08 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਕੇਰਲਾ ਵਿੱਚ 9 ਅਪਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੇ ਆਖ਼ਰੀ ਦਿਨ ਅੱਜ ਸੀ ਪੀ ਐੱਮ ਦੇ ਸੀਨੀਅਰ ਆਗੂ ਅਤੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਭਰੋਸਾ ਜਤਾਇਆ ਕਿ ਸੂਬੇ ਵਿੱਚ ਮੁੜ ਖੱਬੇ ਪੱਖੀ ਜਮਹੂਰੀ ਮੋਰਚੇ (ਐੱਲ ਡੀ ਐੱਫ) ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਦਹਾਕਾ ਸੱਤਾ ਵਿੱਚ ਰਹਿਣ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਦੀ ਅਗਵਾਈ ਹੇਠਲੇ ਮੋਰਚੇ ਨੂੰ ਲੋਕਾਂ ਦੀ ਹਮਾਇਤ ਹਾਸਲ ਹੈ। ਕੰਨੂਰ ਪ੍ਰੈੱਸ ਕਲੱਬ ਵਿੱਚ ਸੰਬੋਧਨ ਕਰਦਿਆਂ ਵਿਜਯਨ ਨੇ ਕਿਹਾ, ‘ਲੋਕਾਂ ਨਾਲ ਗੱਲਬਾਤ ਤੋਂ ਅਸੀਂ ਜੋ ਸਮਝ ਸਕੇ ਹਾਂ, ਉਹ ਇਹ ਹੈ ਕਿ ਕੇਰਲਾ ਦੇ ਲੋਕ ਐੱਲ ਡੀ ਐੱਫ ਨਾਲ ਹਨ।’ ਉਨ੍ਹਾਂ ਅਨੁਸਾਰ ਇਸ ਵਾਰ ਐੱਲ ਡੀ ਐੱਫ 2021 ਦੀਆਂ 99 ਸੀਟਾਂ ਦੇ ਅੰਕੜੇ ਨੂੰ ਪਾਰ ਕਰ ਕੇ ਹੋਰ ਵੀ ਮਜ਼ਬੂਤ ਫ਼ਤਵਾ ਹਾਸਲ ਕਰੇਗਾ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਹੇਠਲਾ ਗੱਠਜੋੜ ਸੂਬੇ ਵਿੱਚ ਖਾਤਾ ਵੀ ਨਹੀਂ ਖੋਲ੍ਹ ਸਕੇਗਾ। ਮੁੱਖ ਮੰਤਰੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਸੀ ਪੀ ਐੱਮ ਅਤੇ ਭਾਜਪਾ ਵਿਚਾਲੇ ਗੁਪਤ ਸਮਝੌਤੇ ਦੇ ਲਾਏ ਦੋਸ਼ ਸਿਰੇ ਤੋਂ ਖ਼ਾਰਜ ਕਰ ਦਿੱਤੇ। ਉਨ੍ਹਾਂ ਕਿਹਾ ਕਿ ਰਾਹੁਲ ਨੂੰ ਜ਼ਿੰਮੇਵਾਰੀ ਨਾਲ ਗੱਲ ਕਰਨੀ ਚਾਹੀਦੀ ਹੈ।
