15 ਅਗਸਤ 2024 : 1947 ਦੀ ਵੰਡ ਦੌਰਾਨ ਜਿੱਥੇ ਹਿੰਦੂ, ਸਿੱਖ ਅਤੇ ਮੁਸਲਮਾਨ ਭਾਈਚਾਰਿਆਂ ਵੱਲੋਂ ਇੱਕ-ਦੂਜੇ ਦੀ ਕਤਲੋਗਾਰਤ ਅਤੇ ਲੁੱਟਮਾਰ ਕੀਤੀ ਗਈ, ਉਥੇ ਸਾਡੇ ਪਿੰਡ ਬਾਰਾਂ ਮੰਗਾ ਦੇ ਹਿੰਦੂਆਂ ਅਤੇ ਮੁਸਲਮਾਨਾਂ ਵੱਲੋਂ ਪਿੰਡ ਦੀਆਂ ਧੀਆਂ- ਭੈਣਾਂ ਦੀ ਇੱਜ਼ਤ ਬਚਾਉਣ ਲਈ ਹਿੰਦੂਆਂ ਵੱਲੋਂ ਰਮਾਇਣ ਦੀ ਅਤੇ ਮੁਸਲਮਾਨਾਂ ਵੱਲੋਂ ਕੁਰਾਨ ਸ਼ਰੀਫ਼ ਦੀ ਸਹੁੰ ਚੁੱਕ ਲਈ ਸੀ। ਇੱਥੋਂ ਤੱਕ ਕਿ ਖੂਹ ਵਿੱਚ ਪਾਏ ਜ਼ਹਿਰ ਵਾਲੇ ਪਾਣੀ ਪੀਣ ਤੋਂ ਪਠਾਣਾ ਨੇ ਰੋਕ ਕੇ ਸਾਡੇ ਪਰਿਵਾਰਾਂ ਦੀਆਂ ਜਾਨਾਂ ਬਚਾਈਆਂ ਸਨ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਬਜ਼ੁਰਗ ਮਾਤਾ ਕਿ੍ਸ਼ਨਾ ਦੇਵੀ ਵਿੱਜ ਕਲਾਨੌਰ ਨੇ ਬਟਵਾਰੇ ਦਾ ਦਰਦ ਸੁਣਾਉਂਦਿਆਂ ਹੋਇਆਂ ਕੀਤਾ।

ਭਾਜਪਾ ਆਗੂ ਨਰਿੰਦਰ ਵਿੱਜ ਦੀ ਦਾਦੀ ਮਾਤਾ ਕਿ੍ਸ਼ਨਾ ਦੇਵੀ ਵਿੱਜ ਨੇ ਦੱਸਿਆ ਕਿ ਉਸ ਦਾ ਜਨਮ ਪਿੰਡ ਬਾਰਾਂ ਮੰਗਾਂ ਤਹਿਸੀਲ ਸ਼ਕਰਗੜ੍ਹ ਪਾਕਿਸਤਾਨ ਵਿੱਚ ਪਿਤਾ ਪੂਰਨ ਚੰਦ ਮਾਸਟਰ ਅਤੇ ਮਾਤਾ ਕੌਸ਼ੱਲਿਆ ਦੇਵੀ ਦੀ ਕੁੱਖੋਂ ਹੋਇਆ ਸੀ। ਉਹ ਚਾਰ ਭੈਣਾਂ ਤੋਂ ਵੱਡੀ ਸੀ ਅਤੇ ਉਹ ਪਿੰਡ ਦੇ ਆਰੀਆ ਸਮਾਜ ਸਕੂਲ ਵਿੱਚ ਛੇਵੀਂ ਜਮਾਤ ਦੀ ਵਿਦਿਆਰਥਣ ਸੀ ਤੇ ਉਸ ਦੇ ਪਿਤਾ ਪੂਰਨ ਚੰਦ ਨਾਲ ਲੱਗਦੇ ਪਿੰਡ ਬੂਰਾ ਡੱਲਾ ਵਿੱਚ ਅਧਿਆਪਕ ਸਨ। ਵੰਡ ਦੌਰਾਨ ਜਦੋਂ ਲੁੱਟਮਾਰ ਅਤੇ ਮਾਰਧਾੜ ਸ਼ੁਰੂ ਹੋ ਗਈ ਸੀ ਤਾਂ ਸਾਡੇ ਪਿੰਡ ਵਿੱਚ ਹਿੰਦੂ ਭਾਈਚਾਰੇ ਦੇ ਸਿਆਣੇ ਲੋਕਾਂ ਵੱਲੋਂ ਰਮਾਇਣ ਦੀ ਕਸਮ ਅਤੇ ਮੁਸਲਮਾਨ ਭਾਈਚਾਰੇ ਦੇ ਸਿਆਣੇ ਲੋਕਾਂ ਵੱਲੋਂ ਕੁਰਾਨ ਸ਼ਰੀਫ ਦੀ ਕਸਮ ਖਾ ਲਈ ਗਈ ਸੀ ਕਿ ਉਹ ਇੱਕ-ਦੂਜੇ ਦੀਆਂ ਧੀਆਂ-ਭੈਣਾਂ ਨੂੰ ਬੇਇੱਜ਼ਤ ਨਹੀਂ ਕਰਨਗੇ ਜਦਕਿ ਮੁਸਲਮਾਨ ਮੁੰਡਿਆਂ ਵੱਲੋਂ ਪਿੰਡ ਬਾਰਾਂ ਮੰਗਾਂ ਦੇ ਹਿੰਦੂਆਂ ਦੀਆਂ ਕੁੜੀਆਂ ਦੀਆਂ ਵੰਡੀਆਂ ਵੀ ਪਾ ਲਈਆਂ ਸਨ।

ਮਾਤਾ ਨੇ ਦੱਸਿਆ ਕਿ ਪਾਕਿਸਤਾਨ ਦੇ ਵੰਡ ਹੋਣ ਉਪਰੰਤ ਉਸ ਦੇ ਪਿਤਾ ਅਤੇ ਹੋਰ ਹਿੰਦੂਆਂ ਵੱਲੋਂ ਤੜਕਸਾਰ ਸਵੇਰੇ ਇਕ ਗੱਡੇ ’ਤੇ ਇੱਕ ਘਿਓ ਦਾ ਟੀਨ, ਅੱਧੀ ਬੋਰੀ ਖੰਡ, ਇੱਕ ਬੋਰੀ ਆਟਾ ਅਤੇ ਹੋਰ ਸਾਮਾਨ ਲੱਦ ਕੇ ਘਰੋਂ ਤੁਰੇ ਸਨ। ਰਸਤੇ ਵਿੱਚ ਮੁਸਲਮਾਨਾਂ ਨੇ ਹੱਲਾ ਬੋਲ ਦਿੱਤਾ ਅਤੇ ਸਾਮਾਨ ਛੱਡ ਕੇ ਕਮਾਦਾਂ ਵਿਚ ਲੁਕ ਕੇ ਜਾਨਾਂ ਬਚਾਈਆਂ। ਮਾਤਾ ਨੇ ਦੱਸਿਆ ਕਿ ਜਦੋਂ ਉਹ ਖੂਹ ਦਾ ਪਾਣੀ ਪੀਣ ਲੱਗੇ ਤਾਂ ਪਠਾਨਾਂ ਨੇ ਉਨ੍ਹਾਂ ਨੂੰ ਕਿਹਾ ਕਿ ਖੂਹ ਵਿਚ ਜ਼ਹਿਰ ਮਿਲਾਇਆ ਹੋਇਆ ਹੈ, ਪਾਣੀ ਨਾ ਪੀਓ ਅਤੇ ਰਸਤੇ ਵਿੱਚ ਭਾਰਤ ਵਾਲੇ ਪਾਸੇ ਤੋਂ ਪਾਕਿਸਤਾਨ ਜਾਣ ਵਾਲੇ ਮੁਸਲਮਾਨ ਕਾਫਲੇ ਵਿੱਚ ਔਰਤਾਂ ਵੱਲੋਂ ਇਹ ਨਾਅਰਾ ਲਾਇਆ ਜਾ ਰਿਹਾ ਸੀ, ‘ਤੁਸੀਂ ਸਾਂਭੋ ਸਾਡੇ ਠੂਠੇ ਤੇ ਕਨਾਲੀਆਂ, ਅਸੀਂ ਸਾਂਭਾਗੇ ਤੁਹਾਡੇ ਮਹਿਲ ਤੇ ਮਾੜੀਆਂ।’

ਮਾਤਾ ਕਿ੍ਸ਼ਨਾ ਨੇ ਦੱਸਿਆ ਕਿ ਉਸ ਦਾ ਪਿਤਾ ਮਾਸਟਰ ਪੂਰਨ ਚੰਦ ਨੇ ਪਰਿਵਾਰ ਦੇ ਗਹਿਣੇ ਆਪਣੇ ਸਕੂਲ ਦੇ ਵਰਾਂਡੇ ਵਿਚ ਪੀਪੇ ਪਾ ਕੇ ਦੱਬੇ ਸਨ ਅਤੇ ਮਾਹੌਲ ਠੀਕ ਹੋਣ ਤੋਂ ਬਾਅਦ ਆਰਮੀ ਨਾਲ ਗਹਿਣੇ ਗੱਟੇ ਲੈਣ ਗਿਆ ਸੀ ਪਰ ਮੁਸਲਮਾਨਾਂ ਨੇ ਸੋਨੇ ਦੇ ਗਹਿਣਿਆਂ ਵਾਲਾ ਪੀਪਾ ਲੁੱਟ ਲਿਆ ਸੀ ਅਤੇ ਪਿਤਾ ਨੂੰ ਖਾਲੀ ਹੱਥ ਹੀ ਪਰਤਣਾ ਪਿਆ ਸੀ। ਮਾਤਾ ਕਿ੍ਸ਼ਨਾ ਦੇਵੀ ਨੇ ਕਿਹਾ ਕਿ ਭਾਵੇਂ ਅੱਜ ਦੇਸ਼ ਭਰ ਵਿੱਚ ਹਰ ਘਰ ਤਿਰੰਗਾ ਲਗਾ ਕੇ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਹਨ ਪ੍ਰੰਤੂ ਆਜ਼ਾਦੀ ਮਿਲਣ ਸਮੇਂ ਹੋਈ ਬਰਬਾਦੀ ਅਜੇ ਵੀ ਭੁੱਲਦੀ ਨਹੀਂ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।