿਲ ਆਈ ਹੈ ਬਹੁਤ ਸਾਰੇ ਲੋਕ ਉਸ ਵਿੱਚੋਂ ਲੰਘੇ ਹਨ। ਜੀਵਨ ’ਚ ਜੋ ਵੀ ਹਾਂ-ਪੱਖੀ ਹੈ, ਉਸ ਨੂੰ ਲੱਭੋ ਤੇ ਉਸ ’ਤੇ ਮਾਣ ਕਰੋ। ਜੇ ਸਾਡੇ ਆਲੇ-ਦੁਆਲੇ ਕੋਈ ਤਣਾਅ ਤੋਂ ਪੀੜਤ ਜਾਪਦਾ ਹੈ ਤਾਂ ਉਸ ਦੀ ਮਦਦ ਕਰੋ ਅਤੇ ਉਸ ਨੂੰ ਤਣਾਅ ਦੀ ਸਥਿਤੀ ’ਚੋਂ ਬਾਹਰ ਕੱਢਣ ਵਿਚ ਮਦਦ ਕਰੋ। ਜ਼ਿੰਦਗੀ ’ਚ ਤਣਾਅ ਨਹੀਂ, ਹਮੇਸ਼ਾ ਖ਼ੁਸ਼ੀਆਂ ਨੂੰ ਜਗ੍ਹਾ ਦਿਉ। •