01 ਜੁਲਾਈ (ਪੰਜਾਬੀ ਖਬਰਨਾਮਾ):ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਿਆਂ ਵਿੱਚ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸਥਾਪਿਤ ਕੀਤੇ ਗਏ ਹਨ। ਰੂਪਨਗਰ ਜ਼ਿਲ੍ਹੇ ਵਿੱਚ ਵੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦੇਖ ਰੇਖ ਹੇਠ ਹਫ਼ਤਾਵਰੀ 2 ਪਲੈਸਮੈਂਟ ਕੈਂਪ ਲਗਾਏ ਜਾਂਦੇ ਹਨ। ਇਸੇ ਲੜੀ ਤਹਿਤ ਅਗਲਾ ਪਲੇਸਮੈਂਟ ਕੈਂਪ ਅੱਜ 02 ਜੁਲਾਈ ਨੂੰ ਸਵੇਰੇ 10 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫਸਰ ਸ. ਪ੍ਰਭਜੋਤ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਐਸ.ਬੀ.ਐਸ. ਸੋਸਾਇਟੀ ਅਤੇ ਪੀ.ਐਮ.ਕੇ.ਕੇ.ਵਾਈ. ਸੈਂਟਰ ਰੋਪੜ ਦੇ ਨਿਯੋਜਕਾਂ ਵੱਲੋਂ ਕੰਪਿਊਟਰ ਅਧਿਆਪਕ ਤੇ ਮੋਬਾਲਾਇਜ਼ਰ ਦੀ ਅਸਾਮੀ ਲਈ ਅਤੇ ਸਟਾਰ ਹੈਲਥ ਅਤੇ ਅਲਾਈਡ ਬੀਮਾ ਦੇ ਨਿਯੋਜਕ ਵੱਲੋਂ ਰੂਰਲ ਸੇਲਜ਼ ਮੈਨੇਜਰ ਦੀ ਅਸਾਮੀ ਲਈ ਇੰਟਰਵਿਊ ਲਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਕੰਪਿਊਟਰ ਅਧਿਆਪਕ ਦੀ ਅਸਾਮੀ ਲਈ ਬੀ.ਸੀ.ਏ./ਐਮ.ਸੀ.ਏ ਦੇ ਨਾਲ ਕੰਪਿਊਟਰ ਦੀ ਜਾਣਕਾਰੀ ਅਤੇ ਮੋਬਾਲਾਈਜ਼ਰ ਦੀ ਅਸਾਮੀ ਲਈ ਬਾਰਵੀਂ ਪਾਸ ਯੋਗਤਾ ਰੱਖਣ ਵਾਲੇ ਉਮੀਦਵਾਰ ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਤੱਕ ਹੋਵੇ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ। ਰੂਰਲ ਸੇਲਜ਼ ਮੈਨੇਜਰ ਦੀ ਅਸਾਮੀ ਲਈ ਕੋਈ ਵੀ ਬਾਰਵੀਂ ਪਾਸ ਅਤੇ ਗ੍ਰੈਜੂਏਟ ਯੋਗਤਾ ਪਾਸ ਉਮੀਦਵਾਰ ਜਿਨ੍ਹਾਂ ਦੀ ਉਮਰ 22 ਤੋਂ 34 ਸਾਲ ਤੱਕ ਹੋਵੇ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ। ਐਚ.ਆਰ ਐਗਜ਼ੀਕਿਊਟਿਵ ਦੀ ਅਸਾਮੀ ਲਈ ਕੋਈ ਵੀ ਗ੍ਰੈਜੂਏਟ ਯੋਗਤਾ ਪਾਸ ਉਮੀਦਵਾਰ ਜਿਨ੍ਹਾਂ ਦੀ ਉਮਰ 22 ਤੋਂ 44 ਸਾਲ ਤੱਕ ਹੋਵੇ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ।
ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਕਤ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ 2.20 ਤੋਂ 2.50 ਲੱਖ ਤੱਕ ਸਲਾਨਾ ਅਤੇ ਇੰਨਸੈਂਟਿਵ ਮਿਲਣਯੋਗ ਹੋਵੇਗਾ। ਇਸ ਕੈਂਪ ਵਿੱਚ ਮਰਦ ਅਤੇ ਔਰਤ ਦੋਵੇਂ ਭਾਗ ਲੈ ਸਕਦੇ ਹਨ। ਰੂਰਲ ਸੇਲਜ਼ ਮੈਨੇਜਰ ਦੀ ਅਸਾਮੀ ਲਈ ਚੁਣੇ ਜਾਣ ਵਾਲੇ ਉਮੀਦਵਾਰ ਦਾ ਕੰਮ ਦਾ ਸਥਾਨ ਰੂਪਨਗਰ, ਕੀਰਤਪੁਰ ਸਾਹਿਬ, ਚਮਕੌਰ ਸਾਹਿਬ, ਨੂਰਪੁਰਬੇਦੀ, ਭਰਤਗੜ੍ਹ, ਬੁੰਗਾ ਸਾਹਿਬ ਹੋਵੇਗਾ।
ਮੀਨਾਕਸ਼ੀ ਬੇਦੀ ਪਲੇਸਮੈਂਟ ਅਫਸਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਕੀਤੇ ਜਾਂਦੇ ਇਨ੍ਹਾਂ ਪਲੇਸਮੈਂਟ ਕੈਂਪਾਂ ਵਿੱਚ ਜ਼ਰੂਰ ਭਾਗ ਲੈਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 8557010066 ਤੇ ਸੰਪਰਕ ਕੀਤਾ ਜਾ ਸਕਦਾ ਹੈ।