ਨਵੀਂ ਦਿੱਲੀ, 19 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਪਾਕਿਸਤਾਨ ਨਾਲ ਸਿੰਧੂ ਜਲ ਸਮਝੌਤੇ ਦੇ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਸੰਸਦ ਜਾਂ ਆਪਣੇ ਮੰਤਰੀ ਮੰਡਲ ਨੂੰ ਵਿਸ਼ਵਾਸ ‘ਚ ਲਏ ਬਿਨਾਂ ਪਾਕਿਸਤਾਨ ਨਾਲ ਸਮਝੌਤੇ ‘ਤੇ ਹਸਤਾਖਰ ਕਰਨ ਲਈ ਤੱਤਕਾਲੀ ਜਵਾਹਰਲਾਲ ਨਹਿਰੂ ਦੀ ਆਲੋਚਨਾ ਕੀਤੀ।
ਸੂਤਰਾਂ ਅਨੁਸਾਰ, ਉਨ੍ਹਾਂ ਕਿਹਾ ਕਿ ਨਹਿਰੂ ਨੇ ਦੇਸ਼ ਹਿਤ ਦੀ ਕੀਮਤ ‘ਤੇ ਆਪਣੇ ਅਕਸ ਨੂੰ ਚਮਕਾਉਣ ਲਈ ਅਜਿਹਾ ਕੀਤਾ। ਉਨ੍ਹਾਂ ਦੱਸਿਆ ਕਿ 80 ਪ੍ਰਤੀਸ਼ਤ ਤੋਂ ਵੱਧ ਪਾਣੀ ਦੀ ਵਰਤੋਂ ਪਾਕਿਸਤਾਨ ਨੂੰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਪਹਿਲਗਾਮ ਆਤੰਕੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਇਸ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ।
‘…ਪਰ ਅਜਿਹਾ ਨਹੀਂ ਹੋਇਆ’
ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਸ ਸਮੇਂ ਦੇ ਪਾਪਾਂ ਨੂੰ ਧੋਅ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਾਅਦ ‘ਚ ਨਹਿਰੂ ਨੇ ਆਪਣੇ ਇਕ ਸਹਿਯੋਗੀ ਨੂੰ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਇਹ ਸਮਝੌਤਾ ਪਾਕਿਸਤਾਨ ਨਾਲ ਹੋਰ ਮਸਲਿਆਂ ਨੂੰ ਸੁਲਝਾਉਣ ‘ਚ ਮਦਦ ਕਰੇਗਾ, ਪਰ ਅਜਿਹਾ ਨਹੀਂ ਹੋਇਆ।
ਪੀਐਮ ਮੋਦੀ ਨੇ ਸੀਪੀ ਰਾਧਾਕ੍ਰਿਸ਼ਨਨ ਨੂੰ ਕੀਤਾ ਸਨਮਾਨਿਤ
ਪੀਐਮ ਨਰਿੰਦਰ ਮੋਦੀ ਨੇ ਇਹ ਗੱਲਾਂ ਦਿੱਲੀ ‘ਚ ਐਨਡੀਏ ਸੰਸਦੀ ਦਲ ਦੀ ਬੈਠਕ ‘ਚ ਕਹੀਆਂ। ਇਸ ਦੌਰਾਨ ਉਨ੍ਹਾਂ ਐਨਡੀਏ ਦੇ ਉਪਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਨੂੰ ਵੀ ਸਨਮਾਨਿਤ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਵਿਰੋਧੀ ਪਾਰਟੀ ਦੇ ਨਾਲ-ਨਾਲ ਸਾਰੀਆਂ ਪਾਰਟੀਆਂ ਤੋਂ ਰਾਧਾਕ੍ਰਿਸ਼ਨਨ ਨੂੰ ਸਰਬਸੰਮਤੀ ਨਾਲ ਉਪਰਾਸ਼ਟਰਪਤੀ ਬਣਾਉਣ ਦੀ ਅਪੀਲ ਵੀ ਕੀਤੀ।