(ਪੰਜਾਬੀ ਖਬਰਨਾਮਾ) 27 ਮਈ : ਲੋਕ ਸਭਾ ਚੋਣਾਂ ਹੁਣ ਸਮਾਪਤੀ ਵੱਲ ਹਨ ਤੇ ਸਾਰੀਆਂ ਪਾਰਟੀਆਂ ਠੋਕ ਕੇ ਦਾਅਵੇ ਕਰ ਰਹੀਆਂ ਹਨ। ਦਿਲਚਸਪ ਤੱਥ ਇਹ ਹੈ ਕਿ ਚੋਣ ਮੈਨੀਫੈਸਟੋ ’ਚ ਭਾਵੇਂ ਕੁਝ ਵੀ ਕਿਹਾ ਗਿਆ ਹੋਵੇ ਪਰ ਜੇ ਕੋਈ ਇਕ ਮੁੱਦਾ ਚੋਣਾਂ ’ਚ ਸਭ ਤੋਂ ਜ਼ਿਆਦਾ ਭਾਰੂ ਰਿਹਾ ਤਾਂ ਉਹ ਹੈ ਰਾਖਵਾਂਕਰਨ ਦਾ ਮੁੱਦਾ। ਹਾਲ ਹੀ ’ਚ ਕਲਕੱਤਾ ਹਾਈ ਕੋਰਟ ਦੇ ਫ਼ੈਸਲੇ ’ਚ ਬੰਗਾਲ ਸਰਕਾਰ ਦੀ ਓਬੀਸੀ ਦੀ ਇਕ ਸੂਚੀ ਨੂੰ ਗ਼ੈਰ-ਕਾਨੂੰਨੀ ਦੱਸੇ ਜਾਣ ਤੋਂ ਬਾਅਦ ਗਰਮੀ ਹੋਰ ਵਧੀ ਹੈ। ਭਾਜਪਾ ਦੇ ਸਭ ਤੋਂ ਵੱਡੇ ਸਟਾਰ ਪ੍ਰਚਾਰਕ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਚੋਣ ਮੁਹਿੰਮ ਦੌਰਾਨ ਇਹ ਸਪਸ਼ਟ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੇ ਕਿ ਵਿਰੋਧੀ ਧਿਰ ਦੀ ਨੀਅਤ ਠੀਕ ਨਹੀਂ ਹੈ। ਦੋ ਮਹੀਨਿਆਂ ਤੋਂ ਜ਼ਿਆਦਾ ਦੀ ਮਿਆਦ ਤੱਕ ਚੱਲਣ ਵਾਲੀਆਂ ਇਨ੍ਹਾਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨੇ ਦੂਜੀ ਵਾਰ ‘ਦੈਨਿਕ ਜਾਗਰਣ’ ਦੇ ਰਾਜਨੀਤਕ ਸੰਪਾਦਕ ਆਸ਼ੂਤੋਸ਼ ਝਾਅ ਨਾਲ ਕੁਝ ਮੁੱਦਿਆਂ ’ਤੇ ਗੱਲ ਕੀਤੀ। ਪੇਸ਼ ਹਨ ਮੁੱਖ ਅੰਸ਼ :

 ਚੋਣਾਂ ਲਗਪਗ ਮੁਕੰਮਲ ਹੋ ਗਈਆਂ ਹਨ। ਤੁਸੀਂ ਕਾਫ਼ੀ ਲੰਬਾ ਪ੍ਰਚਾਰ ਕੀਤਾ ਹੈ। ਕੀ ਤੁਸੀਂ ਸੰਤੁਸ਼ਟ ਹੋ ਕਿ ਤੁਹਾਡੀ ਗੱਲ ਲੋਕਾਂ ਤੱਕ ਪੁੱਜ ਗਈ? ਹੁਣ ਭਾਜਪਾ ਨੂੰ ਮਿਲਣ ਵਾਲੀਆਂ ਸੀਟਾਂ ਦਾ ਕੋਈ ਠੋਸ ਅੰਕੜਾ ਦਿਓਗੇ?

ਚੋਣਾਂ ਨੂੰ ਮੈਂ ਇਕ ਉਤਸਵ ਵਾਂਗ ਦੇਖਦਾ ਹਾਂ। ਮੇਰੇ ਲਈ ਇਹ ਪੂਰੇ ਦੇਸ਼ ’ਚ ਜਨਤਾ ਜਨਾਰਦਨ ਦੇ ਦਰਸ਼ਨ ਦਾ ਮੌਕਾ ਹੈ। ਇੰਨੀ ਵੱਡੀ ਗਿਣਤੀ ’ਚ ਲੋਕਾਂ ਨੂੰ ਮਿਲਣਾ, ਗੱਲਬਾਤ ਕਰਨਾ, ਉਨ੍ਹਾਂ ਨਾਲ ਸਮਾਂ ਬਿਤਾਉਣਾ, ਇਸ ਨਾਲ ਅਨੇਕਾਂ ਨਵੇਂ ਤਜਰਬੇ ਹੁੰਦੇ ਹਨ। ਇਸ ਵਾਰ ਦੀਆਂ ਚੋਣਾਂ ’ਚ ਮੈਂ ਦੇਸ਼ ਦੀ ਹਰ ਦਿਸ਼ਾ ਯਾਨੀ ਉੱਤਰ, ਦੱਖਣ, ਪੂਰਬ ਤੇ ਪੱਛਮ ’ਚ ਬਹੁਤ ਦੌਰੇ ਕੀਤੇ। ਮੈਂ ਨਾਰਥ-ਈਸਟ ’ਚ ਕਈ ਵਾਰ ਗਿਆ। ਇਸ ਦੌਰਾਨ ਮੈਂ ਜਿੱਥੇ ਵੀ ਗਿਆ, ਉੱਥੇ ਜਨਤਾ ਦਾ ਭਾਰੀ ਸਮਰਥਨ ਮਿਲਿਆ।

ਲੋਕ ਹਮਾਇਤ ਤੇ ਜਨਤਾ ਦਾ ਪਿਆਰ ਮੈਨੂੰ 2014 ਤੇ 2019 ਦੀਆਂ ਚੋਣਾਂ ’ਚ ਵੀ ਮਿਲਿਆ ਸੀ ਪਰ ਇਸ ਵਾਰ ਲੋਕਾਂ ਦਾ ਉਤਸ਼ਾਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੈ। ਇਸ ਦੀ ਇਕ ਖ਼ਾਸ ਵਜ੍ਹਾ ਹੈ। ਲੋਕਾਂ ਨੂੰ ਭਾਜਪਾ ਤੋਂ 2014 ’ਚ ਇਕ ਉਮੀਦ ਸੀ, 2019 ’ਚ ਇਕ ਵਿਸ਼ਵਾਸ ਸੀ ਤੇ 2024 ’ਚ ਇਕ ਗਾਰੰਟੀ ਹੈ। ਲੋਕਾਂ ਨੂੰ ਭਰੋਸਾ ਹੈ ਕਿ ਕੰਮ ਤਾਂ ਮੋਦੀ ਹੀ ਕਰਨਗੇ। ਵਿਕਸਿਤ ਭਾਰਤ ਬਣਾਉਣ ਦੀ ਵਚਨਬੱਧਤਾ ਸਿਰਫ਼ ਭਾਜਪਾ ’ਚ ਹੈ।

ਤੁਸੀਂ ਸੀਟਾਂ ਦਾ ਅੰਕੜਾ ਪੁੱਛ ਰਹੇ ਹੋ ਤਾਂ ਜਿਹੜੀ ਸੰਖਿਆ ਅਸੀਂ ਚੋਣ ਮੁਹਿੰਮ ਦੇ ਸ਼ੁਰੂ ’ਚ ਦਿੱਤੀ ਸੀ, ਉਹੀ ਹੁਣ ਵੀ ਹੈ। ਪਹਿਲੇ ਗੇੜ ਤੋਂ ਲੈ ਕੇ ਹੁਣ ਤੱਕ ਹਰ ਵੋਟਰ 400 ਪਾਰ ਦੇ ਨਾਅਰੇ ’ਤੇ ਹੀ ਚਰਚਾ ਕਰ ਰਿਹਾ ਹੈ। 400 ਪਾਰ ਦਾ ਅੰਕੜਾ ਜਨਤਾ ’ਚੋਂ ਆਇਆ ਹੈ ਤੇ ਇਸ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਅਪਣਾ ਲਿਆ ਹੈ। ਦੇਸ਼ ਦੀ ਜਨਤਾ 400 ਪਾਰ ਦੇ ਨਾਅਰੇ ਨੂੰ ਸੱਚ ਕਰ ਕੇ ਦਿਖਾਏਗੀ।

– ਇਸ ਵਾਰ ਤੁਹਾਡਾ ਇਕ ਨਵਾਂ ਰੂਪ ਨਜ਼ਰ ਆਇਆ। ਜਿਸ ਤਰ੍ਹਾਂ ਤੁਸੀਂ ਮੀਡੀਆ ਨਾਲ ਗੱਲਬਾਤ ਵਧਾਈ ਤੇ ਇਕ ਰਿਪੋਰਟਰਸ ਪੀਐੱਮ ਵਜੋਂ ਹਰੇਕ ਚਾਹਵਾਨ ਪੱਤਰਕਾਰ ਨੂੰ ਸਮਾਂ ਦਿੱਤਾ, ਇਸ ਦੀ ਰਣਨੀਤੀ ਕੀ ਸੀ?

– ਹਰੇਕ ਚੋਣ ’ਚ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਮੀਡੀਆ ਦੇ ਜ਼ਿਆਦਾ ਤੋਂ ਜ਼ਿਆਦਾ ਸਾਥੀਆਂ ਨਾਲ ਗੱਲ ਕਰ ਸਕਾਂ, ਇੰਟਰਵਿਊ ਦੇ ਸਕਾਂ। 2014 ਤੇ 2019 ’ਚ ਵੀ ਮੈਂ ਇਹ ਕੋਸ਼ਿਸ਼ ਕੀਤੀ ਸੀ। ਮੀਡੀਆ ਦੇ ਸਾਥੀਆਂ ਤੋਂ ਮੈਨੂੰ ਬਹੁਮੁੱਲਾ ਫੀਡਬੈਕ ਮਿਲਦਾ ਹੈ। ਇਹ ਜਨਤਾ ਕੋਲ ਆਪਣੀ ਗੱਲ ਪਹੁੰਚਾਉਣ ਦਾ ਵਧੀਆ ਜ਼ਰੀਆ ਹੁੰਦਾ ਹੈ। ਦੂਜੇ ਪਾਸੇ, ਤੁਸੀਂ ਦੇਖੋ ਕਿ ਮੀਡੀਆ ਬਾਰੇ ‘ਸ਼ਹਿਜ਼ਾਦੇ’ ਦੀ ਭਾਸ਼ਾ ਦਾ ਪੱਧਰ ਕਿੰਨਾ ਡਿਗਦਾ ਜਾ ਰਿਹਾ ਹੈ। ਉਨ੍ਹਾਂ ਨੇ ਹੁਣ ਮੀਡੀਆ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੇ ਮਨ ’ਚ ਮੋਦੀ ਲਈ ਇੰਨੀ ਨਫ਼ਰਤ ਭਰ ਗਈ ਹੈ ਕਿ ਜਿਹੜੇ ਲੋਕ ਮੇਰੇ ਨਾਲ ਗੱਲਬਾਤ ਕਰਨ ਲਈ ਆ ਰਹੇ ਹਨ, ਉਨ੍ਹਾਂ ਖ਼ਿਲਾਫ਼ ਗ਼ਲਤ ਭਾਸ਼ਾ ਵਰਤਣ ਲੱਗੇ ਹਨ।

– ਬੰਗਾਲ ’ਚ ਓਬੀਸੀ ਬਾਰੇ ਹਾਈ ਕੋਰਟ ਦਾ ਇਕ ਫ਼ੈਸਲਾ ਆਇਆ ਹੈ, ਜਿਸ ’ਚ ਸੂਬਾ ਸਰਕਾਰ ਦੀ ਇਕ ਸੂਚੀ ਰੱਦ ਕਰ ਦਿੱਤੀ ਗਈ। ਮਮਤਾ ਬੈਨਰਜੀ ਕਹਿ ਰਹੇ ਹਨ ਕਿ ਇਹ ਭਾਜਪਾ ਨੇ ਕਰਵਾਇਆ ਹੈ। ਕਹਿ ਰਹੇ ਹਨ ਕਿ ਕੋਰਟ ’ਚ ਭਾਜਪਾ ਤੇ ਆਰਐੱਸਐੱਸ ਦੇ ਲੋਕਾਂ ਦਾ ਜਮਾਵੜਾ ਹੈ। ਤੁਸੀਂ ਇਸ ’ਤੇ ਕੀ ਕਹੋਗੇ?

– ਮਮਤਾ ਬੈਨਰਜੀ ਕੀ ਕਹਿ ਰਹੇ ਹਨ, ਇਹ ਮਹੱਤਵਪੂਰਨ ਨਹੀਂ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕੋਰਟ ਨੇ ਕੀ ਕਿਹਾ ਹੈ। ਕੋਰਟ ਨੇ ਇਸ ਨੂੰ ਪੂਰੀ ਤਰ੍ਹਾਂ ਗ਼ੈਰ-ਸੰਵਿਧਾਨਕ ਤੇ ਗ਼ੈਰ-ਕਾਨੂੰਨੀ ਦੱਸਿਆ ਹੈ। ਚੰਗੀ ਗੱਲ ਇਹ ਹੋਈ ਕਿ ਇਹ ਫ਼ੈਸਲਾ ਉਦੋਂ ਆਇਆ ਜਦੋਂ ਦੇਸ਼ ’ਚ ਇਸ ਬਾਰੇ ਚਰਚਾ ਛਿੜੀ ਹੋਈ ਹੈ। ਦੇਸ਼ ਦਾ ਜਿਹੜਾ ਓਬੀਸੀ-ਐੱਸਸੀ-ਐੱਸਟੀ ਸਮਾਜ ਹੈ, ਉਹ ਬਹੁਤ ਦੁਖੀ ਹਨ। ਉਨ੍ਹਾਂ ’ਚ ਬਹੁਤ ਗੁੱਸਾ ਹੈ। ਜਿਹੜਾ ਹੱਕ ਬਾਬਾ ਸਾਹਿਬ ਦੇ ਸੰਵਿਧਾਨ ਨੇ ਉਨ੍ਹਾਂ ਨੂੰ ਦਿੱਤਾ ਹੈ, ਉਹ ਕੋਈ ਵੀ ਸਰਕਾਰ ਉਨ੍ਹਾਂ ਤੋਂ ਖੋਹ ਕੇ ਮੁਸਲਮਾਨਾਂ ਨੂੰ ਨਹੀਂ ਦੇ ਸਕਦੀ।

ਮਮਤਾ ਬੈਨਰਜੀ ਦੀ ਸਰਕਾਰ ਦਾ ਜਿਹੜਾ ਪਾਪ ਹੈ, ਜਿਹੜੀ ਪੱਛੜਿਆਂ ਪ੍ਰਤੀ ਬੇਇਨਸਾਫ਼ੀ ਹੈ, ਉਸ ਨੂੰ ਰੰਗੇ ਹੱਥੀਂ ਫੜ ਲਿਆ ਗਿਆ ਹੈ ਤੇ ਦੇਸ਼ ਭਰ ’ਚ ਇਨ੍ਹਾਂ ਲੋਕਾਂ ਦੇ ਚਿਹਰੇ ਬੇਨਕਾਬ ਹੋ ਗਏ ਹਨ ਤਾਂ ਥੋੜ੍ਹੀ ਬੁਖਲਾਹਟ ਤਾਂ ਰਹੇਗੀ ਹੀ। ਇਹ ਤਾਂ ਪੱਕਾ ਹੈ ਕਿ ਦੇਸ਼ ਭਰ ਦਾ ਪੱਛੜਾ, ਦਲਿਤ, ਵਾਂਝਾ ਤੇ ਆਦਿਵਾਸੀ ਸਮਾਜ ਉਨ੍ਹਾਂ ਨੂੰ ਮਾਫ਼ ਨਹੀਂ ਕਰੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।