23 ਅਗਸਤ 2024 : ਉੜੀਸਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਓਲੰਪਿਕ ਖੇਡਾਂ ਵਿੱਚ ਲਗਾਤਾਰ ਦੂਜਾ ਤਗ਼ਮਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦੇ ਮੈਂਬਰਾਂ ਨੂੰ ਅੱਜ ਇੱਥੇ ਸਨਮਾਨਿਆ। ਪੈਰਿਸ ਓਲੰਪਿਕ ਵਿੱਚ ਭਾਰਤ ਨੇ ਇੱਕ ਗੋਲ ਨਾਲ ਪਛੜਨ ਮਗਰੋਂ ਵਾਪਸੀ ਕਰਦਿਆਂ ਸਪੇਨ ਨੂੰ 2-1 ਨਾਲ ਹਰ ਕੇ ਕਾਂਸੇ ਦਾ ਤਗ਼ਮਾ ਜਿੱਤਿਆ ਸੀ।
ਪਟਨਾਇਕ ਦੀ ਅਗਵਾਈ ਵਾਲੀ ਉੜੀਸਾ ਦੀ ਪਿਛਲੀ ਸਰਕਾਰ ਨੇ ਭਾਰਤੀ ਹਾਕੀ ਨੂੰ ਹੁਲਾਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉੜੀਸਾ 2018 ਤੋਂ ਕੌਮੀ ਪੁਰਸ਼ ਅਤੇ ਮਹਿਲਾ ਟੀਮਾਂ ਨੂੰ ਸਪਾਂਸਰ ਕਰ ਰਿਹਾ ਹੈ।
ਪਟਨਾਇਕ ਨੇ ਉਮੀਦ ਜਤਾਈ ਕਿ ਭਾਰਤੀ ਟੀਮ 2028 ਲਾਂਸ ਏਂਜਲਸ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤੇਗੀ। ਪਟਨਾਇਕ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ। ਮੈਨੂੰ ਉਮੀਦ ਹੈ ਕਿ ਅਗਲੀ ਵਾਰ ਤੁਸੀਂ ਸੋਨ ਤਗ਼ਮਾ ਜਿੱਤੋਗੇ।’’
ਇਸ ਮੌਕੇ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਦੇ ਨਾਲ ਸੁਮਿਤ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ ਅਤੇ ਸੰਜੈ ਹਾਜ਼ਰ ਸਨ। ਸੁਮਿਤ ਨੇ ਉਸ ਸਮੇਂ ਹਾਕੀ ਦਾ ਸਮਰਥਨ ਕਰਨ ਲਈ ਪਟਨਾਇਕ ਦਾ ਧੰਨਵਾਦ ਕੀਤਾ, ਜਦੋਂ ਖੇਡ ਨੂੰ ਇਸ ਦੀ ਸਭ ਤੋਂ ਵੱਧ ਲੋੜ ਸੀ। ਉਨ੍ਹਾਂ ਕਿਹਾ, ‘‘ਜਦੋਂ ਕੋਈ ਨਹੀਂ ਸੀ, ਉਦੋਂ ਇਨ੍ਹਾਂ ਹਾਕੀ ਦਾ ਹੱਥ ਫੜਿਆ। ਸਰ ਨੇ ਉੜੀਸਾ ਨੂੰ ਭਾਰਤ ਦੀ ਖੇਡ ਰਾਜਧਾਨੀ ਬਣਾਉਣ ਵਿੱਚ ਮਹੱਤਵਪੂਰਨ ਭੂੁਮਿਕਾ ਨਿਭਾਈ।’’ ਇਸ ਤੋਂ ਪਹਿਲਾਂ ਭਾਰਤੀ ਟੀਮ ਦਾ ਬੁੱਧਵਾਰ ਨੂੰ ਇੱਥੇ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ ਅਤੇ ਉੜੀਸਾ ਸਰਕਾਰ ਨੇ ਹਾਕੀ ਖਿਡਾਰੀਆਂ ਦਾ ਸਨਮਾਨ ਕੀਤਾ।
ਸੂਬੇ ਦੇ ਮੌਜੂਦਾ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਟੀਮ ਦੇ ਮੈਂਬਰਾਂ ਲਈ ਨਕਦ ਇਨਾਮ ਦਾ ਐਲਾਨ ਕੀਤਾ, ਜਿਸ ਵਿੱਚ ਸੂਬੇ ਦੇ ਸਟਾਰ ਖਿਡਾਰੀ ਅਮਿਤ ਰੋਹੀਦਾਸ ਨੂੰ ਚਾਰ ਕਰੋੜ ਰੁਪਏ ਦਿੱਤੇ ਗਏ। ਭਾਰਤੀ ਗੋਲਕੀਪਰ ਪੀਆਰ ਸ੍ਰੀਜੇਸ਼ ਨੂੰ 50 ਲੱਖ ਰੁਪਏ ਦਿੱਤੇ ਗਏ, ਜਦਕਿ ਟੀਮ ਦੇ ਹੋਰ ਖਿਡਾਰੀਆਂ ਨੂੰ 15-15 ਲੱਖ ਰੁਪਏ ਦਿੱਤੇ ਗਏ। ਸਹਿਯੋਗੀ ਸਟਾਫ ਨੂੰ 10-10 ਲੱਖ ਰੁਪਏ ਦਿੱਤੇ ਗਏ। -ਪੀਟੀਆਈ
ਮੀਰਾਬਾਈ ਚਾਨੂ ਤੇ ਨੀਲਕਾਂਤ ਸ਼ਰਮਾ ਦਾ ਸਨਮਾਨ
ਇੰਫਾਲ:
ਪੈਰਿਸ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਅਤੇ ਹਾਕੀ ਖਿਡਾਰੀ ਨੀਲਕਾਂਤ ਸ਼ਰਮਾ ਨੂੰ ਅੱਜ ਇੱਥੇ ਮਨੀਪੁਰ ਪੁਲੀਸ ਨੇ ਸਨਮਾਨਿਆ। ਇੱਥੇ ਜਾਰੀ ਬਿਆਨ ਅਨੁਸਾਰ ਡੀਜੀਪੀ ਰਾਜੀਵ ਸਿੰਘ ਨੇ ਇੱਕ ਸਮਾਰੋਹ ’ਚ ਮੀਰਾਬਾਈ ਅਤੇ ਨੀਲਕਾਂਤ ਦਾ ਸਨਮਾਨ ਕੀਤਾ। ਨੀਲਕਾਂਤ ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਮੈਂਬਰ ਸੀ। ਬਿਆਨ ਅਨੁਸਾਰ, ‘‘ਮਨੀਪੁਰ ਪੁਲੀਸ ਨੂੰ ਉਸ ਦੀਆਂ ਪ੍ਰਾਪਤੀਆਂ ਅਤੇ ਦੇਸ਼ ਪ੍ਰਤੀ ਯੋਗਦਾਨ ’ਤੇ ਮਾਣ ਹੈ ਅਤੇ ਉਨ੍ਹਾਂ ਦੀਆਂ ਭਵਿੱਖ ਦੀਆਂ ਕੋਸ਼ਿਸ਼ਾਂ ਵਿੱਚ ਹਰ ਸੰਭਵ ਸਮਰਥਨ ਦਾ ਭਰੋਸਾ ਦਿੱਤਾ ਜਾਂਦਾ ਹੈ।’’ ਮੀਰਾਬਾਈ ਰਾਜ ਪੁਲੀਸ ਵਿੱਚ ਵਧੀਕ ਪੁਲੀਸ ਸੁਪਰਡੈਂਟ ਹੈ, ਜਦਕਿ ਨੀਲਕਾਂਤ ਭਾਰਤੀ ਰੇਲਵੇ ਵਿੱਚ ਕੰਮ ਕਰਦਾ ਹੈ।