(ਪੰਜਾਬੀ ਖਬਰਨਾਮਾ) 27 ਮਈ : ਬਤੌਰ ਪ੍ਰਧਾਨ ਮੰਤਰੀ ਪੂਰੇ ਦੇਸ਼ ਦੀ ਚਿੰਤਾ ਪਰ ਸੰਸਦੀ ਹਲਕੇ ਵਾਰਾਨਸੀ ਦੀ ਗੱਲ ਆਉਂਦੇ ਹੀ ਭਾਵੁਕਤਾ ਤੇ ਆਪਣਾਪਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਇੱਕੋ ਵਾਰੀ ਨਜ਼ਰ ਆਉਂਦਾ ਹੈ। ਇਹ ਪ੍ਰਗਟਾਵਾ ਕਈ ਲੋਕਾਂ ਲਈ ਸਬਕ ਹੋ ਸਕਦਾ ਹੈ। ਖ਼ਾਸਕਰ ਉਦੋਂ ਜਦੋਂ ਚੋਣਾਂ ਵਿਚ ਵੱਡੀ ਗਿਣਤੀ ਵਿਚ ਉਮੀਦਵਾਰਾਂ ਨੂੰ ਲੈ ਕੇ ਉਨ੍ਹਾਂ ਦੇ ਹਲਕਿਆਂ ਵਿਚ ਬੇਚੈਨੀ ਨਜ਼ਰ ਆ ਰਹੀ ਹੋਵੇ। ਹੁਣ ਚੋਣ ਉਸ ਮੋੜ ’ਤੇ ਪਹੁੰਚ ਗਿਆ ਹੈ ਕਿ ਉਥੇ ਸਟਾਰ ਪ੍ਰਚਾਰਕ ਖ਼ੁਦ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਦੇ ਨਾਂ ਤੇ ਅਕਸ ’ਤੇ ਸਿਰਫ਼ ਭਾਜਪਾ ਦੇ ਹੀ ਨਹੀਂ ਸਗੋਂ ਐੱਨਡੀਏ ਦੇ ਸਹਿਯੋਗੀ ਦਲਾਂ ਦੇ ਕਈ ਉਮੀਦਵਾਰ ਵੀ ਜਿੱਤ ਦੀ ਆਸ ਲਗਾ ਕੇ ਬੈਠੇ ਹਨ। ਦੈਨਿਕ ਜਾਗਰਣ ਦੇ ਸਿਆਸੀ ਸੰਪਾਦਕ ਆਸ਼ੂਤੋਸ਼ ਝਾਅ ਨਾਲ ਪ੍ਰਧਾਨ ਮੰਤਰੀ ਮੋਦੀ ਵਾਰਾਨਸੀ ਦੇ ਮੁੱਦਿਆਂ ਦੀ ਗੱਲ ਕਰਦੇ ਹਨ ਤਾਂ ਲੱਗਦਾ ਹੈ ਕਿ ਦਸ ਸਾਲਾਂ ਵਿਚ ਉਨ੍ਹਾਂ ਨੂੰ ਕਾਸ਼ੀ ਦੀ ਹਰ ਗਲੀ ਯਾਦ ਹੋ ਗਈ ਹੈ। ਉਹ ਕਹਿੰਦੇ ਹਨ-ਬਨਾਰਸ ਕੁਝ ਖ਼ਾਸ ਹੈ। ਜਿਵੇਂ ਤੁਸੀਂ ਕਿਤੇ ਵੀ ਚਲੇ ਜਾਓ ਪਰ ਜਦੋਂ ਤੁਸੀਂ ਘਰ ਪਹੁੰਚਦੇ ਹੋ ਤਾਂ ਆਪਣੀ ਮਾਂ ਕੋਲ ਪਹੁੰਚਦੇ ਹੀ ਅਲੱਗ ਤਰ੍ਹਾਂ ਦਾ ਸਕੂਨ ਮਿਲਦਾ ਹੈ। ਉਵੇਂ ਹੀ ਬਨਾਰਸ ਮੇਰੇ ਲਈ ਮਾਂ ਹੈ, ਉਥੇ ਮਾਂ ਗੰਗਾ ਹੈ। 

* ਇਹ ਲਗਾਤਾਰ ਦੇਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਹੁੰਦੇ ਹੋਏ ਵੀ ਤੁਸੀਂ ਚੋਣ ਮੀਟਿੰਗਾਂ ਕਰਦੇ ਹੋ। ਅਜਿਹਾ ਇਸ ਲਈ ਕਿ ਤੁਸੀਂ ਲੋਕਾਂ ਵਿਚਾਲੇ ਜਾਣਾ ਪਸੰਦ ਕਰਦੇ ਹੋ ਜਾਂ ਮਹਿਸੂਸ ਕਰਦੇ ਹੋ ਕਿ ਜਿੱਤ ਲਈ ਇਹ ਜ਼ਿੰਮੇਵਾਰੀ ਨਿਭਾਉਣੀ ਪਵੇਗੀ?

– ਲੋਕਤੰਤਰ ਵਿਚ ਚੋਣਾਂ ਦੀ ਬਹੁਤ ਅਹਿਮ ਭੂਮਿਕਾ ਹੈ। ਲੋਕਤੰਤਰ ਵਿਚ ਜ਼ਰੂਰੀ ਹੈ ਕਿ ਜੋ ਚੁਣੇ ਹੋਏ ਪ੍ਰਤੀਨਿਧੀ ਹਨ, ਉਹ ਲੋਕਾਂ ਤੱਕ ਪਹੁੰਚਣ, ਉਨ੍ਹਾਂ ਨੂੰ ਆਪਣਾ ਕੰਮ ਦੱਸਣ। ਉਹ ਫੀਡਬੈਕ ਲੈਣ ਤੇ ਫਿਰ ਜਨਤਾ ਦੀਆਂ ਜ਼ਰੂਰਤਾਂ ਮੁਤਾਬਕ ਕੰਮ ਕਰਨ ਦਾ ਸੰਕਲਪ ਲੈਣ। ਦੇਸ਼ ਦੇ ਕੋਲ ਪਹਿਲੀ ਵਾਰ ਅਜਿਹੀ ਸਰਕਾਰ ਦੇਖ ਰਹੇ ਹਨ ਜੋ ਕਿ ਆਪਣਾ ਰਿਪੋਰਟ ਕਾਰਡ ਲੈ ਕੇ ਜਨਤਾ ਕੋਲ ਜਾਂਦੀ ਹੈ। ਸਾਡੇ ਲਈ ਇਕ-ਇਕ ਵੋਟ ਸਾਡੇ ਕੰਮ ’ਤੇ ਜਨਤਾ ਦੀ ਮੋਹਰ ਹੈ। ਇਸ ਦੇਸ਼ ’ਚ 10 ਸਾਲਾਂ ਤੱਕ ਅਜਿਹੇ ਪ੍ਰਧਾਨ ਮੰਤਰੀ ਰਹੇ ਹਨ ਜੋ ਕਿ ਚੁਣੇ ਹੋਏ ਪ੍ਰਧਾਨ ਮੰਤਰੀ ਨਹੀਂ ਸਨ। ਉਨ੍ਹਾਂ ਲਈ ਚੋਣਾਂ, ਵੋਟਾਂ ਮੰਗਣਾ ਤੇ ਲੋਕਾਂ ਨਾਲ ਮਿਲਣਾ ਮਹੱਤਵਪੂਰਨ ਨਹੀਂ ਸੀ। ਹੁਣ ਮੈਂ ਪ੍ਰਧਾਨ ਮੰਤਰੀ ਤਾਂ ਹਾਂ ਪਰ ਭਾਜਪਾ ਦਾ ਆਗੂ ਵੀ ਹਾਂ। ਮੈਂ ਆਪਣੇ ਫਰਜ਼ ਨਿਭਾ ਰਿਹਾ ਹਾਂ।

* ਉਂਝ ਤਾਂ ਤੁਸੀਂ ਪੂਰੇ ਦੇਸ਼ ’ਚ ਰੈਲੀਆਂ ਤੇ ਰੋਡ ਸ਼ੋਅ ਕਰ ਰਹੇ ਹੋ ਪਰ ਜਦੋਂ ਆਪਣੇ ਸੰਸਦੀ ਹਲਕੇ ਵਾਰਾਨਸੀ ਪਹੁੰਚਦੇ ਹੋ, ਉਥੇ ਰੋਡ ਸ਼ੋਅ ਜਾਂ ਰੈਲੀ ਕਰਦੇ ਹੋ ਤਾਂ ਉਹ ਬਾਕੀ ਹਲਕਿਆਂ ਨਾਲੋਂ ਕਿਵੇਂ ਵੱਖ ਹੁੰਦਾ ਹੈ?

– (ਥੋੜ੍ਹਾ ਮੁਸਕੁਰਾਂਦੇ ਹੋਏ) ਬਨਾਰਸ ਕੁਝ ਖ਼ਾਸ ਹੈ। ਜਿਵੇਂ ਤੁਸੀਂ ਕਿਤੇ ਵੀ ਚਲੇ ਜਾਓ ਪਰ ਜਦੋਂ ਤੁਸੀਂ ਘਰ ਪਹੁੰਚਦੇ ਹੋ ਤਾਂ ਆਪਣੀ ਮਾਂ ਕੋਲ ਪਹੁੰਚਦੇ ਹੀ ਅਲੱਗ ਤਰ੍ਹਾਂ ਦਾ ਸਕੂਨ ਮਿਲਦਾ ਹੈ। ਇਵੇਂ ਹੀ ਬਨਾਰਸ ਮੇਰੇ ਲਈ ਮਾਂ ਹੈ, ਉਥੇ ਗੰਗਾ ਮਾਂ ਵੀ ਹੈ। ਜਦੋਂ ਵੀ ਮੈਂ ਬਨਾਰਸ ਜਾਂਦਾ ਹਾਂ ਤਾਂ ਮੈਨੂੰ ਵੱਖਰੇ ਤਰ੍ਹਾਂ ਦਾ ਆਪਣਾਪਣ ਤੇ ਮੋਹ ਮਿਲਦਾ ਹੈ। ਮੈਂ ਉਥੋਂ ਦਾ ਪ੍ਰਤੀਨਿਧੀ ਹਾਂ, ਲੋਕਾਂ ਕੋਲੋਂ ਵੋਟਾਂ ਮੰਗਦਾ ਹਾਂ ਤੇ ਲੋਕ ਸਮਰਥਨ ਦਿੰਦੇ ਹਨ। ਕਾਸ਼ੀ ਬਹੁ-ਸੱਭਿਆਚਾਰੀ ਨਗਰੀ ਹੈ। ਤੁਸੀਂ ਜਦੋਂ ਰੋਡ ਸ਼ੋਅ ਦੌਰਾਨ ਵੱਖ-ਵੱਖ ਮੁਹੱਲਿਆਂ ਵਿੱਚੋਂ ਨਿਕਲਦੇ ਹੋ ਤਾਂ ਇਹ ਸਾਫ਼ ਨਜ਼ਰ ਆਉਂਦਾ ਹੈ। ਹਾਲੇ ਮੈਂ ਨਾਮਜ਼ਦਗੀ ਪੱਤਰ ਭਰ ਕੇ ਆਇਆ ਹਾਂ। ਬੀਐੱਚਯੂ ਦੇ ਲਾਗਿਓਂ ਰੋਡ ਸ਼ੋਅ ਸ਼ੁਰੂ ਹੋਇਆ, ਉਥੇ ਬਿਹਾਰ ਸਮੇਤ ਪੂਰਬੀ ਭਾਰਤ ਦੇ ਅਨੇਕ ਪਰਿਵਾਰ ਰਹਿੰਦੇ ਹਨ। ਅੱਗੇ ਵਧਣ ’ਤੇ ਅੱਸੀ ਮੁਹੱਲਾ ਹੈ, ਉਥੇ ਤੁਹਾਨੂੰ ਦੱਖਣ ਭਾਰਤ ਨਾਲ ਜੁੜੇ ਅਨੇਕ ਮੱਠ ਤੇ ਆਸ਼ਰਮ ਮਿਲ ਜਾਣਗੇ। ਇਸੇ ਰਸਤੇ ਕਾਂਚੀ ਕਾਮਕੋਟੀਸ਼ਵਰ ਮੱਠ ਹੈ। ਕੇਦਾਰ ਘਾਟ ’ਤੇ ਉੱਤਰਾਖੰਡ ਦੀ ਸ਼ੈਲੀ ਵਿਚ ਬਣੇ ਮੰਦਰ ਹਨ। ਉਹ ਘਾਟ ਹਨ ਜੋ ਕਿ ਰਾਜਸਥਾਨ ਦੇ ਰਾਜਿਆਂ ਨੇ ਬਣਵਾਏ ਸਨ। ਕਾਸ਼ੀ ਦੇ ਰੋਡ ਸ਼ੋਅ ਤੇ ਮੀਟਿੰਗਾਂ ਵਿਚ ਪੂਰੇ ਭਾਰਤ ਦੇ ਸੱਭਿਆਚਾਰ ਦਾ ਸੰਗਮ ਹੁੰਦਾ ਹੈ। ਮੇਰੇ ਲਈ ਇਹ ‘ਇਕ ਭਾਰਤ-ਸ਼੍ਰੇਸ਼ਠ ਭਾਰਤ’ ਦਾ ਸਭ ਤੋਂ ਤਾਕਤਵਰ ਰੂਪ ਹੈ।

* ਜਦੋਂ ਤੁਸੀਂ ਦਸ ਸਾਲ ਪਹਿਲਾਂ ਬਨਾਰਸ ਆਏ ਤਾਂ ਕਿਹਾ ਕਿ ਮੈਨੂੰ ਮਾਂ ਗੰਗਾ ਨੇ ਬੁਲਾਇਆ ਹੈ। ਫਿਰ ਤੁਸੀਂ ਕਿਹਾ ਕਿ ਮਾਂ ਗੰਗਾ ਨੇ ਮੈਨੂੰ ਗੋਦ ਲੈ ਲਿਆ ਹੈ। ਆਪਣੀ ਜ਼ਿੰਦਗੀ ਵਿਚ ਮਾਂ ਗੰਗਾ ਦੇ ਪ੍ਰਭਾਵ ਬਾਰੇ ਕੀ ਕਹੋਗੇ?

– (ਥੋੜ੍ਹਾ ਚੁੱਪ ਹੋਣ ਮਗਰੋਂ) ਉਨ੍ਹਾਂ ਕਿਹਾ ਕਿ ਕਾਸ਼ੀ ਵਿਚ ਕੁਝ ਇਹੋ-ਜਿਹਾ ਹੈ ਜੋ ਕਿ ਸ਼ਬਦਾਂ ਵਿਚ ਬਿਆਨ ਨਹੀਂ ਹੋ ਸਕਦਾ। ਜਿਸ ਨਗਰੀ ਵਿਚ ਗੰਗਾ ਦਾ ਨਿੱਤ ਪ੍ਰਵਾਹ ਹੁੰਦਾ ਹੋਵੇ, ਬਾਬਾ ਵਿਸ਼ਵਨਾਥ ਦਾ ਅਭੈਦਾਨ ਹੋਵੇ ਤੇ ਮਾਤਾ ਅੰਨਾਪੂਰਨਾ ਦੀ ਖ਼ੁਸ਼ਹਾਲੀ ਹੋਵੇ, ਉਥੇ ਕਾਸ਼ੀ ਹੈ। ਜਦੋਂ ਮੈਂ ਇੱਥੇ ਆਇਆ ਸੀ ਤਾਂ ਜਨ ਪ੍ਰਤੀਨਿਧੀ ਦੇ ਰੂਪ ਵਿਚ ਸੀ। ਹੁਣ ਪਰਿਵਾਰ ਦੇ ਪ੍ਰਤੀਨਿਧੀ ਦੇ ਰੂਪ ਵਿਚ ਹਾਂ। ਇਸ ਲਈ ਮੈਂ ਕਹਿੰਦਾ ਹਾਂ ਕਿ ਕਾਸ਼ੀ ਨੇ ਮੈਨੂੰ ਬਨਾਰਸੀ ਬਣਾ ਦਿੱਤਾ ਹੈ। ਜਦੋਂ ਵੀ ਕਾਸ਼ੀ ਆਉਂਦਾ ਹਾਂ ਤਾਂ ਲੋਕ ਬਹੁਤ ਮੁਹੱਬਤ ਨਾਲ ਮਿਲਦੇ ਹਨ। ਕਾਸ਼ੀ ਪਰਿਵਾਰ ਵਰਗੀ ਲੱਗਦੀ ਹੈ। ਮਾਂ ਗੰਗਾ ਨੇ ਮੈਨੂੰ 10 ਸਾਲ ਪਹਿਲਾਂ ਕਾਸ਼ੀ ਸੱਦਿਆ ਸੀ ਪਰ ਹੁਣ ਜਾਪਦਾ ਹੈ ਕਿ ਉਨ੍ਹਾਂ ਨੇ ਮੈਨੂੰ ਆਪਣਾ ਪੁੱਤਰ ਮੰਨ ਕੇ ਅਪਣਾ ਲਿਆ ਹੈ।

* ਪੰਜਾਬ ’ਚ ਭਾਜਪਾ ਦੀਆਂ ਜੜ੍ਹਾਂ ਨਹੀਂ ਲੱਗ ਸਕੀਆਂ। ਕੀ ਕਹਿਣਾ ਚਾਹੋਗੇ?

– ਪੰਜਾਬ ਵਿਚ ਭਾਜਪਾ ਲਗਭਗ ਤਿੰਨ ਦਹਾਕਿਆਂ ਤੋਂ ਬਿਨਾਂ ਗੱਠਜੋੜ ਕੀਤੇ ਚੋਣ ਮੈਦਾਨ ਵਿਚ ਉਤਰੀ ਹੈ। ਜਦੋਂ ਤੱਕ ਅਸੀਂ ਗੱਠਜੋੜ ਵਿਚ ਰਹੇ ਉਦੋਂ ਤੱਕ ਸਾਡਾ ਦਾਇਰਾ ਸੀਮਤ ਰਿਹਾ। ਅਸੀਂ ਗੱਠਜੋੜ ਧਰਮ ਦੇ ਨਿਯਮਾਂ ਵਿਚ ਬੰਨ੍ਹੇ ਹੋਏ ਸਾਂ। ਉਸ ਸਮੇਂ ਵੀ ਅਸੀਂ ਜਨਤਕ ਭਲਾਈ ਕਰਨ ਤੋਂ ਪਿੱਛੇ ਨਹੀਂ ਹਟੇ ਪਰ ਉਦੋਂ ਸਾਨੂੰ ਪੰਜਾਬ ਦੇ ਹਰ ਜ਼ਿਲ੍ਹੇ, ਹਰ ਪਿੰਡ ਵਿਚ ਵਿਸਥਾਰ ਕਰਨ ਦਾ ਮੌਕਾ ਨਹੀਂ ਮਿਲਿਆ। 2024 ਦੀਆਂ ਚੋਣਾਂ ਵਿਚ ਭਾਜਪਾ ਮੁਲਕ ਤੇ ਪੰਜਾਬ ਦੇ ਵਿਕਾਸ ਦਾ ਨਜ਼ਰੀਆ ਲੈ ਕੇ ਲੋਕਾਂ ਕੋਲ ਜਾ ਰਹੀ ਹੈ। ਪਿਛਲੇ ਦਸ ਸਾਲਾਂ ਵਿਚ ਕੇਂਦਰ ਦੀ ਭਾਜਪਾ ਸਰਕਾਰ ਨੇ ਜੋ ਕੰਮ ਕੀਤੇ ਹਨ, ਉਸ ਤੋਂ ਲੋਕਾਂ ਦਾ ਭਾਜਪਾ ’ਤੇ ਵਿਸ਼ਵਾਸ ਵਧਿਆ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ ਵਿਚ ਵੱਖਰੇ ਤੌਰ ’ਤੇ ਚੋਣ ਲੜ ਰਹੀਆਂ ਹਨ ਪਰ ਦਿੱਲੀ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਮਿਲ ਕੇ ਚੋਣ ਪ੍ਰਚਾਰ ਕਰ ਰਹੀਆਂ ਹਨ। ਉਹ ਪੰਜਾਬ ਵਿਚ ਜੋ ਮਰਜ਼ੀ ਕਹੀ ਜਾਣ ਪਰ ਜਨਤਾ ਸੱਚ ਜਾਣਦੀ ਹੈ।

* ਬਿਹਾਰ ’ਚ ਐੱਨਡੀਏ ਵੱਲੋਂ ਹੁਣ ਵੀ ਜੰਗਲਰਾਜ ਦੀ ਯਾਦ ਕਰਵਾਈ ਜਾਂਦੀ ਹੈ ਜਦਕਿ ਲਾਲੂ ਰਾਜ ਖ਼ਤਮ ਹੋਏ ਨੂੰ 20 ਸਾਲ ਹੋ ਗਏ ਹਨ। ਕੀ ਕਹਿਣਾ ਚਾਹੋਗੇ?

– ਦੁਨੀਆਂ ਵਿਚ ਕਿਸੇ ਵੀ ਚੀਜ਼ ਦੀਆਂ ਖ਼ਰਾਬ ਯਾਦਾਂ ਹੁੰਦੀਆਂ ਹਨ ਤਾਂ ਉਹ ਸਾਲਾਂ ਤੱਕ ਮਨ ਵਿਚ ਰÇੰਹਦੀਆਂ ਹਨ। ਮਿਸਾਲ ਵਜੋਂ ਦੇਸ਼ ਦੇ ਲੋਕ ਐਮਰਜੈਂਸੀ ਦੀਆਂ ਖ਼ੌਫ਼ਨਾਕ ਯਾਦਾਂ ਨੂੰ ਹੁਣ ਤੱਕ ਭੁਲਾ ਨਹੀਂ ਸਕੇ। ਜਦੋਂ ਕਦੇ ਚਰਚਾ ਹੁੰਦੀ ਹੈ ਕਿ ਕੋਈ ਸਰਕਾਰ ਕਿਸ ਤਰ੍ਹਾਂ ਲੋਕਾਂ ਨੂੰ ਦਬਾ ਸਕਦੀ ਹੈ, ਵਿਰੋਧ ਦੀ ਆਵਾਜ਼ ਦਰੜ ਸਕਦੀ ਹੈ ਤਾਂ ਤੁਰੰਤ ਐਮਰਜੈਂਸੀ ਯਾਦ ਆ ਜਾਂਦੀ ਹੈ। ਇਵੇਂ ਹੀ ਜੰਗਲਰਾਜ ਦੀਆਂ ਕੁਝ ਯਾਦਾਂ ਹਨ। ਚਾਹੇ ਕੁਝ ਸਮਾਂ ਬੀਤ ਗਿਆ ਹੋਵੇ ਪਰ ਜੋ ਕੁਝ ਲੋਕਾਂ ਨੇ ਦੇਖਿਆ ਤੇ ਭੁਗਤਿਆ ਹੈ, ਸਹਿਣ ਕੀਤਾ ਹੈ, ਉਹ ਸਭ ਨੂੰ ਯਾਦ ਹੈ। ਲੁੱਟਾਂ, ਕਤਲ, ਡਕੈਤੀਆਂ, ਫ਼ਿਰੌਤੀ, ਖੁੱਲ੍ਹੇਆਮ ਔਰਤਾਂ ਵਿਰੁੱਧ ਜੁਰਮਾਂ ਨੂੰ ਕੋਈ ਨਹੀਂ ਭੁਲਾ ਸਕਦਾ। ਇਸ ਕਰ ਕੇ ਲੋਕਾਂ ਨੇ ਹਿਜਰਤ ਕੀਤੀ ਸੀ ਤੇ ਉਹ 20-30 ਸਾਲਾਂ ਵਿਚ ਬਿਹਾਰ ਤੋਂ ਦੂਰ ਰਹੇ ਹਨ, ਫਿਰ ਵੀ ਉਨ੍ਹਾਂ ਦੇ ਮਨਾਂ ਵਿੱਚੋਂ ਇਹ ਗੱਲਾਂ ਨਿਕਲਦੀਆਂ ਨਹੀਂ ਹਨ। ਜਿਨ੍ਹਾਂ ਨੇ ਇਹ ਸਭ ਦੇਖਿਆ ਸੀ ਜਾਂ ਜਿਹੜੇ ਭੁੱਲ ਗਏ, ਉਨ੍ਹਾਂ ਲੋਕਾਂ ਨੂੰ ਇਨ੍ਹਾਂ ਦੀ ਕੁਝ ਸਮੇਂ ਤੱਕ ਰਹੀ ਸਰਕਾਰ ਨੇ ਸਭ ਕੁਝ ਮੁੜ ਯਾਦ ਕਰਵਾ ਦਿੱਤਾ ਸੀ। ਉਸ ਦੌਰ ਦੀਆਂ ਭਿਆਨਕ ਯਾਦਾਂ ਫਿਰ ਤੋਂ ਤਾਜ਼ਾ ਹੋ ਗਈਆਂ। ਇਨ੍ਹਾਂ ਨੇ ਦਿਖਾ ਦਿੱਤਾ ਕਿ ਜੇ ਫਿਰ ਤੋਂ ਸੱਤਾ ਮਿਲ ਗਈ ਤਾਂ ਉਹ ਪਹਿਲਾਂ ਨਾਲੋਂ ਭਿਆਨਕ ਕੰਮ ਕਰ ਸਕਦੇ ਹਨ। ਹਰ ਰੋਜ਼ ਕਤਲ, ਡਕੈਤੀਆਂ, ਲੁੱਟਾਂ-ਖੋਹਾਂ ਹੋਣਗੀਆਂ, ਇਹੋ-ਜਿਹਾ ਰਾਜ ਹੋਵੇਗਾ ਜਿੱਥੇ ਅਮਨ-ਕਾਨੂੰਨ ਨਹੀਂ ਹੋਵੇਗਾ। ਇਹੋ ਜਿਹਾ ਰਾਜ ਇਹ ਕਰ ਚੁੱਕੇ ਹਨ।

* ਜਿਸ ਤਰ੍ਹਾਂ ਕੌਮਾਂਤਰੀ ਪੱਧਰ ’ਤੇ ਟਕਰਾਅ ਵੱਧ ਰਿਹਾ ਹੈ, ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨ ਸੰਕਟ ਤੇ ਸੰਘਰਸ਼ ਦੇ ਹੋਣਗੇ। ਉਸ ’ਚ ਭਾਰਤ ਦੀ ਗਤੀ ਕਿਹੋ-ਜਿਹੀ ਹੋਵੇਗੀ?

– ਅਸੀਂ ਸਾਰੇ ਦੇਖ ਰਹੇ ਹਾਂ ਕਿ ਦੁਨੀਆ ਇਹੋ-ਜਿਹੇ ਦੌਰ ਵਿੱਚੋਂ ਨਿਕਲ ਰਹੀ ਹੈ। ਪਹਿਲਾਂ ਕੋਵਿਡ ਤੇ ਹੁਣ ਦੋ ਵੱਡੇ ਸੰਘਰਸ਼ ਚੱਲ ਰਹੇ ਹਨ। ਇਨ੍ਹਾਂ ਦਾ ਅਸਰ ਵੱਖ-ਵੱਖ ਸੈਕਟਰਾਂ ’ਤੇ ਪਿਆ ਹੈ। ਖ਼ਾਸਕਰ ਖਾਣਾ, ਤੇਲ ਤੇ ਫਰਟੀਲਾਈਜ਼ਰ ਦੀਆਂ ਕੀਮਤਾਂ ਤਾਂ ਵਧੀਆਂ ਹਨ ਜਾਂ ਇਨ੍ਹਾਂ ਦੀ ਕਿੱਲਤ ਹੈ। ਅਜਿਹਾ ਦੁਨੀਆਂ ਵਿਚ ਸਭ ਥਾੲੀਂ ਹੋਇਆ ਹੈ। ਅਜਿਹੇ ਸਮੇਂ ਵਿਚ ਭਾਰਤ ਨੇ ਇਹ ਤੈਅ ਕੀਤਾ ਹੈ ਕਿ ਖਾਣਾ, ਤੇਲ ਤੇ ਫਰਟੀਲਾਈਜ਼ਰ ਦੀ ਕੋਈ ਕਮੀ ਨਾ ਹੋਵੇ। ਦੁਨੀਆਂ ਵਿਚ ਸੰਘਰਸ਼ ਦੀ ਸਥਿਤੀ ਹੋਰ ਖ਼ਰਾਬ ਹੋ ਸਕਦੀ ਹੈ ਪਰ ਮੇਰਾ ਮੰਨਣਾ ਹੈ ਕਿ ਭਾਰਤ ਲਈ ਵਿਕਾਸ ਦਾ ਸਹੀ ਸਮਾਂ ਆ ਗਿਆ ਹੈ। ਸਾਨੂੰ ਵਿਕਾਸ ਦੀ ਰਫ਼ਤਾਰ ਵਧਾਉਣੀ ਪਵੇਗੀ ਤਾਂ ਜੋ ਵਿਕਸਤ ਭਾਰਤ ਦਾ ਸੁਪਨਾ ਪੂਰਾ ਹੋ ਸਕੇ। ਇਸ ਲਈ ਦੇਸ਼ ਵਿਚ ਇਕ ਸਥਿਰ ਤੇ ਪੂਰਨ ਬਹੁਮਤ ਵਾਲੀ ਸਰਕਾਰ ਬਹੁਤ ਜ਼ਰੂਰੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।