ਲੁਧਿਆਣਾ 30 ਮਈ 2024 (ਪੰਜਾਬੀ ਖਬਰਨਾਮਾ) : ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਆਖਰੀ ਦੌਰ ਵਿਚ ਪੁੱਜ ਗਿਆ ਹੈ। ਸਾਰੀਆਂ ਪਾਰਟੀਆਂ ਵੱਲੋਂ ਵੋਟਰਾਂ ਨੂੰ ਆਪਣੇ ਹੱਕ ਵਿਚ ਕਰਨ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਸਿਆਸਤਦਾਨਾਂ ਵੱਲੋਂ ਮੀਟਿੰਗਾਂ, ਰੈਲੀਆਂ, ਜਨਤਕ ਇਕੱਠਾਂ ਰਾਹੀਂ ਲੋਕਾਂ ਨੂੰ ਆਪਣੀ ਪਾਰਟੀ ਦੀਆਂ ਨੀਤੀਆਂ ਤੇ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਇਸੇ ਸਿਲਸਿਲੇ ਤਹਿਤ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਸਾਡੇ ਪੱਤਰਕਾਰ ਪੁਨੀਤ ਬਾਵਾ ਨੇ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਇਸ ਗੱਲਬਾਤ ਦੇ ਵਿਸ਼ੇਸ਼ ਅੰਸ਼..
ਸਵਾਲ- ਕਾਂਗਰਸ ਦਾ ਮੁੱਖ ਮੁਕਾਬਲਾ ਕਿਸ ਪਾਰਟੀ ਨਾਲ ਹੈ, ਕਾਂਗਰਸ ਕਿੰਨੀਆਂ ਸੀਟਾਂ ਜਿੱਤ ਰਹੀ ਹੈ?
ਜਵਾਬ- ਕਾਂਗਰਸ ਦੀ ਲੜਾਈ ਕਿਸੇ ਨਾਲ ਵੀ ਨਹੀਂ ਹੈ। ਜਿਥੇ ਤੱਕ ਸੀਟਾਂ ਜਿੱਤਣ ਦੀ ਗੱਲ ਹੈ, ਮੈਂ ਭਗਵੰਤ ਮਾਨ ਜੀ ਵਾਂਗ 13-0 ਦੀ ਗੱਲ ਤਾਂ ਨਹੀਂ ਕਰਾਂਗਾ। ਇੰਨਾ ਜ਼ਰੂਰ ਕਹਾਂਗਾ ਕਿ ਪਿਛਲੇ ਵਾਰ ਦੇ ਮੁਕਾਬਲੇ ਚੰਗਾ ਨਤੀਜਾ ਰਹੇਗਾ।
ਸਵਾਲ- ਪਿਛਲੀ ਵਾਰ ਕਾਂਗਰਸ ਨੇ ਅੱਠ ਸੀਟਾਂ ਜਿੱਤੀਆਂ ਸਨ ਤੇ ਨਵੇਂ ਅੰਕੜਿਆਂ ’ਚ ਤੁਹਾਨੂੰ ਕੀ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ?
ਜਵਾਬ- ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਅੰਕੜੇ ਕਾਫੀ ਅਲੱਗ ਹਨ। ਇਸ ਵਾਰ ਇਕਤਰਫਾ ਚੋਣਾਂ ਹਨ। ਸਿਰਫ ਨਰਿੰਦਰ ਮੋਦੀ ਦੇ ਖਿਲਾਫ ਚੋਣ ਹੈ। ਸਾਡਾ ਵੋਟ ਫੀਸਦ ਹੋਰ ਪਾਰਟੀਆਂ ਨਾਲੋਂ ਵੱਧ ਹੋਵੇਗਾ। ਕਾਰਨ ਇਹ ਹੈ ਕਿ ਲੋਕ ਜਾਣਦੇ ਹਨ ਕਿ ਕਾਂਗਰਸ ਨੇ ਹੀ ਦੇਸ਼ ਦਾ ਵਿਕਾਸ ਕੀਤਾ ਹੈ।
ਸਵਾਲ- ਪੰਜਾਬ ਵਿਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੇ ਖਿਲਾਫ ਤੁਸੀਂ ਡਟ ਕੇ ਆਵਾਜ਼ ਬੁਲੰਦ ਕੀਤੀ ਸੀ ਤੇ ਇਹ ਸਮਝੌਤਾ ਹੋਇਆ ਵੀ ਨਹੀਂ… ਵੱਖਰੇ ਚੋਣ ਲੜਨ ਦਾ ਫਾਇਦਾ ਹੁੰਦਾ ਦਿਸ ਰਿਹਾ ਹੈ ਜਾਂ ਨੁਕਸਾਨ?
ਜਵਾਬ- ਇਥੇ ਕਿਸੇ ਫਾਇਦੇ ਜਾਂ ਨੁਕਸਾਨ ਦੀ ਗੱਲ ਨਹੀਂ ਹੈ। ਇਹ ਤਾਂ ਸਪੱਸ਼ਟ ਹੈ ਕਿ ਜੇਕਰ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਦੇ ਤਾਂ ਸਾਨੂੰ ਫਾਇਦਾ ਹੁੰਦਾ ਤੇ ਸੀਟਾਂ ਵਧਦੀਆਂ ਪਰ ਇਥੇ ਗੱਲ ਵੱਖਰੀ ਸੀ। ਆਪ ਸਰਕਾਰ ਨੇ ਸਾਡੇ ਨਾਲ ਕਾਫੀ ਜ਼ਿਆਦਤੀ ਕੀਤੀ। ਸਾਡੇ ਨੇਤਾਵਾਂ ਨੂੰ ਬੇਵਜ੍ਹਾ ਪਰੇਸ਼ਾਨ ਕੀਤਾ। ਸਾਡੇ ਨੇਤਾਵਾਂ ਨੂੰ ਬਿਨਾਂ ਕਾਰਨ ਜੇਲ੍ਹਾਂ ਵਿਚ ਡੱਕਿਆ ਗਿਆ। ਅਜਿਹੇ ਵਿਚ ਅਸੀਂ ਉਸ ਪਾਰਟੀ ਨਾਲ ਮਿਲ ਕੇ ਕਿਵੇਂ ਚੋਣ ਲੜ ਸਕਦੇ ਸੀ। ਇਹੀ ਕੰਮ ਦੇਸ਼ ਵਿਚ ਬਾਜਪਾ ਸਾਡੇ ਨਾਲ ਕਰ ਰਹੀ ਹੈ। ਇਹੀ ਕਾਰਨ ਸੀ ਕਿ ਅਸੀਂ ਦਿੱਲੀ ਵਿਚ ਹਾਈ ਕਮਾਂਡ ਨੂੰ ਕਹਿ ਦਿੱਤਾ ਸੀ ਕਿ ਅਸੀਂ ਘਰ ਬੈਠ ਜਾਵਾਂਗੇ ਪਰ ਇਥੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸਾਨੂੰ ਖੁਸ਼ੀ ਹੈ ਕਿ ਹਾਈ ਕਮਾਂਡ ਨੇ ਸਾਡੀ ਗੱਲ ਸੁਣੀ।
ਸਵਾਲ-ਪੰਜਾਬ ਕਾਂਗਰਸ ਦੇ ਨੇਤਾ ਜਿਥੇ ਭਗਵੰਤ ਮਾਨ ਸਰਕਾਰ ਤੇ ਆਮ ਆਦਮੀ ਪਾਰਟੀ ’ਤੇ ਹਮਲਾ ਕਰਦੇ ਹਨ, ਉਧਰ ਕੌਮੀ ਪ੍ਰਧਾਨ ਖੜਕੇ, ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਆਪ ਤੇ ਮਾਨ ਸਰਕਾਰ ਦੇ ਖ਼ਿਲਾਫ਼ ਕੁਝ ਨਹੀਂ ਬੋਲਦੇ, ਕੀ ਕੌਮੀ ਪੱਧਰ ’ਤੇ ਪੰਜਾਬ ਵਿਚ ਵੀ ਸਮਝੌਤਾ ਹੈ?
ਜਵਾਬ- ਮੈਂ ਤਾਂ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਉਹ ਚੋਣ ਪੂਰੀ ਤਰ੍ਹਾਂ ਭਾਜਪਾ ਤੇ ਐੱਨਡੀਏ ਦੇ ਖਿਲਾਫ ਹੈ। ਇਸ ਲਈ ਕੌਮੀ ਨੇਤਾ ਵੀ ਭਾਜਪਾ ’ਤੇ ਨਿਸ਼ਾਨਾ ਲਾ ਰਹੇ ਹਨ। ਆਮ ਆਦਮੀ ਪਾਰਟੀ ਨਾਲ ਤਾਂ ਸਾਡੀ ਕੋਈ ਲੜਾਈ ਹੀ ਨਹੀਂ ਹੈ। ਸਾਡੇ ਨੇਤਾ ਕਿਉਂ ਉਨ੍ਹਾਂ ਖਿਲਾਫ ਬੋਲਣਗੇ। ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਦੇ ਖਿਲਾਫ ਕੁਝ ਬੋਲਣ ਦੀ ਲੋੜ ਹੈ।
ਸਵਾਲ- ਇਸ ਦਾ ਮਤਲਬ ਪੰਜਾਬ ਵਿਚ ਭਾਵੇਂ ਤੁਸੀਂ ਜਿੱਤੇ ਜਾਂ ਕਾਂਗਰਸ, ਸੀਟ ਤਾਂ ਇੰਡੀਆ ਗੱਠਜੋੜ ਦੇ ਖਾਤੇ ਵਿਚ ਹੀ ਜਾਵੇਗੀ। ਸੰਸਦ ਵਿਚ ਤਾਲਮੇਲ ਕਿਵੇਂ ਕਰੋਗੇ?
ਜਵਾਬ- ਇੰਡੀਆ ਗਠਜੋੜ ਦਾ ਗਠਨ ਦੇਸ਼ ਨੂੰ ਵਿਕਾਸ ਦੇ ਰਾਹ ’ਤੇ ਲਿਆਉਣ ਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਕੀਤਾ ਗਿਆ ਹੈ। ਸਾਡੀਆਂ ਜਿੰਨੀਆਂ ਵੱਧ ਸੀਟਾਂ ਹੋਣਗੀਆਂ, ਸੰਸਦ ਵਿਚ ਤਾਕਤ ਵੀ ਉਨੀ ਵੱਧ ਹੋਵੇਗੀ। ਸੰਸਦ ਵਿਚ ਜਦੋਂ ਸਾਥੀ ਪਾਰਟੀਆਂ ਦਾ ਸਾਥ ਮਿਲੇਗਾ ਤਾਂ ਆਵਾਜ਼ ਨੂੰ ਜ਼ੋਰਦਾਰ ਤਰੀਕੇ ਨਾਲ ਬੁਲੰਦ ਕੀਤਾ ਜਾਵੇਗਾ।
ਸਵਾਲ- ਤੁਸੀਂ ਪਾਰਟੀ ਦੇ ਸੂਬਾ ਪ੍ਰਧਾਨ ਹੋ ਪਰ ਲੁਧਿਆਣਾ ਤੋਂ ਬਾਹਰ ਹੋਰ ਸੀਟ ’ਤੇ ਪ੍ਰਚਾਰ ਨਹੀਂ ਕਰ ਸਕੇ? ਇਹੀ ਹਾਲਤ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੀ ਸਰਕਾਰ ਵਿਚ ਉਪ ਮੁੱਖ ਮੰਤਰੀ ਰਹੇ ਸੁਖਜਿੰਦਰ ਸਿੰਘ ਰੰਧਾਵਾ ਦੀ ਹੈ? ਇਸ ਨਾਲ ਪ੍ਰਚਾਰ ’ਤੇ ਪੈਣ ਵਾਲੇ ਸਮੁੱਚੇ ਅਸਰ ਨੂੰ ਕਿਵੇਂ ਦੇਖਦੇ ਹੋ?
ਜਵਾਬ- ਮੈਂ ਲਗਾਤਾਰ ਪ੍ਰਚਾਰ ਕਰ ਰਿਹਾ ਹਾਂ। ਦੋ ਦਿਨ ਪਹਿਲਾਂ ਹੀ ਮੁਕਤਸਰ ਜਾ ਕੇ ਆਇਆ ਹਾਂ। ਇਹ ਗੱਲ ਵੱਖਰੀ ਹੈ ਕਿ ਜੇਕਰ ਮੈਂ ਚੋਣ ਨਾ ਲੜ ਰਿਹਾ ਹੁੰਦਾ ਤਾਂ ਸਾਥੀਆਂ ਲਈ ਵੱਧ ਪ੍ਰਚਾਰ ਕਰ ਪਾਉਂਦਾ। ਹਾਲਾਂਕਿ ਇਥੇ ਮੈਦਾਨ ਵਿਚ ਉਤਰਨਾ ਇਸ ਲਈ ਲਾਜ਼ਮੀ ਸੀ ਕਿਉਂਕਿ ਜੇ ਕੋਈ ਸਾਨੂੰ ਲਲਕਾਰੇ ਤਾਂ ਅਸੀਂ ਪਿੱਛੇ ਕਿਵੇਂ ਹਟ ਸਕਦੇ ਹਾਂ।
ਸਵਾਲ- ਤੁਹਾਨੂੰ ਤਿੰਨਾਂ ਨੂੰ ਕਾਂਗਰਸ ਪਾਰਟੀ ਵਿਚ 2027 ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਵਜੋਂ ਦੇਖਿਆ ਜਾਂਦਾ ਹੈ… ਕਿਹਾ ਜਾ ਰਿਹਾ ਹੈ ਕਿ ਤੁਸੀਂ ਤਿਨੇ ਜਿੱਤੇ ਤਾਂ ਸੂਬੇ ਦੀ ਸਰਗਰਮ ਸਿਆਸਤ ਤੋਂ ਬਾਹਰ ਅਤੇ ਜੇ ਹਾਰੇ ਤਾਂ ਪਾਰਟੀ ਵਿਚ ਕੱਦ ਘਟੇਗਾ… ਕੀ ਕਹੋਗੇ?
ਜਵਾਬ- ਅਜਿਹਾ ਤਾਂ ਨਹੀਂ ਹੈ। ਸੰਸਦ ਵਿਚ ਜਾਣ ਦੇ ਬਾਅਦ ਕੀ ਕੋਈ ਸੀਐੱਮ ਨਹੀਂ ਬਣ ਸਕਦਾ। ਪਹਿਲਾਂ ਵੀ ਕਈ ਅਜਿਹੇ ਨੇਤਾ ਰਹੇ ਹਨ ਜਿਹੜੇ ਸੰਸਦ ਵਿਚ ਜਾਣ ਦੇ ਬਾਅਦ ਮੁੱਖ ਮੰਤਰੀ ਬਣੇ ਹਨ। ਮੈਂ ਦਿੱਲੀ ਜਾ ਕੇ ਵੀ ਪੰਜਾਬ ਨਾਲ ਪੂਰੀ ਤਰ੍ਹਾਂ ਜੁੜਿਆ ਰਹਾਂਗਾ। ਉਥੇ ਵੀ ਤਾਂ ਮੈਂ ਪੰਜਾਬ ਦੇ ਹੀ ਮੁੱਦੇ ਚੁਕਾਂਗਾ। ਮੈਂ ਹਾਲੇ ਤਾਂ ਕਿਸੇ ਰੇਸ ਵਿਚ ਨਹੀਂ ਹਾਂ ਪਰ ਮੇਰੀ ਇੱਛਾ ਜ਼ਰੂਰ ਹੈ ਕਿ ਮੈਂ ਕਦੇ ਮੁੱਖ ਮੰਤਰੀ ਬਣਾ। ਜਦੋਂ ਰਾਹੁਲ ਗਾਂਧੀ ਤੇ ਹਾਈ ਕਮਾਂਡ ਦਾ ਮਨ ਹੋਵੇਗਾ ਤਾਂ ਮੈਂ ਇਸ ਲਈ ਜ਼ਰੂਰ ਤਿਆਰ ਰਹਾਂਗਾ। ਹਾਲਾਂਕਿ ਮੈਂ ਬਿੱਟੂ ਨਹੀਂ ਹਾਂ, ਜੋ ਇੰਨਾ ਸਨਮਾਨ ਮਿਲਣ ਦੇ ਬਾਅਦ ਵੀੂ ਪਾਰਟੀ ਛੱਡ ਜਾਵਾਂ।
ਸਵਾਲ- ਤੁਹਾਡੇ ਪਾਰਟੀ ਦੇ ਸਾਥੀ ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿਚ ਸਰਗਰਮ ਨਹੀਂ ਦਿਸ ਰਹੇ। ਬਾਵਜੂਦ ਇਸ ਦੇ ਕਿ ਜਿਸ ਦਿਨ ਤੁਹਾਨੂੰ ਉਮੀਦਵਾਰ ਐਲਾਨਿਆ ਗਿਆ, ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਸੀ ਕਿ ਜਦੋਂ ਤੱਕ ਤੁਸੀਂ ਜਿੱਤ ਨਹੀਂ ਜਾਂਦੇ ਉਦੋਂ ਤੱਕ ਲੁਧਿਆਣਾ ਵਿਚ ਹੀ ਡੇਰਾ ਲਾਉਣਗੇ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਜਵਾਬ- ਪ੍ਰਤਾਪ ਸਿੰਘ ਬਾਜਵਾ ਮੈਨੂੰ ਪੂਰੀ ਤਰ੍ਹਾਂ ਸਹਿਯੋਗ ਕਰ ਰਹੇ ਹਨ। ਸੂਬਾ ਪ੍ਰਧਾਨ ਵਜੋਂ ਮੇਰੇ ’ਤੇ ਰਾਜ ਦੀ ਜ਼ਿੰਮੇਵਾਰ ਸੀ। ਹੁਣ ਮੈਂ ਲੁਧਿਆਣਾ ਵਿਚ ਰੁੱਝਿਆ ਹਾਂ ਤਾਂ ਬਾਜਵਾ ਰਾਜ ਦੀਆਂ ਹੋਰ ਸੀਟਾਂ ’ਤੇ ਵੀ ਉਮੀਦਵਾਰਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਦਾ ਤਜਰਬਾ ਵੀ ਉਮੀਦਵਾਰਾਂ ਲਈ ਜ਼ਰੂਰੀ ਹੈ।
ਸਵਾਲ- ਜਦੋਂ ਬਿੱਟੂ ਨੇ ਤੁਹਾਨੂੰ ਟਿਕਟ ਦਿੱਤੇ ਜਾਣ ’ਤੇ ਬਾਹਰੀ ਕਿਹਾ ਸੀ ਤਾਂ ਤੁਸੀਂ ਕਿਹਾ ਸੀ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਕਦੇ ਬਾਹਰੀ ਨਹੀਂ ਹੁੰਦਾ। ਲੋਕ ਸਭਾ ਚੋਣ ਜਿੱਤਣ ਦੇ ਬਾਅਦ ਤੁਸੀਂ ਲੁਧਿਆਣਾ ਵਿਚ ਵਸੋਗੇ ਜਾਂ ਗਿੱਦੜਬਾਹਾ ਤੋਂ ਹੀ ਕੰਮ ਕਰੋਗੇ?
ਜਵਾਬ- ਅੱਜਕੱਲ ਚੋਣ ਪ੍ਰਚਾਰ ਦੇ ਮੁੱਦਿਆਂ ’ਤੇ ਗੱਲ ਕਰਨ ਦੀ ਬਜਾਏ ਨੇਤਾ ਨਿੱਜੀ ਤੌਰ ’ਤੇ ਹਮਲੇ ਕਰਨ ਲੱਗੇ ਹਨ। ਇਹ ਬਿਲਕੁਲ ਵੀ ਠੀਕ ਨਹੀਂ ਹੈ। ਨੇਤਾਵਾਂ ਨੂੰ ਇਸ ਤੋਂ ਬਚਣਾ ਹੋਵੇਗਾ। ਨੇਤਾਵਾਂ ਨੂੰ ਸਮਝਣਾ ਹੋਵੇਗਾ ਕਿ ਲੋਕ ਉਨ੍ਹਾਂ ਦੇ ਅਜਿਹੇ ਬਿਆਨਾਂ ਨੂੰ ਯਾਦ ਰੱਖਦੇ ਹਨ ਤੇ ਬਾਅਦ ਵਿਚ ਮਖੌਲ ਉਡਾਉਂਦੇ ਹਨ। ਇਸ ਲਈ ਨੇਤਾਵਾਂ ਨੂੰ ਬਿਆਨਬਾਜ਼ੀ ਮੁੱਦਿਆਂ ਤੱਕ ਸੀਮਿਤ ਰੱਖਣੀ ਚਾਹੀਦੀ ਹੈ।