9 ਅਗਸਤ 2024 : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਾਣੀਵਾਲਾ ਵਿਖੇ ਬੈਠੇ ਬਾਪੂ ਭਜਨ ਸਿੰਘ ਪੁੱਤਰ ਭਾਗ ਸਿੰਘ ਦੀਆਂ ਬਟਵਾਰੇ ਦਾ ਦਰਦ ਸੁਣਾਉਂਦਿਆਂ ਅੱਖਾਂ ਭਿੱਜ ਗਈਆਂ। ਬਾਪੂ ਨੇ ਦੱਸਿਆ ਕਿ ਜਦ ਬਟਵਾਰਾ ਹੋਇਆ ਤਾਂ ਉਹ ਅੱਠ ਪਰਿਵਾਰ ਗੱਡੇ ਲੈ ਕੇ ਚੜਦੇ ਪੰਜਾਬ ਵੱਲ ਆ ਰਹੇ ਸਨ ਤਾਂ ਕਿਸੇ ਦੀਆਂ ਲੱਤਾਂ ਵੱਢੀਆਂ ਹੋਈਆਂ ਸਨ ਤੇ ਕਿਸੇ ਦੀਆਂ ਬਾਹਾਂ। ਤੜਫਦੇ ਲੋਕ ਸਾਹਮਣੇ ਦੇਖ ਕੇ ਅਸੀਂ ਅੱਖਾਂ ’ਤੇ ਹੱਥ ਧਰ ਕੇ ਅੱਖਾਂ ਬੰਦ ਕਰ ਲਈਆਂ ਕਿਉਂਕਿ ਇੰਨਾ ਭਿਆਨਕ ਦ੍ਰਿਸ਼ ਦੇਖਿਆ ਨਹੀਂ ਜਾ ਸਕਦਾ ਸੀ। ਲਾਸ਼ਾਂ ਨੂੰ ਲਤਾੜਦੇ ਗੱਡੇ ਅੱਗੇ ਵਧ ਰਹੇ ਸਨ। ਬਾਪੂ ਨੇ ਦੱਸਿਆ ਕਿ ਸਾਡਾ ਪਾਕਿਸਤਾਨ ’ਚ ਠੇਠਰ ਪਿੰਡ ਹੁੰਦਾ ਸੀ ਅਤੇ ਸਾਡੇ ਬੂਹੇ ਅੱਗੇ ਖੂਹ ਹੁੰਦਾ ਸੀ। ਉਹਦਾ ਪਾਣੀ ਸ਼ਹਿਦ ਵਰਗਾ ਮਿੱਠਾ ਹੁੰਦਾ ਸੀ। ਅਸੀਂ ਖੂਹ ’ਚ ਡੋਲ ਲਮਕਾ ਕੇ ਪਾਣੀ ਭਰਦੇ ਅਤੇ ਸੀਨਾ ਠਾਰਦੇ। ਸਾਡੇ ਪਿੰਡ ਦੇ ਨਾਲ ਲੱਖੋ ਕੇ, ਸ਼ੇਅਰ, ਮੱਲੀਆਂ, ਮੋਤਾ ਸਿੰਘ ਵਾਲਾ, ਸਾਉਣਾ, ਘੁਮਾਰ, ਡੇਰਾ ਸਾਹਿਬ ਪਿੰਡ ਸਨ ਅਤੇ ਸਾਨੂੰ ਸ਼ਹਿਰ ਲਾਹੌਰ ਲੱਗਦਾ ਸੀ। ਬਾਪੂ ਨੇ ਦੱਸਿਆ ਕਿ ਉਸ ਵਕਤ ਮੇਰੀ ਉਮਰ 14 ਸਾਲ ਦੀ ਸੀ ਜਦ ਬਹੁਤ ਜਿਆਦਾ ਰੌਲਾ ਪੈ ਗਿਆ ਅਤੇ ਪਿੰਡ ਸਾੜਨੇ ਸ਼ੁਰੂ ਕਰ ਦਿੱਤੇ ਤਾਂ ਅਸੀਂ ਅੱਠ ਘਰ ਸਰੀਕੇ ਵਜੋਂ ਇਕੱਠੇ ਹੀ ਰਹਿੰਦੇ ਸੀ ਤਾਂ ਅਸੀਂ ਅੱਠਾਂ ਘਰਾਂ ਨੇ ਆਪਣੇ ਗੱਡੇ ਜੋਤ ਲਏ ਅਤੇ ਗੱਡੇ ’ਚ ਜਿੰਨਾ ਸਮਾਨ ਟਿੱਕਦਾ ਸੀ ਉਹ ਟਿਕਾ ਕੇ ਪਰਿਵਾਰ ਸਮੇਤ ਗੱਡਿਆਂ ’ਚ ਬੈਠ ਗਏ ਅਤੇ ਚੜਦੇ ਪੰਜਾਬ ਵੱਲ ਚਾਲੇ ਪਾ ਦਿੱਤੇ। ਸੱਤ ਭਾਦੋਂ ਦਾ ਦਿਨ ਸੀ ਅਤੇ ਰੋਜਾਨਾ ਹੀ ਬਾਰਿਸ਼ ਆ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਬਹੁਤ ਸਾਰੀਆਂ ਲੜਕੀਆਂ ਪਾਕਿਸਤਾਨ ’ਚ ਰਹਿ ਗਈਆਂ ਕਿਉਂਕਿ ਮੁਸਲਮਾਨਾਂ ਨੇ ਲੜਕੀਆਂ ਖੋਹ ਲਈਆਂ ਸਨ। ਅਸੀਂ ਅੱਠ ਘਰ ਇਕੱਠੇ ਹੋਣ ਕਰਕੇ ਬਚ ਗਏ ਨਹੀਂ ਤਾਂ ਸਾਡੇ ’ਤੇ ਵੀ ਹਮਲਾ ਹੋ ਜਾਣਾ ਸੀ। ਬਾਪੂ ਨੇ ਦੱਸਿਆ ਕਿ ਮੁਸਲਮਾਨ ਅੰਨੇ ਵਾਹ ਸਿੱਖਾਂ ਦਾ ਕਤਲੇਆਮ ਕਰ ਰਹੇ ਸਨ। ਪੱਗ ਵੱਟ ਯਾਰ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਸਨ। ਕੋਈ ਕਿਸੇ ਦੀ ਲਿਹਾਜ ਨਹੀਂ ਰਹਿ ਗਈ ਸੀ। ਮੁਸਲਮਾਨ ਲੜਕੀਆਂ ਖੋਂਹਦੇ, ਲੁੱਟ ਮਾਰ ਕਰਦੇ ਅਤੇ ਸਿੱਖਾਂ ਨੂੰ ਮਾਰ ਦਿੰਦੇ ਅਤੇ ਕਹਿੰਦੇ ਕਿ ਤੁਸੀਂ ਓਧਰ ਸਾਡੇ ਮੁਸਲਮਾਨਾਂ ਨੂੰ ਮਾਰ ਰਹੇ ਹੋ। ਬਹੁਤ ਗੁੱਸਾ ਆਉਂਦਾ ਹੈ ਜਦੋਂ ਅੱਜ ਅਜ਼ਾਦੀ ਦੇ ਜਸ਼ਨ ਮਨਾਏ ਜਾਂਦੇ ਹਨ ਗਿੱਧੇ ਭੰਗੜੇ ਪੈਂਦੇ ਹਨ ਅਤੇ ਲੀਡਰ 15 ਅਗਸਤ ਨੂੰ ਵੱਡੇ ਵੱਡੇ ਭਾਸ਼ਣ ਆਜ਼ਾਦੀ ਦੇ ਦਿੰਦੇ ਹਨ ਪਰ ਇਹ ਆਜ਼ਾਦੀ ਨਹੀਂ ਸੀ ਇਹ ਤਾਂ ਪੰਜਾਬ ਦੀ ਬਰਬਾਦੀ ਸੀ। ਬਾਪੂ ਨੇ ਬਹੁਤ ਹੀ ਭਾਵਕ ਹੁੰਦਿਆਂ ਦੱਸਿਆ ਕਿ ਓਧਰੋਂ ਆ ਕੇ ਅਸੀਂ ਦਸੂਹਾ ਮੁਕੇਰੀਆਂ ਅੱਠ ਸਾਲ ਰਹੇ। ਸਾਡੇ ਕੋਲ ਮੱਝਾਂ ਹੁੰਦੀਆਂ ਸਨ ਜੋ ਅਸੀਂ ਪਾਕਿਸਤਾਨ ’ਚੋਂ ਲੈ ਕੇ ਆਏ ਸੀ। ਅਸੀਂ ਮੱਝਾਂ ਚਾਰ ਕੇ ਦੁੱਧ ਵੇਚ ਲੈਂਦੇ ਅਤੇ ਥੋੜਾ ਬਹੁਤਾ ਗੁਜਾਰਾ ਚੱਲੀ ਜਾਂਦਾ ਸੀ ਜਾਂ ਕਮਾਦ ਛਿਲ ਕੇ ਮੱਝਾਂ ਨੂੰ ਪਾ ਦੇਣਾ ਬਹੁਤ ਸਾਰੇ ਲੋਕਾਂ ਨੇ ਚੋਰੀਆਂ ਵੀ ਕੀਤੀਆਂ। ਕਿਸੇ ਦੇ ਪੱਠੇ ਵੱਢ ਲੈਣੇ ਕਿਸੇ ਦੀ ਕੋਈ ਹੋਰ ਫਸਲ ਵੱਢ ਲੈਣੀ ਕਿਉਂਕਿ ਢਿੱਡ ਭੁੱਖਾ ਮਰਦਾ ਸੀ। ਫਿਰ ਉਨ੍ਹਾਂ ਨੇ ਸਾਨੂੰ ਉਥੋਂ ਭਜਾ ਦਿੱਤਾ ਅਤੇ ਅਸੀਂ ਫਾਜਿਲਕਾ ਵਾਲੇ ਪਾਸੇ ਆ ਗਏ ਇੱਥੇ ਆ ਕੇ ਸਾਨੂੰ ਪਿੰਡ ਰਾਣੀਵਾਲਾ ਜਮੀਨ ਮਿਲੀ, ਕੁਝ ਜਮੀਨ ਅਸੀਂ ਮੁੱਲ ਲਈ, ਕੁਝ ਸਮਾਂ ਅਸੀਂ ਦੁਗਰੀ ਵੀ ਰਹੇ ਅਤੇ ਉੱਥੇ ਵੀ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਰਹੇ। ਜਦ ਬਾਪੂ ਨੂੰ ਪੁੱਛਿਆ ਗਿਆ ਕਿ ਤੁਹਾਡਾ ਦੁਬਾਰਾ ਜਾਣ ਨੂੰ ਦਿਲ ਨਹੀਂ ਕਰਦਾ ਤਾਂ ਬਾਪੂ ਨੇ ਕਿਹਾ ਕਿ ਬਹੁਤ ਹੀ ਦਿਲ ਕਰਦਾ ਹੈ ਕਿ ਮੈਂ ਆਪਣਾ ਪਿੰਡ ਵੇਖਾਂ ਆਪਣਾ ਖੂਹ ਵੇਖਾਂ ਅਤੇ ਆਪਣੇ ਯਾਰ ਬੇਲੀਆਂ ‘ਘੰਮਾ’, ‘ਛਵੀ’, ‘ਖੁਸ਼ੀ’ ਜਿਨਾਂ ਦੇ ਨਾਮ ਸਨ ਉਨ੍ਹਾਂ ਨੂੰ ਮਿਲ ਕੇ ਆਵਾਂ ਬਾਪੂ ਕਹਿੰਦਾ ਕਿ ਮੇਰੇ ਯਾਰ ਦੋਸਤ ਪਤਾ ਨਹੀਂ ਜਿਉਂਦੇ ਵੀ ਹੋਣਗੇ ਕਿ ਮਰ ਗਏ ਹੋਣਗੇ ਕਦੇ ਕੋਈ ਚਿੱਠੀ ਪੱਤਰ ਨਹੀਂ ਆਇਆ ਤੇ ਨਾ ਹੀ ਸਾਡਾ ਕੋਈ ਸੰਪਰਕ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਡੀ ਕੋਈ ਵੀ ਮੱਦਦ ਨਹੀਂ ਕੀਤੀ। ਅਸੀਂ ਪਿੰਡ ਰਾਣੀਵਾਲਾ ’ਚ ਦੋ ਕਨਾਲਾਂ ਜਮੀਨ ਲੈ ਕੇ ਵਿਚ ਘਰ ਬਣਾਇਆ ਹੈ ਜਦ ਬਾਪੂ ਨੇ ਕਿਹਾ ਕਿ 15 ਅਗਸਤ ਵਾਲੇ ਦਿਨ ਮੈਂ ਟੀਵੀ ਸਾਹਮਣੇ ਬੈਠ ਕੇ ਲੀਡਰਾਂ ਦੇ ਭਾਸ਼ਣ ਸੁਣਦਾ ਹਾਂ ਜੋ ਲੀਡਰ ਆਜ਼ਾਦੀ ਦੀਆਂ ਗੱਲਾਂ ਕਰਦੇ ਹਨ ਮੈਨੂੰ ਉਨ੍ਹਾਂ ’ਤੇ ਬਹੁਤ ਹੀ ਜਿਆਦਾ ਗੁੱਸਾ ਆਉਂਦਾ ਹੈ ਕਿ ਉਹ ਕਿਹੜੀ ਆਜ਼ਾਦੀ ਦੀਆਂ ਗੱਲਾਂ ਕਰਦੇ ਹਨ ਸਾਨੂੰ ਪੁੱਛ ਕੇ ਦੇਖੋ ਕਿ ਵਸਦੇ ਰਸਦੇ ਕਰ ਜਮੀਨਾਂ ਛੱਡ ਕੇ ਪਰਿਵਾਰ ਗਵਾ ਕੇ ਅਸੀਂ ਬੇਘਰ ਹੋ ਕੇ ਆਏ ਹਾਂ ਪਰ ਇਹ ਲੀਡਰ ਆਜ਼ਾਦੀ ਦੀਆਂ ਗੱਲਾਂ ਕਰਦੇ ਹਨ ਇਹ ਗੱਲਾਂ ਕਰਕੇ ਬਾਪੂ ਜੀ ਬਹੁਤ ਹੀ ਭਾਵਕ ਹੋ ਗਏ ਅਤੇ ਜਲਦੀ ਨਾਲ ਆਪਣੀ ਗੱਲ ਨਿਬੇੜ ਦਿੱਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।