24 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਗਲੋਬਲੀ ਪੱਧਰ ਉੱਪਰ ਸ਼ਾਨਮੱਤਾ ਰੂਪ ਅਖ਼ਤਿਆਰ ਕਰਦੇ ਜਾ ਰਹੇ ਪੰਜਾਬੀ ਸਿਨੇਮਾ ਨੂੰ ਹੋਰ ਚਾਰ ਚੰਨ ਲਾਉਣ ਜਾ ਰਹੇ ਹਨ ਬਾਲੀਵੁੱਡ ਦੇ ਦਿੱਗਜ ਅਦਾਕਾਰ ਪੰਕਜ ਕਪੂਰ, ਜੋ ਰਿਲੀਜ਼ ਪੜ੍ਹਾਅ ਦਾ ਹਿੱਸਾ ਬਣ ਚੁੱਕੀ ਪੰਜਾਬੀ ਫਿਲਮ ‘ਰਾਵੀ ਦੇ ਕੰਡੇ’ ਦੁਆਰਾ ਪਾਲੀਵੁੱਡ ਵਿਹੜੇ ਅਪਣੀ ਪ੍ਰਭਾਵੀ ਆਮਦ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਦੀ ਮੁੱਖ ਭੂਮਿਕਾ ਨਾਲ ਸਜੀ ਇਹ ਫਿਲਮ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
‘ਜੇਐਸਆਰਪੀ ਰੂਹ ਪ੍ਰੋਡੋਕਸ਼ਨ ਐਲਐਲਪੀ’ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦੇ ਨਿਰਮਾਤਾ ਜਤਿੰਦਰ ਚੌਹਾਨ ਅਤੇ ਸੰਦੀਪ ਕੌਰ ਸਿੱਧੂ ਹਨ, ਜਦਕਿ ਨਿਰਦੇਸ਼ਨ ਕਮਾਂਡ ਹੈਰੀ ਭੱਟੀ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ ‘ਰੱਬ ਦਾ ਰੇਡਿਓ’, ‘ਸਰਦਾਰ ਮੁਹੰਮਦ’ ਜਿਹੀਆਂ ਬਿਹਤਰੀਨ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
“ਮੁਹੱਬਤ ਦਾ ਸੂਰਜ ਮਾਗਦਾ ਰਹੇਗਾ, ਰਾਵੀ ਦਾ ਪਾਣੀ ਵਗਦਾ ਰਹੇਗਾ” ਦੀ ਪ੍ਰਭਾਵਪੂਰਨ ਟੈਗ-ਲਾਇਨ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਇਸ ਖੂਬਸੂਰਤ ਫਿਲਮ ਦਾ ਖਾਸ ਆਕਰਸ਼ਨ ਹੋਣਗੇ ਬਹੁ-ਪੱਖੀ ਹਿੰਦੀ ਸਿਨੇਮਾ ਅਦਾਕਾਰ ਪੰਕਜ ਕਪੂਰ, ਜੋ ਇਸ ਕਲਾਤਮਕ ਰੰਗਾਂ ਵਿੱਚ ਰੰਗੀ ਫਿਲਮ ਵਿੱਚ ਬੇਹੱਦ ਸ਼ਾਨਦਾਰ ਅਤੇ ਦਿਲ-ਟੁੰਬਵਾਂ ਰੋਲ ਪਲੇਅ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਹੋਰਨਾਂ ਕਲਾਕਾਰਾਂ ‘ਚ ਹਰੀਸ਼ ਵਰਮਾ, ਸੰਦੀਪ ਕੌਰ ਸਿੱਧੂ (ਉਰਫ਼ ਪ੍ਰਿਆ ਲਖਨਪਾਲ), ਤੀਸ਼ਾ ਕੌਰ, ਬੀਐਨ ਸ਼ਰਮਾ, ਨਵਦੀਪ ਕਲੇਰ, ਧੀਰਜ ਕੁਮਾਰ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ ਆਦਿ ਵੀ ਸ਼ੁਮਾਰ ਹਨ।
ਜੰਮੂ ਕਸ਼ਮੀਰ ਦੀਆਂ ਮਨਮੋਹਕ ਲੋਕੇਸ਼ਨਜ ਉਪਰ ਸ਼ੂਟ ਕੀਤੀ ਜਾ ਰਹੀ ਉਕਤ ਫਿਲਮ ਦੀ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਜੱਸ ਗਰੇਵਾਲ ਵੱਲੋਂ ਲਿਖੀ ਗਈ ਹੈ, ਜਦਕਿ ਇਸ ਦੇ ਐਸੋਸੀਏਟ ਡਾਇਰੈਕਟਰ ਮਨਦੀਪ ਜੋਸ਼ੀ, ਰਚਨਾਤਮਕ ਨਿਰਦੇਸ਼ਕ ਪਵਨ ਜੁਆਲ ਅਤੇ ਕਾਰਜਕਾਰੀ ਨਿਰਮਾਤਾ ਇੰਦਰਜੀਤ ਸਿੰਘ ਗਿੱਲ ਹਨ।
ਨਿਰਮਾਣ ਪੜ੍ਹਾਅ ਤੋਂ ਚਰਚਾ ਅਤੇ ਖਿੱਚ ਦਾ ਕੇਂਦਰ ਬਣੀ ਉਕਤ ਫਿਲਮ ਦੇ ਨਿਰਮਾਤਾ ਹੈਰੀ ਭੱਟੀ, ਕਮਨ ਗਿੱਲ ਅਤੇ ਭੁਪਿੰਦਰ ਸਿੰਘ ਖਮਾਣੋ ਹਨ, ਜਿੰਨ੍ਹਾਂ ਵੱਲੋਂ ਬੇਹੱਦ ਆਹਲਾ ਅਤੇ ਉਮਦਾ ਸੈੱਟਅੱਪ ਅਧੀਨ ਉਕਤ ਫਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਸੰਖੇਪ: ਪੰਕਜ ਕਪੂਰ ਹੁਣ ਪਾਲੀਵੁੱਡ ਫਿਲਮ ‘ਪੱਥਰ ਦੀ ਲੀਕ’ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਵਿਖਾਉਣਗੇ। ਇਹ ਉਨ੍ਹਾਂ ਦੀ ਪਾਲੀਵੁੱਡ ਵਿੱਚ ਨਵੀਂ ਸ਼ੁਰੂਆਤ ਹੋਵੇਗੀ।