29 ਜੁਲਾਈ 2024 (ਪੰਜਾਬੀ ਖਬਰਨਾਮਾ) : ਭਾਰਤੀ ਡਾਕ ਵਿਭਾਗ ਨੇ ਇੰਡੀਆ ਪੋਸਟ ਪੇਮੈਂਟਸ ਬੈਂਕ ‘ਚ 396 ਰੁਪਏ ਪ੍ਰਤੀ ਸਾਲ ਦੀ ਕੀਮਤ ‘ਤੇ ਦੁਰਘਟਨਾ ਪਾਲਿਸੀ ਜਾਰੀ ਕੀਤੀ ਹੈ। ਇਸ ਬੀਮਾ ਪਾਲਿਸੀ ‘ਚ ਹਾਦਸੇ ‘ਚ ਮੌਤ, ਸਥਾਈ ਅਪੰਗਤਾ, ਅੰਸ਼ਕ ਅਪੰਗਤਾ, ਅੰਗ ਖਰਾਬ ਹੋਣ ਜਾਂ ਅਧਰੰਗ ਦੀ ਸਥਿਤੀ ‘ਚ 10 ਲੱਖ ਰੁਪਏ ਤਕ ਦਾ ਦਾਅਵਾ ਪ੍ਰਦਾਨ ਕੀਤਾ ਜਾਵੇਗਾ।
ਬੀਮਾ ਪਾਲਿਸੀ ਬਾਰੇ ਜਾਣੋ…
ਹਾਦਸੇ ‘ਚ ਸ਼ਿਕਾਰ ਹੋਣ ‘ਤੇ ਹਸਪਤਾਲ ‘ਚ ਦਾਖਲ ਬੀਮਾ ਧਾਰਕ ਵਿਅਕਤੀ ਨੂੰ ਆਈਪੀਡੀ ਇਲਾਜ ਦੇ ਖਰਚੇ ਲਈ 60,000 ਰੁਪਏ, ਡਰੈਸਿੰਗ ਤੇ ਓਪੀਡੀ ਇਲਾਜ ਦੇ ਖਰਚੇ ਲਈ 30,000 ਰੁਪਏ ਦੀ ਰਕਮ ਪ੍ਰਦਾਨ ਕੀਤੀ ਜਾਵੇਗੀ।
ਹਸਪਤਾਲ ‘ਚ ਭਰਤੀ ਹੋਣ ਦੀ ਸੂਰਤ ‘ਚ 60 ਹਜ਼ਾਰ ਰੁਪਏ ਤੋਂ ਇਲਾਵਾ 10 ਦਿਨਾਂ ਲਈ ਪ੍ਰਤੀ ਦਿਨ 1000 ਰੁਪਏ ਵੀ ਦਿੱਤੇ ਜਾਣਗੇ। ਜੇਕਰ ਬੀਮਾਯੁਕਤ ਵਿਅਕਤੀ ਦਾ ਪਰਿਵਾਰ ਕਿਸੇ ਹੋਰ ਸ਼ਹਿਰ ‘ਚ ਰਹਿੰਦਾ ਹੈ ਤਾਂ ਉਸ ਦੇ ਆਉਣ ਲਈ ਵੱਧ ਤੋਂ ਵੱਧ 25,000 ਰੁਪਏ ਤਕ ਦੀ ਟਿਕਟ ਦੀ ਕੀਮਤ ਅਦਾ ਕੀਤੀ ਜਾਵੇਗੀ।
ਬਦਕਿਸਮਤੀ ਨਾਲ ਜੇਕਰ ਬੀਮਾ ਧਾਰਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਪਾਲਿਸੀ ਤਹਿਤ 5,000 ਰੁਪਏ ਅੰਤਿਮ ਸੰਸਕਾਰ ਲਈ ਦੇਣ ਦੀ ਵਿਵਸਥਾ ਵੀ ਹੈ। ਇਸ ਦੇ ਨਾਲ ਹੀ ਬੀਮੇ ਵਾਲੇ ਦੀ ਮੌਤ ਹੋਣ ‘ਤੇ 10 ਲੱਖ ਰੁਪਏ ਦੀ ਬੀਮੇ ਦੀ ਰਕਮ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਲਈ 1 ਲੱਖ ਰੁਪਏ ਦੀ ਵੱਖਰੀ ਰਾਸ਼ੀ ਦੇਣ ਦੀ ਯੋਜਨਾ ਹੈ।
ਸਕੀਮ ਦੇ ਸਬੰਧ ‘ਚ ਭਾਰਤੀ ਡਾਕ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ‘ਤੇ ਡਾਕਘਰਾਂ ‘ਚ ਮੈਗਾ ਕੈਂਪ ਲਗਾਏ ਜਾਣਗੇ। ਇਹ ਸਹੂਲਤ ਕਿਸੇ ਵੀ ਨਜ਼ਦੀਕੀ ਡਾਕਘਰ ‘ਚ ਪੋਸਟਮੈਨ ਤੋਂ ਲਈ ਜਾ ਸਕਦੀ ਹੈ।