28 ਅਗਸਤ 2024 : ਕਾਂਗਰਸ ਦੇ ਜਨਰਲ ਸਕੱਤਰ ਗੁਲਾਮ ਅਹਿਮਦ ਮੀਰ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ’ਚ ਜੋ ਖੇਤਰੀ ਪਾਰਟੀਆਂ ‘ਇੰਡੀਆ’ ਗੱਠਜੋੜ ’ਚ ਸ਼ਾਮਲ ਨਹੀਂ ਹੋਈਆਂ ਹਨ, ਉਹ ਸ਼ਾਇਦ ਦੋ ਬੇੜੀਆਂ ’ਚ ਸਵਾਰ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਖੇਤਰੀ ਪਾਰਟੀਆਂ ਕੇਂਦਰ ਸ਼ਾਸਤ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਲਈ ਭਾਜਪਾ ਨਾਲ ਹੱਥ ਮਿਲਾ ਸਕਦੀਆਂ ਹਨ। ਅਨੰਤਨਾਗ ਜ਼ਿਲ੍ਹੇ ਦੇ ਡੁਰੂ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਮੀਰ ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਅੱਜ ਇਸ ਚੋਣ ਹਲਕੇ ਤੋਂ ਆਪਣੀ ਨਾਮਜ਼ਦਗੀ ਦਾਖਲ ਕੀਤੀ। ਇਸ ਦੌਰਾਨ ਮੀਰ ਨਾਲ ਕਾਂਗਰਸ ਦੀ ਜੰਮੂ ਕਸ਼ਮੀਰ ਇਕਾਈ ਦੇ ਸਿਖਰਲੇ ਨੇਤਾ ਵੀ ਸਨ। ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਨਾਮਜ਼ਦਗੀ ਦਾਖਲ ਕਰਨ ਦਾ ਅੱਜ ਆਖਰੀ ਦਿਨ ਸੀ। ਮੀਰ ਨੇ ਕਿਹਾ, ‘ਜੋ ਲੋਕ ਸਾਡੇ ਖ਼ਿਲਾਫ਼ ਚੋਣ ਲੜਨਗੇ, ਉਨ੍ਹਾਂ ਨਾਲ ਮੇਰੀ ਦੁਸ਼ਮਣੀ ਨਹੀਂ ਹੈ। ਉਹ ਮੇਰੇ ਭਰਾ ਹੋ ਸਕਦੇ ਹਨ। ਕਾਂਗਰਸ, ਨੈਸ਼ਨਲ ਕਾਨਫਰੰਸ, ਸੀਪੀਆਈ (ਐੱਮ) ਤੇ ਨੈਸ਼ਨਲ ਪੈਂਥਰਜ਼ ਪਾਰਟੀ ਨੇ (ਵਿਰੋਧੀ) ਗੱਠਜੋੜ ’ਚ ਸਾਰੀਆਂ ਭਾਜਪਾ ਵਿਰੋਧੀ ਪਾਰਟੀਆਂ ਨੂੰ ਸ਼ਾਮਲ ਕਰਨ ਦੇ ਆਪਣੇ ਫ਼ੈਸਲੇ ਦਾ ਐਲਾਨ ਕੀਤਾ ਹੈ। ਜੋ ਇਸ ਗੱਠਜੋੜ ’ਚ ਨਹੀਂ ਆਏ, ਉਹ ਭਾਜਪਾ ਖ਼ਿਲਾਫ਼ ਲੜਨ ਨੂੰ ਤਿਆਰ ਨਹੀਂ ਹਨ।’