ਪਟਿਆਲਾ (ਪੰਜਾਬੀ ਖਬਰਨਾਮਾ) 24 ਮਈ : ਸਿਰ ’ਤੇ ਕੇਸਰੀ ਪੱਗ, ਸਤਿ ਸ੍ਰੀ ਅਕਾਲ ਅਤੇ ਪੰਜਾਬੀ ਭਾਸ਼ਾ ਵਿਚ ਭਾਸ਼ਣ ਦੀ ਸ਼ੁਰੂਆਤ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਵਿਚ ਹੋਈ ਪਹਿਲੀ ਰੈਲੀ ਦੌਰਾਨ ਪੂਰੇ ਪੰਜਾਬੀ ਅੰਦਾਜ਼ ਵਿਚ ਨਜ਼ਰ ਆਏ। ਜਿਵੇਂ ਹੀ ਪ੍ਰਧਾਨ ਮੰਤਰੀ ਦਸਤਾਰ ’ਚ ਸਜੇ ਹੋਏ ਸਟੇਜ ’ਤੇ ਹੱਥ ਜੋੜ ਕੇ ਸਾਹਮਣੇ ਆਏ ਤਾਂ ਪੰਡਾਲ ਵਿਚੋਂ ਮੋਦੀ-ਮੋਦੀ ਦੇ ਨਾਅਰੇ ਸ਼ੁਰੂ ਹੋ ਗਏ। ਪ੍ਰਧਾਨ ਮੰਤਰੀ ਨੇ ‘ਸਤਿ ਸ੍ਰੀ ਅਕਾਲ’ ਕਰਦਿਆਂ ਪੰਜਾਬੀ ਭਾਸ਼ਾ ਵਿਚ ਕਿਹਾ, ‘ਮੈਂ ਖੁਸ਼ਕਿਸਮਤ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਤੇ ਸ੍ਰੀ ਕਾਲੀ ਮਾਤਾ ਜੀ ਦਾ ਦੇ ਪਾਵਨ ਸਥਾਨ ਸ਼ਹਿਰ ਪਟਿਆਲਾ ਤੋਂ ਆਪਣੇ ਪੰਜਾਬ ਦੌਰੇ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਹੈ।’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਪੰਜਾਬ ਨਾਲ ਖ਼ੂਨ ਦਾ ਰਿਸ਼ਤਾ ਹੈ ਕਿਉਂਕਿ ਪੰਜ ਪਿਆਰਿਆਂ ’ਚੋਂ ਇਕ ਪਿਆਰਾ ਦਵਾਰਕਾ ਵਿੱਚੋਂ ਸੀ। ਉਨ੍ਹਾਂ ਕਿਹਾ ਕਿ ਜਾਮਨਗਰ ’ਚ ਸਭ ਤੋਂ ਵੱਡਾ ਹਸਪਤਾਲ ਗੁਰੂ ਨਾਨਕ ਜੀ ਦੇ ਨਾਂ ’ਤੇ ਬਣਾਇਆ ਗਿਆ ਹੈ। ਕੱਛ ਦੇ ਰੇਗਿਸਤਾਨ ’ਚ ਗੁਰੂ ਨਾਨਕ ਸਾਹਿਬ ਜੀ ਨੂੰ ਸਮਰਪਿਤ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਵਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਭ ਵੋਟਾਂ ਲਈ ਨਹੀਂ ਸਗੋਂ ਗੁਰੂਆਂ ਦੀ ਸ਼ਹਾਦਤ ਅੱਗੇ ਸਿਰ ਝੁਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਵਜੋਂ ਪੰਜਾਬ ਵਿਚ ਕਾਫੀ ਸਮਾਂ ਗੁਜ਼ਾਰਿਆ ਹੈ। ਇੱਥੋਂ ਦੇ ਖੇਤਾਂ ਵਿਚ, ਸੜਕਾਂ ’ਤੇ ਬਹੁਤ ਘੁੰਮਿਆ ਹੈ।

ਪਟਿਆਲਾ ਨਾਲ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦਿਨ ਹਮੇਸ਼ਾ ਯਾਦ ਰਹਿੰਦੇ ਹਨ ਕਿ ਸਾਥੀਆਂ ਨਾਲ ਪਟਿਆਲਾ ਦੇ ਬਾਰਾਂਦਰੀ ਬਾਗ ਵਿਚ ਸਵੇਰੇ ਘੁੰਮਣਾ ਅਤੇ ਜੌੜੀਆਂ ਭੱਠੀਆਂ ਚੌਕ ਵਿਚ ਸਾਥੀਆਂ ਨਾਲ ਗੱਲਾਂ ਕਰਨਾ, ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਵੀ ਪੰਜਾਬ ਵਿਚ ਆਉਂਦਾ ਹੈ ਤਾਂ ਪੰਜਾਬ ਨਾਲ ਪਿਆਰ ਹੋਰ ਵਧ ਜਾਂਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਸਰਕਾਰ ਵੱਲੋਂ ਪੰਜਾਬ ਤੇ ਪੰਜਾਬੀਆਂ ਲਈ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਲੰਗਰ ਨੂੰ ਟੈਕਸ ਮੁਕਤ ਕੀਤਾ, ਪਹਿਲਾਂ ਕਿਸੇ ਸਰਕਾਰ ਨੇ ਅਜਿਹਾ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ’ਚ ਸ਼ਰਧਾਲੂ ਬਾਹਰੋਂ ਚੜ੍ਹਾਵਾ ਨਹੀਂ ਦੇ ਸਕਦੇ ਸੀ, ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਨਿਯਮਾਂ ਵਿਚ ਛੋਟ ਦਿੱਤੀ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਵੀਰ ਬਾਲ ਦਿਵਸ ਵਜੋਂ ਪੂਰੇ ਦੇਸ਼ ਵਿਚ ਯਾਦ ਕੀਤਾ ਜਾਂਦਾ ਹੈ। ਸਾਹਿਬਜ਼ਾਦਿਆਂ ਦਾ ਬਲੀਦਾਨ ਦੇਸ਼ ਲਈ ਸਭ ਤੋਂ ਵੱਡੀ ਪੇ੍ਰਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਾਣਕਾਰੀ ਨਹੀਂ ਸੀ, ਇਸ ਲਈ ਬਲੀਦਾਨ ਨੂੰ ਪੂਰੇ ਦੇਸ਼ ਤੇ ਦੁਨੀਆ ਤੱਕ ਲਿਜਾਇਆ ਗਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਸਿੱਖ ਪਰਿਵਾਰ ਸੰਕਟ ’ਚ ਸਨ। ਪਰਿਵਾਰਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੇ ਸਨਮਾਨ ਨਾਲ ਸੁਰੱਖਿਅਤ ਆਪਣੇ ਦੇਸ਼ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਦੇਸ਼ ਵਿਚ ਮਜ਼ਬੂਤ ਸਰਕਾਰ ਦੀ ਲੋੜ ਹੈ, ਇਸ ਲਈ ਅੱਜ ਉਹ ਗੁਰੂਆਂ ਦੀ ਧਰਤੀ ਪੰਜਾਬ ਤੋਂ ਅਸ਼ੀਰਵਾਦ ਲੈਣ ਆਏ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।