Border Clash

06 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): ਪਾਕਿਸਤਾਨੀ ਫੌਜਾਂ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਨਾਲ ਗੋਲੀਬੰਦੀ ਦੀ ਉਲੰਘਣਾ ਜਾਰੀ ਰੱਖੀ ਤੇ ਕਈ ਸੈਕਟਰਾਂ ਵਿੱਚ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ। ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧੇ ਤਣਾਅ ਦਰਮਿਆਨ ਇਹ ਲਗਾਤਾਰ 12ਵੀਂ ਰਾਤ ਹੈ ਜਦੋਂ ਪਾਕਿਸਤਾਨ ਨੇ ਸਰਹੱਦ ਪਾਰੋਂ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਕੀਤੀ ਹੈ।

ਰੱਖਿਆ ਤਰਜਮਾਨ ਨੇ ਜੰਮੂ ਵਿਚ ਕਿਹਾ, ‘‘5 ਤੇ 6 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ਦੇ ਨਾਲ ਕੁਪਵਾੜਾ, ਬਾਰਾਮੂਲਾ, ਪੁਣਛ, ਰਾਜੌਰੀ, ਮੇਂਧੜ, ਨੌਸ਼ਹਿਰਾ, ਸੁੰਦਰਬਨੀ ਤੇ ਅਖਨੂਰ ਸੈਕਟਰਾਂ ਵਿਚ ਬਿਨਾਂ ਕਿਸੇ ਭੜਕਾਹਟ ਦੇ ਛੋਟੇ ਹਥਿਆਰਾਂ ਨਾਲ ਫਾਇਰਿੰਗ ਕੀਤੀ ਹੈ। ਭਾਰਤੀ ਫੌਜ ਨੇ ਪਾਕਿਸਤਾਨ ਦੀ ਇਸ ਹਿਮਾਕਤ ਦਾ ਢੁੱਕਵਾਂ ਜਵਾਬ ਦਿੱਤਾ।’’ ਜੰਮੂ-ਕਸ਼ਮੀਰ ਦੇ ਸੱਤ ਸਰਹੱਦੀ ਜ਼ਿਲ੍ਹਿਆਂ ਵਿੱਚੋਂ ਪੰਜ ਜ਼ਿਲ੍ਹਿਆਂ ਵਿੱਚ ਗੋਲੀਬਾਰੀ ਹੋ ਰਹੀ ਹੈ। ਹੁਣ ਤੱਕ ਸਾਂਬਾ ਅਤੇ ਕਠੂਆ ਜ਼ਿਲ੍ਹਿਆਂ ਵਿੱਚ ਕੌਮਾਂਤਰੀ ਸਰਹੱਦ ’ਤੇ ਗੋਲੀਬਾਰੀ ਦੀ ਕੋਈ ਰਿਪੋਰਟ ਨਹੀਂ ਹੈ।

ਸਰਹੱਦ ਪਾਰੋਂ ਗੋਲੀਬਾਰੀ ਦਾ ਤਾਜ਼ਾ ਦੌਰ ਫਰਵਰੀ 2021 ਵਿੱਚ ਹੋਏ ਜੰਗਬੰਦੀ ਸਮਝੌਤੇ ਨੂੰ ਕਮਜ਼ੋਰ ਕਰਦਾ ਹੈ, ਜਿਸ ਨੂੰ ਹੁਣ 740 ਕਿਲੋਮੀਟਰ ਲੰਮੀ ਕੰਟਰੋਲ ਰੇਖਾ ’ਤੇ ਪਾਕਿਸਤਾਨ ਵੱਲੋਂ ਲਗਾਤਾਰ ਉਲੰਘਣਾਵਾਂ ਕਾਰਨ ਵੱਡੇ ਪੱਧਰ ’ਤੇ ਬੇਅਸਰ ਦੇਖਿਆ ਜਾ ਰਿਹਾ ਹੈ।

ਪਾਕਿਸਤਾਨ ਨੇ ਉੱਤਰੀ ਕਸ਼ਮੀਰ ਦੇ ਕੁਪਵਾੜਾ ਅਤੇ ਬਾਰਾਮੂਲਾ ਜ਼ਿਲ੍ਹਿਆਂ ਵਿੱਚ ਕੰਟਰੋਲ ਰੇਖਾ ਦੇ ਨਾਲ ਕਈ ਚੌਕੀਆਂ ’ਤੇ ਬਿਨਾਂ ਕਿਸੇ ਭੜਕਾਹਟ ਦੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਦੀ ਸ਼ੁਰੂਆਤ ਕਰਦੇ ਹੋਏ, ਮਗਰੋਂ ਪੁਣਛ ਸੈਕਟਰ ਅਤੇ ਜੰਮੂ ਖੇਤਰ ਦੇ ਅਖਨੂਰ ਸੈਕਟਰ ਤੱਕ ਆਪਣੀ ਜੰਗਬੰਦੀ ਦੀ ਉਲੰਘਣਾ ਦਾ ਵਿਸਥਾਰ ਕੀਤਾ।

ਇਸ ਤੋਂ ਬਾਅਦ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਅਤੇ ਨੌਸ਼ਹਿਰਾ ਸੈਕਟਰਾਂ ਵਿੱਚ ਕੰਟਰੋਲ ਰੇਖਾ ਦੇ ਨਾਲਕਈ ਚੌਕੀਆਂ ’ਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ। ਇਸ ਤੋਂ ਬਾਅਦ, ਗੋਲੀਬਾਰੀ ਜੰਮੂ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਦੇ ਨਾਲ-ਨਾਲ ਪਰਗਵਾਲ ਸੈਕਟਰ ਤੱਕ ਫੈਲ ਗਈ। -ਪੀਟੀਆਈ

ਸੰਖੇਪ: ਪਾਕਿਸਤਾਨ ਨੇ 12ਵੀਂ ਰਾਤ ਗੋਲੀਬੰਦੀ ਦੀ ਉਲੰਘਣਾ ਕੀਤੀ, ਜਿਸ ਵਿੱਚ ਭਾਰਤੀ ਚੌਕੀਆਂ ਨੂੰ 8 ਸੈਕਟਰਾਂ ਵਿੱਚ ਨਿਸ਼ਾਨਾ ਬਣਾਇਆ ਗਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।