28 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਪਹਿਲਗਾਮ ਅਤਿਵਾਦੀ ਹਮਲੇ ਵਿਚ 26 ਸੈਲਾਨੀਆਂ ਦੀ ਮੌਤ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਲਗਾਤਾਰ ਵਧ ਰਿਹਾ ਹੈ। ਦੋਵਾਂ ਮੁਲਕਾਂ ਦਰਮਿਆਨ ਵਧਦੀ ਕਸ਼ੀਦਗੀ ਕਰਕੇ ਸਰਹੱਦੀ ਕਸਬਿਆਂ ਵਿਚ ਰਹਿੰਦੇ ਲੋਕ ਦਹਿਸ਼ਤ ਵਿਚ ਹਨ। ਕੁਝ ਥਾਵਾਂ ਉਤੇ ਸਥਾਨਕ ਲੋਕਾਂ ਨੇ ਹੁਣ ਇਹਤਿਆਤ ਵਜੋਂ ਕਮਿਊਨਿਟੀ ਬੰਕਰਾਂ ਨੂੰ ਸਾਫ਼ ਕਰ ਦਿੱਤਾ ਹੈ। ਸਰਹੱਦੀ ਲੋਕਾਂ ਮੁਤਾਬਕ ਉਹ ਹੋਰ ਹਾਲਾਤ ਨਾ ਵਿਗੜਨ ਦੀ ਉਮੀਦ ਕਰ ਰਹੇ ਹਨ।
ਇਧਰ, ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਲੋਕ ਸਹਿਮੇ ਹੋਏ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਕਾਰਨ ਗੁਰਦਾਸਪੁਰ ਦੇ ਸਰਹੱਦੀ ਚੌਤਰਾ ਸਮੇਤ ਕਈ ਪਿੰਡ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਲਗਾਤਾਰ ਅਨਾਊਸਮੈਂਟ ਹੋ ਰਹੀ ਹੈ। ਇਸ ਵਿਚ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਜੰਗ ਨਹੀਂ ਹੋਣੀ ਚਾਹੀਦੀ। ਤਣਾਅ ਕਾਰਨ ਸਰਹੱਦੀ ਪਿੰਡਾਂ ਵਿਚ ਦਹਿਸ਼ਤ ਹੈ।
ਪਾਕਿਸਤਾਨ ਨਾਲ ਲੱਗਦੀ ਭਾਰਤੀ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰਲੀ ਜ਼ਮੀਨ ਉੱਤੇ ਫ਼ਸਲ ਦੀ ਕਟਾਈ ਦਾ ਕੰਮ ਦੋ ਦਿਨਾਂ ਵਿਚ ਮੁਕੰਮਲ ਕਰ ਲੈਣ ਦੀ ਚਰਚਾ ਦਰਮਿਆਨ ਸਰਹੱਦੀ ਖੇਤਰ ਦੇ ਲੋਕਾਂ ਵਿੱਚ ਜੰਗ ਸ਼ੁਰੂ ਹੋਣ ਦੇ ਖ਼ਦਸ਼ਿਆਂ ਕਰਕੇ ਤਣਾਅ ਵਾਲਾ ਮਾਹੌਲ ਹੈ।
ਸਰਹੱਦੀ ਖੇਤਰ ਦੇ ਕਿਸਾਨਾਂ ਨੇ ਦੱਸਿਆ ਕਿ ਵੱਖ-ਵੱਖ ਥਾਵਾਂ ਉਤੇ ਮੁਨਿਆਦੀ ਕੀਤੀ ਗਈ ਹੈ ਕਿ ਕੰਡਿਆਲੀ ਤਾਰ ਤੋਂ ਪਾਰਲੀ ਜ਼ਮੀਨ ਵਿਚ ਲੱਗੀ ਕਣਕ ਦੀ ਫਸਲ ਦੀ ਕਟਾਈ ਦੋ ਦਿਨਾਂ ਵਿੱਚ ਮੁਕੰਮਲ ਕਰ ਲਈ ਜਾਵੇ। ਜੇਕਰ ਕਣਕ ਦੀ ਫਸਲ ਕੱਟੀ ਜਾ ਚੁੱਕੀ ਹੈ ਤਾਂ ਉਸ ਦੀ ਰਹਿੰਦ-ਖੂੰਹਦ ਨੂੰ ਵੀ ਸਾਫ ਕਰ ਲਿਆ ਜਾਵੇ। ਕਿਸਾਨਾਂ ਨੇ ਦੱਸਿਆ ਕਿ ਕੰਡਿਆਲੀ ਤਾਰ ਤੋਂ ਇਧਰਲੇ ਪਾਸੇ ਵਧੇਰੇ ਥਾਵਾਂ ਉਤੇ ਫਸਲ ਪਹਿਲਾਂ ਹੀ ਕੱਟੀ ਜਾ ਚੁੱਕੀ ਹੈ ਅਤੇ ਕੰਡਿਆਲੀ ਤਾਰ ਤੋਂ ਪਾਰ ਵੀ ਕਈ ਥਾਵਾਂ ’ਤੇ ਫਸਲ ਦੀ ਕਟਾਈ ਜਾਰੀ ਹੈ।
ਸਰਹੱਦੀ ਪਿੰਡਾਂ ਦੇ ਲੋਕਾਂ ਵਿੱਚ ਜੰਗ ਲੱਗਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਕਰੀਬ 550 ਕਿਲੋਮੀਟਰ ਲੰਮੀ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਲਗਭਗ 30 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਹੈ। ਉਨ੍ਹਾਂ ਕਿਹਾ ਕਿ ਜੰਗ ਦੇ ਖਦਸ਼ੇ ਕਰਕੇ ਲੋਕ ਸਹਿਮੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਮਸਲੇ ਦਾ ਹੱਲ ਜੰਗ ਦੀ ਥਾਂ ਗੱਲਬਾਤ ਰਾਹੀਂ ਹੋਣਾ ਚਾਹੀਦਾ ਹੈ।
ਸੰਖੇਪ: ਪਹਿਲਗਾਮ ਹਮਲੇ ਦੇ ਬਾਅਦ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਜੰਗ ਦੇ ਖ਼ਤਰੇ ਕਾਰਨ ਅਨਾਊਂਸਮੈਂਟਾਂ ਹੋ ਰਹੀਆਂ ਹਨ, ਲੋਕਾਂ ਵਿੱਚ ਚਿੰਤਾ ਦਾ ਮਾਹੌਲ।