ਸੁਨਾਮ ਊਧਮ ਸਿੰਘ ਵਾਲਾ, 25 ਫਰਵਰੀ ( ਪੰਜਾਬੀ ਖ਼ਬਰਨਾਮਾ):ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਦੀ ਹੋਣਹਾਰ ਲੜਕੀ ਉਪਾਸਨਾ ਗੋਇਲ, ਜਿਸ ਵੱਲੋਂ ਹਾਲ ਹੀ ਵਿੱਚ ਹੋਈ ਪੀ.ਸੀ.ਐਸ. ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕੀਤੀ ਹੈ, ਦੀ ਰਿਹਾਇਸ਼ ਵਿਖੇ ਪਹੁੰਚ ਕੇ ਉਸ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਉਪਾਸਨਾ ਦੇ ਸਾਰੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਅਥਾਹ ਖੁਸ਼ੀ ਹੈ ਕਿ ਸਾਡੀਆਂ ਬੇਟੀਆਂ ਆਪਣੀ ਮਿਹਨਤ ਦੇ ਸਦਕਾ ਹਲਕਾ ਸੁਨਾਮ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੱਕਾਰੀ ਪ੍ਰੀਖਿਆਵਾਂ ਨੂੰ ਪਾਸ ਕਰਕੇ ਉੱਚੇ ਅਹੁਦਿਆਂ ਉੱਤੇ ਸੇਵਾਵਾਂ ਨਿਭਾਉਣਾ ਜਿਥੇ ਵਿਅਕਤੀਗਤ ਤੌਰ ‘ਤੇ ਮਾਣ ਤੇ ਸਤਿਕਾਰ ਵਧਾਉਂਦਾ ਹੈ ਉਥੇ ਹੀ ਸਮਾਜ ਦੀ ਸੇਵਾ ਕਰਨ ਲਈ ਵੀ ਪ੍ਰੇਰਨਾਦਾਇਕ ਬਣਦਾ ਹੈ।
ਉਨ੍ਹਾਂ ਕਿਹਾ ਕਿ ਸੁਨਾਮ ਦੀ ਹੀ ਵਸਨੀਕ ਡਿੰਪਲ ਗਰਗ ਨੇ ਵੀ ਇਹ ਦੋ ਮਾਣਮੱਤੀ ਪ੍ਰੀਖਿਆ ਪਾਸ ਕਰਕੇ ਸੁਨਾਮ ਦਾ ਨਾਮ ਚਮਕਾਇਆ ਹੈ । ਇਸ ਮੌਕੇ ਉਪਾਸਨਾ ਗੋਇਲ ਦੇ ਮਾਤਾ ਵੀਨਾ ਗੋਇਲ, ਭਰਾ ਨਾਗੇਸ਼ਵਰ ਗੋਇਲ, ਕੰਚਨ ਗੋਇਲ, ਉਸਮਾ ਗੋਇਲ, ਰੋਹਿਤ ਗੋਇਲ, ਰਮਨੀਕ ਗੋਇਲ, ਆਰ.ਕੇ ਗੋਇਲ ਆਸਰਾ, ਰਾਜੇਸ਼ ਕੁਮਾਰ, ਜਤਿੰਦਰ ਜੈਨ, ਰਾਮ ਕੁਮਾਰ, ਬਿੱਟੂ ਤਲਵਾੜ, ਪ੍ਰਿੰਸੀਪਲ ਦਿਨੇਸ ਗੁਪਤਾ ਵੀ ਮੌਜੂਦ ਸਨ।