6 ਅਗਸਤ 2024 : ਇੱਥੇ ਟਰੇਨ ਦੀ ਲਪੇਟ ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਜੀਆਰਪੀ ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਇੱਕ ਵਿਅਕਤੀ ਫੋਕਲ ਪੁਆਇੰਟ ਨੇੜੇ ਰੇਲਵੇ ਲਾਈਨ ਪਾਰ ਕਰ ਰਿਹਾ ਸੀ ਤਾਂ ਉਸ ਨੂੰ ਟਰੇਨ ਨੇ ਟੱਕਰ ਮਾਰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਉਥੇ ਪਹੁੰਚ ਗਈ। ਪਰ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਕਿਉਂਕਿ ਉਸਦੇ ਕੋਲ ਕੋਈ ਵੀ ਦਸਤਾਵੇਜ਼ ਜਾਂ ਹੋਰ ਸਾਮਾਨ ਨਹੀਂ ਸੀ। ਚੌਕੀ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 55 ਤੋਂ 60 ਸਾਲ ਵਿਚਾਲੇ ਦੱਸੀ ਜਾ ਰਹੀ ਹੈ। ਆਸਪਾਸ ਵੀ ਤਲਾਸ਼ੀ ਲਈ ਗਈ ਪਰ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਰੇਲਵੇ ਪੁਲਿਸ ਨੇ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ। ਕਾਨੂੰਨ ਮੁਤਾਬਕ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰ ਜੇਕਰ ਵਾਰਿਸ ਨਾ ਮਿਲੇ ਤਾਂ ਪੁਲਿਸ ਆਪਣੇ ਪੱਧਰ ਤੇ ਪੋਸਟਮਾਰਟਮ ਕਰਵਾ ਕੇ ਕਿਸੇ ਐੱਨਜੀਓ ਦੀ ਮਦਦ ਨਾਲ ਲਾਸ਼ ਦਾ ਅੰਤਿਮ ਸੰਸਕਾਰ ਕਰੇਗੀ।