13 ਅਗਸਤ 2024 : ਇੱਥੇ ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਵੱਲੋਂ ਅੱਜ ਹਸਪਤਾਲ ਵਿੱਚ ਤਿੰਨ ਘੰਟੇ ਓਪੀਡੀ ਸੇਵਾਵਾਂ ਠੱਪ ਕਰਕੇ ਰੋਸ ਮੁਜ਼ਾਹਰਾ ਕੀਤਾ ਤੇ ਪੀੜਤਾ ਲਈ ਇਨਸਾਫ਼ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਕੋਲਕਾਤਾ ਦੇ ਇੱਕ ਹਸਪਤਾਲ ’ਚ ਡਿਊਟੀ ਦੌਰਾਨ ਮਹਿਲਾ ਡਾਕਟਰ ਨਾਲ ਜਬਰ-ਜਨਾਹ ਮਗਰੋਂ ਕਤਲ ਦੇ ਰੋਸ ਵਜੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ’ਤੇ ਅੱਜ ਦੇਸ਼ ਭਰ ’ਚ ਮੁਜ਼ਾਹਰੇ ਕੀਤੇ ਗਏ। ਰਾਜਿੰਦਰ ਹਸਪਤਾਲ ਵਿੱਚ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਪ੍ਰਧਾਨ ਡਾਕਟਰ ਅਕਸ਼ੈ ਸੇਠ ਨੇ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਵੀ ਸੁਰੱਖਿਆ ਪ੍ਰਬੰਧ ਨਾ ਬਰਾਬਰ ਹਨ। ਖ਼ਾਸ ਤੌਰ ’ਤੇ ਰਾਤ ਵੇਲੇ ਮਹਿਲਾ ਡਾਕਟਰ ਅਤੇ ਸਟਾਫ਼ ਨੂੰ ਬਹੁਤ ਖ਼ਤਰਾ ਰਹਿੰਦਾ ਹੈ ਕਿਉਂਕਿ ਜੋ ਸੁਰੱਖਿਆ ਦਿੱਤੀ ਗਈ ਹੈ ਉਹ ਮਾਪਦੰਡ ਤੋਂ ਬਹੁਤ ਘੱਟ ਹੈ। ਦੂਜੇ ਪਾਸੇ ਓਪੀਡੀ ਅੱਗੇ ਸਵੇਰੇ 8 ਵਜੇ ਤੋਂ 11 ਵਜੇ ਤੱਕ ਪ੍ਰਦਰਸ਼ਨ ਕਾਰਨ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਪੀਸੀਐੱਮਐੱਸ ਐਸੋਸੀਏਸ਼ਨ ਵੱਲੋਂ ਡਾਕਟਰ ਹਰਿੰਦਰ ਗਿੱਲ ਨੇ ਕਿਹਾ ਕਿ ਜ਼ਿਲ੍ਹੇ ਦੇ ਹੋਰ ਵੀ ਵੱਡੇ ਹਸਪਤਾਲਾਂ ਜਿਵੇਂ ਕਿ ਰਾਜਪੁਰਾ ਤੇ ਨਾਭਾ ਆਦਿ ਵਿੱਚ ਵੀ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਹਨ। ਇਸ ਮੌਕੇ ਡਾਕਟਰ ਰਮਨਦੀਪ ਸਿੰਘ, ਡਾਕਟਰ ਮਿਲਨਪ੍ਰੀਤ ਸਿੰਘ, ਡਾਕਟਰ ਗੁਰਬੀਰ ਸਿੰਘ ਧਾਮੀ ਸਮੇਤ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਸਮਾਣਾ (ਸੁਭਾਸ਼ ਚੰਦਰ): ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ’ਤੇ ਸਿਵਲ ਹਸਪਤਾਲ ਸਮਾਣਾ ਦੇ ਡਾਕਟਰਾਂ ਨੇ ਵੀ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਡਾਕਟਰਾਂ ਨੇ ਮਹਿਲਾ ਡਾਕਟਰ ਦੇ ਕਾਤਲ ਨੂੰ ਸਪੈਸ਼ਲ ਕੋਰਟ ਰਾਹੀਂ ਜਲਦੀ ਸਜ਼ਾ ਦੇਣ ਅਤੇ ਹਸਪਤਾਲਾਂ ਵਿੱਚ ਪੈਰਾਮੈਡੀਕਲ ਸਟਾਫ ਤੇ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।
ਐੱਸਐੱਮਓ ਡਾਕਟਰ ਮਨਜੀਤ ਕੌਰ ਨੇ ਹੋਈ ਘਟਨਾ ਦੀ ਨਿੰਦਾ ਕਰਦਿਆਂ ਦੱਸਿਆ ਕਿ ਉਕਤ ਮਹਿਲਾ ਡਾਕਟਰ 36 ਘੰਟੇ ਦੀ ਡਿਊਟੀ ’ਤੇ ਸੀ ਤੇ ਉਹ ਸੈਮੀਨਾਰ ਹਾਲ ਵਿੱਚ ਆਰਾਮ ਕਰ ਰਹੀ ਸੀ ਕਿ ਇਸ ਦੌਰਾਨ ਹਸਪਤਾਲ ਦੇ ਮੁਲਾਜ਼ਮ ਨੇ ਉਸ ਨਾਲ ਜਬਰ-ਜਨਾਹ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਮੌਕੇ ਡਾਕਟਰ ਜਤਿਨ ਡਾਹਰਾ, ਡਾਕਟਰ ਦੀਪਕ ਮੁੰਗਾ, ਡਾਕਟਰ ਦੀਪਿਕਾ, ਡਾਕਟਰ ਨਰੇਸ਼ ਬਾਂਸਲ, ਡਾਕਟਰ ਜਸਪ੍ਰੀਤ, ਡਾਕਟਰ ਸਚਿਨ, ਡਾਕਟਰ ਸਰਨਦੀਪ ਤੇ ਡਾਕਟਰ ਕਮਲਪ੍ਰੀਤ ਆਦਿ ਹਾਜ਼ਰ ਸਨ।
ਕਮਿਊਨਿਟੀ ਹੈਲਥ ਅਫ਼ਸਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਡਿਪਟੀ ਕਮਿਸ਼ਨਰ ਅੱਗੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਪੁਤਲੇ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਨੂੰ ਮੰਗ ਪੱਤਰ ਸੌਂਪੇ। ਪ੍ਰਦਰਸ਼ਨਕਾਰੀਆਂ ਨੇ 15 ਅਗਸਤ ਨੂੰ ਅਜ਼ਾਦੀ ਦਿਵਸ ਮੌਕੇ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਕਮਿਊਨfਟੀ ਹੈਲਥ ਅਫ਼ਸਰ ਐਸੋਸੀਏਸ਼ਨ ਦੀ ਜ਼ਿਲ੍ਹਾ ਪ੍ਰਧਾਨ ਨੀਸ਼ਾ ਰਾਣੀ, ਯੂਨੀਅਨ ਆਗੂਆਂ ਸ਼ਰਨਦੀਪ ਕੌਰ, ਕਮਲਪ੍ਰੀਤ ਕੌਰ, ਸੰਜੇ ਕੁਮਾਰ ਅਤੇ ਅਕਾਸ਼ਦੀਪ ਕੌਰ ਨੇ ਦੱਸਿਆ ਕਿ ਸੂਬੇ ਵਿੱਚ 2500 ਸੀਐੱਚਓ ਪਿੰਡਾਂ ਵਿੱਚ ਚੱਲਦੇ ਹੈਲਥ ਐਂਡ ਵੈਲਨੈਸ ਸੈਂਟਰਾਂ ਵਿੱਚ ਸਿਹਤ ਸੇਵਾਵਾਂ ਦੇ ਰਹੇ ਹਨ ਅਤੇ ਜ਼ਮੀਨੀ ਪੱਧਰ ’ਤੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ ਪਰ ਕਿਸੇ ਵੱਲੋਂ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਗਈ। ਲਗਾਤਾਰ 2 ਸਾਲਾਂ ਤੋਂ ਉਹ ਸਰਕਾਰ ਦੇ ਮੰਤਰੀਆਂ ਅਤੇ ਅਹੁਦੇਦਾਰਾਂ ਨੂੰ ਮੰਗ ਪੱਤਰ ਦੇ ਰਹੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਸਾਰੇ ਮੁਲਾਜ਼ਮਾਂ ਵਿੱਚ ਸਰਕਾਰ ਦੀ ਡੰਗ ਟਪਾਊ ਨੀਤੀ ਪ੍ਰਤੀ ਭਾਰੀ ਰੋਸ ਹੈ। ਆਗੂਆਂ ਨੇ ਦੱਸਿਆ ਕਿ ਉਹ ਪਿੰਡਾਂ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਦਿੰਦੇ ਨੇ ਪਰ ਸਿਹਤ ਵਿਭਾਗ ਵੱਲੋਂ ਲੋੜੀਂਦੀਆਂ ਦਵਾਈਆਂ, ਸ਼ੂਗਰ ਚੈੱਕ ਕਰਨ ਦੀਆਂ ਸਟ੍ਰਿਪਾਂ, ਆਨਲਾਈਨ ਕੰਮ ਕਰਨ ਲਈ ਇੰਟਰਨੈੱਟ ਵਗੈਰਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਪ੍ਰੋਗਰਾਮ ਤਹਿਤ 15 ਅਗਸਤ ਨੂੰ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ।