ਤਾਮਿਲਨਾਡੂ, 08 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਤਾਮਿਲਨਾਡੂ ਦੇ ਕਡਲੋਰ ਜ਼ਿਲ੍ਹੇ ਦੇ ਚੇਮੰਕੁੱਪਮ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ ਦੁਖਦਾਈ ਘਟਨਾ ਵਾਪਰੀ ਜਦੋਂ ਇੱਕ ਤੇਜ਼ ਰਫ਼ਤਾਰ ਰੇਲਗੱਡੀ ਨੇ ਇੱਕ ਮਨੁੱਖ ਰਹਿਤ ਰੇਲਵੇ ਕਰਾਸਿੰਗ ‘ਤੇ ਸਕੂਲ ਵੈਨ ਨੂੰ ਟੱਕਰ ਮਾਰ ਦਿੱਤੀ।
ਇਸ ਭਿਆਨਕ ਹਾਦਸੇ ਵਿੱਚ ਤਿੰਨ ਮਾਸੂਮ ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਦਸ ਬੱਚੇ ਅਤੇ ਵੈਨ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਗਏ। ਇਹ ਘਟਨਾ ਉਦੋਂ ਵਾਪਰੀ ਜਦੋਂ ਸਕੂਲ ਵੈਨ ਰੇਲਵੇ ਟਰੈਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜਦੋਂ ਚਿਦੰਬਰਮ ਜਾ ਰਹੀ ਇੱਕ ਯਾਤਰੀ ਰੇਲਗੱਡੀ ਵੈਨ ਨੂੰ ਟੱਕਰ ਮਾਰ ਕੇ ਲਗਭਗ 50 ਮੀਟਰ ਤੱਕ ਘਸੀਟਦੀ ਹੋਈ ਲੈ ਗਈ।
ਰੇਲਗੱਡੀ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਲ ਵੈਨ ਦੂਰ ਜਾ ਕੇ ਡਿੱਗੀ। ਲੋਕੋ ਪਾਇਲਟ ਰੇਲਗੱਡੀ ਨੂੰ ਕਿਸੇ ਤਰ੍ਹਾਂ ਰੋਕਣ ਵਿਚ ਕਾਮਯਾਬ ਰਿਹਾ। ਰੇਲਵੇ ਨੇ ਸੁਰੱਖਿਆ ਨੇਮਾਂ ਦੀ ਉਲੰਘਣਾ ਬਦਲੇ ਰੇਲਵੇ ਕਰਾਸਿੰਗ ਉਤੇ ਤਾਇਨਾਤ ਗੇਟਕੀਪਰ ਨੂੰ ਮੁਅੱਤਲ ਕਰ ਦਿੱਤਾ ਹੈ।
ਰੇਲਵੇ ਨੇ ਪੀਤੜਾਂ ਦੇ ਵਾਰਸਾਂ ਲਈ 5-5 ਲੱਖ ਰਪਏ, ਗੰਭੀਰ ਜ਼ਖ਼ਮੀਆਂ ਲਈ ਢਾਈ ਢਾਈ ਲੱਖ ਜਦੋਂਕਿ ਮਾਮੂਲੀ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ ਨੇ ਹਾਦਸੇ ਵਿਚ ਵਿਦਿਆਰਥੀਆਂ ਦੀ ਮੌਤ ਉਤੇ ਦੁੱਖ ਜਤਾਉਂਦਿਆਂ ਪੀੜਤਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਮੌਕੇ ਉਤੇ ਪੁੱਜੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਹਾਦਸੇ ਤੋਂ ਬਾਅਦ ਜ਼ਖਮੀ ਬੱਚਿਆਂ ਅਤੇ ਡਰਾਈਵਰ ਨੂੰ ਤੁਰੰਤ ਕੁਡਲੋਰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ।
ਸੰਖੇਪ: ਤਾਮਿਲਨਾਡੂ ਦੇ ਕਡਲੋਰ ਵਿੱਚ ਰੇਲਗੱਡੀ ਨੇ ਸਕੂਲ ਵੈਨ ਨੂੰ ਟੱਕਰ ਮਾਰ ਕੇ 3 ਬੱਚਿਆਂ ਦੀ ਮੌਤ ਅਤੇ 10 ਜ਼ਖਮੀ ਕਰਨ ਵਾਲਾ ਭਿਆਨਕ ਹਾਦਸਾ ਵਾਪਰਿਆ।