Patiala News(ਪੰਜਾਬੀ ਖਬਰਨਾਮਾ) : ਪਟਿਆਲਾ ‘ਚ ਵੱਡੀ ਵਾਰਦਾਤ ਵਾਪਰਨ ਦੀ ਖ਼ਬਰ ਹੈ। ਅਮਰਨਾਥ ਯਾਤਰਾ ਤੋਂ ਵਾਪਿਸ ਆ ਰਹੀ ਬੱਸ ‘ਤੇ 30-35 ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ, ਜਿਸ ‘ਚ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਨੌਜਵਾਨ ਕੋਲ ਤੇਜ਼ਧਾਰ ਹਥਿਆਰ ਸਨ, ਜਿਨ੍ਹਾਂ ਨੇ ਪੀੜਤ ਨੌਜਵਾਨ ਦੇ ਸਿਰ ਅਤੇ ਪਿੱਠ ‘ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਪੀੜਤ ਨੌਜਵਾਨ ਦਾ ਨਾਮ ਮੋਹਨ ਅਰੋੜਾ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ 21 ਸਾਲਾ ਦੇ ਲਗਭਗ ਹੈ।
ਹਸਪਤਾਲ ‘ਚ ਜ਼ੇਰੇ ਇਲਾਜ ਨੌਜਵਾਨ ਨੇ ਦੱਸਿਆ ਹੈ ਕਿ 2 ਜੁਲਾਈ ਨੂੰ ਇਹ ਬੱਸ ਪਟਿਆਲਾ ਤੋਂ ਅਮਰਨਾਥ ਯਾਤਰਾ ਲਈ ਗਈ ਸੀ ਅਤੇ 10 ਤਰੀਕ ਨੂੰ ਇਸ ਦੀ ਵਾਪਸੀ ਸੀ, ਪਰ ਬੱਸ 11 ਜੁਲਾਈ ਨੂੰ ਵਾਪਿਸ ਆਈ। ਉਸ ਨੇ ਕਿਹਾ ਕਿ ਆਉਂਦੇ ਸਮੇਂ ਜਿਹੜਾ ਰਾਜੂ ਪ੍ਰਧਾਨ ਨਾਂ ਦਾ ਵਿਅਕਤੀ ਬੱਸ ਲੈ ਕੇ ਗਿਆ ਸੀ ਉਸ ਨਾਲ AC ਚਲਾਉਣ ਨੂੰ ਲੈ ਕੇ ਬੱਸ ‘ਚ ਸਵਾਰ ਨੌਜਵਾਨਾਂ ਦੀ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਰਾਜੂ ਪ੍ਰਧਾਨ ਨੇ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਨੌਜਵਾਨ ਸਾਥੀਆਂ ਨੂੰ ਫੋਨ ਕਰ ਦਿੱਤਾ ਕਿ ਮੇਰੀ ਲੜਾਈ ਹੋਈ ਹੈ, ਜਿਸ ਤੋਂ ਬਾਅਦ ਜਦੋਂ ਬੱਸ ਪਟਿਆਲਾ ਪਹੁੰਚੀ ਤਾਂ ਬੱਸ ਨੂੰ ਵੱਡੀ ਨਦੀ ਦੇ ਕੋਲ 30 ਤੋਂ 35 ਹਮਲਾਵਰ ਨੇ ਘੇਰਾ ਪਾ ਲਿਆ।
ਉਸ ਨੇ ਦੱਸਿਆ ਕਿ ਰਾਜੂ ਪ੍ਰਧਾਨ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਦੂਜੇ ਨੌਜਵਾਨਾਂ ਨੂੰ ਬੱਸ ‘ਚੋਂ ਉਤਾਰ ਕੇ ਹਮਲਾ ਕਰ ਦਿੱਤਾ ਅਤੇ ਗੋਲੀਆਂ ਵੀ ਚਲਾਈਆਂ। ਹਮਲੇ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਭੱਜ ਜਾਂਦੇ ਗਏ। ਜ਼ਖ਼ਮੀ ਨੌਜਵਾਨ ਨੇ ਦੱਸਿਆ ਕਿ ਉਹ ਹਮਲਾਵਰਾਂ ‘ਚੋਂ 3 ਵਿਅਕਤੀਆਂ ਨੂੰ ਜਾਣਦਾ ਹੈ ਜਿਸ ਵਿੱਚ ਬੱਸ ਲਿਜਾਉਣ ਵਾਲਾ ਰਾਜੂ ਪ੍ਰਧਾਨ ਸੀ ਅਤੇ ਉਸਦਾ ਮੁੰਡਾ ਗੌਰਵ ਤੇ ਜਿਹੜੇ ਹਮਲਾਵਰ ਆਏ ਸੀ, ਉਨ੍ਹਾਂ ਵਿਚੋਂ ਇੱਕ ਜਿਸਨੇ ਗੋਲੀਆਂ ਚਲਾਈਆਂ ਉਹ ਹਰਪ੍ਰੀਤ ਸਿੰਘ ਢੀਠ ਹੈ। ਜਖਮੀ ਨੌਜਵਾਨ ਤੇ ਉਸਦੇ ਭਰਾ ਨੇ ਪੁਲਿਸ ਪ੍ਰਸ਼ਾਸਨ ਅਤੇ ਪਟਿਆਲਾ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਉਧਰ, ਜਖਮੀ ਨੌਜਵਾਨ ਦੇ ਬਿਆਨ ਲੈਣ ਲਈ ਕੋਤਵਾਲੀ ਥਾਣਾ ਦੇ ਐਸਐਚਓ ਹਰਜਿੰਦਰ ਸਿੰਘ ਢਿੱਲੋਂ ਹਸਪਤਾਲ ਪਹੁੰਚ ਚੁੱਕੇ ਸਨ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਛੇਤੀ ਹੀ ਮੁਲਜ਼ਮ ਪੁਲਿਸ ਦੀ ਗ੍ਰਿਫਤਾਰ ‘ਚ ਹੋਣਗੇ।