16 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਸੰਗ਼ੀਤ ਨਿਰਮਾਤਾ ਪਿੰਕੀ ਧਾਲੀਵਾਲ ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਵਿਵਾਦ ਦੇ ਚੱਲਦਿਆਂ ਹਾਲ ਹੀ ਦੇ ਦਿਨਾਂ ਵਿਚ ਕਾਫ਼ੀ ਸੁਰਖੀਆਂ ਦਾ ਕੇਂਦਰ ਬਣੇ ਰਹੇ ਹਨ। ਜਿੰਨਾਂ ਦੇ ਘਰ ਉਪਰ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧਤ ਮੁਹਾਲੀ ਪੁਲਿਸ ਵੱਲੋ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪਿੰਕੀ ਧਾਲੀਵਾਲ ਦੇ ਘਰ ‘ਤੇ ਚੱਲੀਆਂ ਗੋਲੀਆਂ
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮੁਹਾਲੀ ਸਥਿਤ ਪਿੰਕੀ ਧਾਲੀਵਾਲ ਦੇ ਨਿਵਾਸ ‘ਤੇ ਬੀਤੀ ਦੇਰ ਰਾਤ ਉਕਤ ਫਾਇਰਿੰਗ ਨੂੰ ਦੋ ਅਣਪਛਾਤੇ ਬਾਇਕ ਸਵਾਰਾਂ ਵੱਲੋਂ ਕੀਤਾ ਗਿਆ, ਜਿਸ ਦੌਰਾਨ 10 ਤੋਂ 12 ਰਾਊਂਡ ਫਾਇਰ ਉਨ੍ਹਾਂ ਵੱਲੋਂ ਕੀਤੇ ਗਏ। ਹਾਲਾਂਕਿ ਇਸ ਘਟਨਾਕ੍ਰਮ ਦੌਰਾਨ ਕਿਸੇ ਵੀ ਤਰਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਦੇ ਹੋਣ ਤੋਂ ਬਚਾਅ ਰਿਹਾ। ਸੰਗ਼ੀਤ ਅਤੇ ਸਿਨੇਮਾਂ ਉਦਯੋਗ ਨੂੰ ਇਕ ਵਾਰ ਮੁੜ ਦਹਿਲਾ ਦੇਣ ਵਾਲੀ ਉਕਤ ਘਟਨਾਕ੍ਰਮ ਨੂੰ ਕਥਿਤ ਰੂਪ ਵਿਚ ਰੰਗਦਾਰੀ ਦਾ ਮਾਮਲਾ ਵੀ ਮੰਨ ਕੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਜਿਸ ਦਾ ਕਾਰਨ ਫਾਇਰਿੰਗ ਦੌਰਾਨ ਇਕ ਸ਼ੱਕੀ ਪੋਸਟਰ ਦਾ ਪਿੰਕੀ ਧਾਲੀਵਾਲ ਦੇ ਨਿਵਾਸ ਬਾਹਰ ਲਗਾਇਆ ਜਾਣਾ ਵੀ ਹੈ, ਜਿਸ ਬਾਰੇ ਫਿਲਹਾਲ ਜਿਆਦਾ ਜਾਣਕਾਰੀ ਪੁਲਿਸ ਵੱਲੋ ਸਾਂਝੀ ਨਹੀਂ ਕੀਤੀ ਜਾ ਰਹੀ।
ਬਾਈਕ ਸਵਾਰਾਂ ਨੇ ਰੇਕੀ ਕਰਕੇ ਕੀਤੀ ਵਾਰਦਾਤ
ਇਸੇ ਮਾਮਲੇ ਵਿੱਚ ਸਾਹਮਣੇ ਆਈ ਕੁਝ ਹੋਰ ਜਾਣਕਾਰੀ ਅਨੁਸਾਰ ਯੂਪੀ ਨੰਬਰ ਦੀ ਬਾਇਕ ਉੱਪਰ ਆਏ ਦੋ ਸ਼ੱਕੀ ਲੋਕਾਂ ਵੱਲੋਂ ਇਸ ਫਾਇਰਿੰਗ ਨੂੰ ਧੜੱਲੇ ਨਾਲ ਅੰਜ਼ਾਮ ਦਿੱਤਾ ਗਿਆ। ਜਿੰਨ੍ਹਾਂ ਵੱਲੋਂ ਘਟਨਾਕ੍ਰਮ ਤੋਂ ਪਹਿਲਾਂ ਇਸ ਪ੍ਰਮੁੱਖ ਰਿਹਾਇਸ਼ੀ ਇਲਾਕੇ ਅਤੇ ਘਰ ਦੀ ਰੇਕੀ ਵੀ ਕੀਤੀ ਗਈ, ਜਿੰਨ੍ਹਾਂ ਦੇ ਵਾਰ-ਵਾਰ ਚੱਕਰ ਲਗਾਏ ਜਾਣ ਦਾ ਖੁਲਾਸਾ ਕੁਝ ਚਸ਼ਮਦੀਦਾਂ ਵੱਲੋ ਵੀ ਸਬੰਧਤ ਜਾਂਚ ਟੀਮਾਂ ਕੋਲ ਕੀਤਾ ਗਿਆ ਹੈ। ਸਾਲ 2024 ਵਿੱਚ ਆਈ ਅਤੇ ਸੁਪਰ ਡੁਪਰ ਹਿੱਟ ਰਹੀ ਫਿਲਮ ‘ਬੀਬੀ ਰਜਨੀ’ ਦਾ ਨਿਰਮਾਣ ਕਰ ਚੁੱਕੇ ਨਿਰਮਾਤਾ ਪਿੰਕੀ ਧਾਲੀਵਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਿੰਗ ਵਜੋਂ ਮੰਨੇ ਜਾਂਦੇ ਹਨ। ਜਿੰਨਾਂ ਵੱਲੋ ਪ੍ਰਸਤੁੱਤ ਕੀਤੇ ਬੇਸ਼ੁਮਾਰ ਗਾਣਿਆਂ ਨੇ ਅਣਗਿਣਤ ਉਭਰਦੇ ਗਾਇਕਾਂ ਨੂੰ ਸਟਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਗਾਇਕਾ ਨਾਲ ਵਿਵਾਦ ਕਾਰਨ ਚਰਚਾ ‘ਚ ਰਹੇ ਧਾਲੀਵਾਲ
ਉਕਤ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਵਿਵਾਦ ਦੇ ਚੱਲਦਿਆਂ ਜੇਲ੍ਹ ਤੱਕ ਜਾਣ ਲਈ ਮਜ਼ਬੂਰ ਹੋਏ ਪਿੰਕੀ ਧਾਲੀਵਾਲ ਪਿਛਲੇ ਦਿਨੀਂ ਕਈ ਨਾਮਵਰ ਗਾਇਕਾਂ ਦੇ ਗੁੱਸੇ ਦਾ ਸਾਹਮਣਾ ਕਰ ਚੁੱਕੇ ਹਨ, ਜਿੰਨਾਂ ਬਾਰੇ ਇਹ ਵਿਵਾਦ ਕੁਝ ਥੰਮਿਆ ਹੀ ਸੀ ਕਿ ਹੁਣ ਉਹ ਗੈਂਗਸਟਰਾਂ ਦੇ ਨਿਸ਼ਾਨੇ ਉਪਰ ਆ ਗਏ ਹਨ। ਜਿਸ ਬਾਰੇ ਜਲਦ ਹੀ ਸੰਪੂਰਨ ਖੁਲਾਸਾ ਪੁਲਿਸ ਵੱਲੋ ਕੀਤੇ ਜਾਣ ਦੀ ਸੰਭਾਵਨਾ ਹੈ।
ਸੰਖੇਪ: ਸੰਗੀਤ ਨਿਰਮਾਤਾ ਪਿੰਕੀ ਧਾਲੀਵਾਲ ਦੇ ਘਰ ਬਾਹਰ ਗੋਲੀ ਚਲਣ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।