ਨਵੀਂ ਦਿੱਲੀ, 07 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਅਮਰੀਕਾ ਅਤੇ ਪਾਕਿਸਤਾਨ ਦੀਆਂ ਨਜ਼ਦੀਕੀਆਂ ਲਗਾਤਾਰ ਹੋਰ ਮਜ਼ਬੂਤ ਹੋ ਰਹੀਆਂ ਹਨ। ਪਾਕਿਸਤਾਨ ਦੇ ਆਲਾਕਮਾਨ ਅਮਰੀਕਾ ਨੂੰ ਖੁਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਪਾਕਿਸਤਾਨ ਦੇ ਫੌਜੀ ਮੁਖੀ ਅਸੀਮ ਮੁਨੀਰ ਤੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਹਾਲ ਹੀ ਵਿੱਚ ਅਮਰੀਕਾ ਦੇ ਦੌਰੇ ‘ਤੇ ਗਏ ਸਨ। ਇਸ ਦੇ ਨਾਲ ਹੀ ਹੁਣ ਦੋਵੇ ਦੇਸ਼ ਰੇਅਰ ਅਰਥ ਮਿਨਰਲ (Rare Earth Minerals) ਨੂੰ ਕੱਢਣ ਦੀ ਤਿਆਰੀ ਕਰ ਰਹੇ ਹਨ।
ਪਾਕਿਸਤਾਨੀ ਸਮਾਚਾਰ ਚੈਨਲ ਡਾਨ ਦੇ ਅਨੁਸਾਰ, ਅਮਰੀਕਾ ਅਤੇ ਪਾਕਿਸਤਾਨ ਨੇ ਰੇਅਰ ਅਰਥ ਮਿਨਰਲ ਦੇ ਨਿਰਯਾਤ ‘ਤੇ ਹੋਏ ਸਮਝੌਤੇ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਅਮਰੀਕਾ ਨਾਲ ਸੌਦਾ ਪੱਕਾ ਕਰਨ ਲਈ ਪਾਕਿਸਤਾਨ ਨੇ ਰੇਅਰ ਅਰਥ ਮਿਨਰਲ ਦੇ ਨਮੂਨੇ ਦੇ ਤੌਰ ‘ਤੇ ਪਹਿਲੀ ਖੇਪ ਭੇਜ ਦਿੱਤੀ ਹੈ।
ਪਾਕਿਸਤਾਨ ‘ਚ ਨਿਵੇਸ਼ ਕਰੇਗਾ ਅਮਰੀਕਾ
ਸਤੰਬਰ ਵਿੱਚ ਯੂਐਸ ਸਟ੍ਰੈਟਜਿਕ ਮੈਟਲਜ਼ (USSM) ਨੇ ਪਾਕਿਸਤਾਨ ਨਾਲ ਸਮਝੌਤੇ ‘ਤੇ ਹਸਤਾਖਰ ਕੀਤੇ ਸਨ। ਇਸ ਦੇ ਤਹਿਤ USSM ਨੇ ਪਾਕਿਸਤਾਨ ਵਿੱਚ ਮਿਨਰਲ ਪ੍ਰੋਸੈਸਿੰਗ ਅਤੇ ਵਿਕਾਸ ਕਾਰਜਾਂ ਲਈ 500 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਸੀ।
ਕੀ ਹੈ ਪਾਕਿਸਤਾਨ ਦਾ ਪਲਾਨ
ਇਹ ਜਾਣਨਾ ਜਰੂਰੀ ਹੈ ਕਿ ਰੇਅਰ ਅਰਥ ਮਿਨਰਲ ਨਾ ਸਿਰਫ ਉਦਯੋਗਿਕ ਵਿਕਾਸ ਵਿੱਚ ਮਦਦਗਾਰ ਹੈ, ਸਗੋਂ ਰਾਸ਼ਟਰੀ ਸੁਰੱਖਿਆ ਦੇ ਨਜ਼ਰੀਏ ਤੋਂ ਵੀ ਬਹੁਤ ਮਹੱਤਵਪੂਰਨ ਹੈ। ਇਸ ਲਈ ਪਾਕਿਸਤਾਨ ਵੀ ਰੇਅਰ ਅਰਥ ਮਿਨਰਲ ਦੀ ਵਿਸ਼ਵ ਸਪਲਾਈ ਚੇਨ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ, ਜਿਸ ਲਈ ਪਾਕਿਸਤਾਨ ਅਮਰੀਕਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਪਹਿਲੀ ਖੇਪ ‘ਚ ਕੀ ਭੇਜਿਆ
ਪਾਕਿਸਤਾਨ ਨੇ ਅਮਰੀਕਾ ਨੂੰ ਜੋ ਪਹਿਲੀ ਖੇਪ ਭੇਜੀ ਹੈ, ਉਸ ਨੂੰ ਫਰੰਟਿਯਰ ਵਰਕ ਆਰਗਨਾਈਜ਼ੇਸ਼ਨ (FWO) ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਕਨਸਾਈਨਮੈਂਟ ਵਿੱਚ ਐਂਟੀਮਨੀ, ਕਾਪਰ ਕਾਂਕਰੀਟ ਦੇ ਨਾਲ-ਨਾਲ ਨਿਓਡੀਮੀਅਮ ਅਤੇ ਪ੍ਰੇਜ਼ੋਡੀਮੀਅਮ ਵਰਗੇ ਰੇਅਰ ਅਰਥ ਮਿਨਰਲ ਮੌਜੂਦ ਹਨ। USSM ਨੇ ਇਨ੍ਹਾਂ ਰੇਅਰ ਅਰਥ ਮਿਨਰਲ ਦੀ ਡਿਲਿਵਰੀ ਨੂੰ “ਅਮਰੀਕਾ-ਪਾਕਿਸਤਾਨ ਰਣਨੀਤਿਕ ਸਾਥੀਦਾਰੀ ਵਿੱਚ ਇੱਕ ਮੀਲ ਦਾ ਪੱਥਰ” ਦੱਸਿਆ ਹੈ।