ਅਮਰੀਕਾ, 06 ਫਰਵਰੀ 2025 (ਪੰਜਾਬੀ ਖਬਰਨਾਮਾ ਬਿਊਰੋ ):- ਅਮਰੀਕਾ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਮੁਲਕ ਵਿਚੋਂ ਬਾਹਰ ਕੱਢਣ ਦੇ ਫੈਸਲੇ ਤਹਿਤ 30 ਪੰਜਾਬੀਆਂ ਸਮੇਤ ਭਾਰਤ ਦੇ 104 ਪਰਵਾਸੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੇ। ਉਨ੍ਹਾਂ ਨੂੰ ਅਮਰੀਕਾ ਦਾ ਫੌਜੀ ਜਹਾਜ਼ ਸੀ-17 ਇੱਥੇ ਛੱਡ ਕੇ ਵਾਪਸ ਪਰਤ ਗਿਆ। ਸੂਤਰਾਂ ਮੁਤਾਬਕ ਅਗਲੇ ਦਿਨਾਂ ਵਿਚ ਵੱਡੀ ਗਿਣਤੀ ਭਾਰਤੀ, ਜਿਨ੍ਹਾਂ ਵਿਚੋਂ ਬਹੁਤੇ ਪੰਜਾਬੀ ਹਨ, ਵਾਪਸ ਭੇਜੇ ਜਾ ਸਕਦੇ ਹਨ।
ਟਰੰਪ ਪ੍ਰਸ਼ਾਸਨ ਇਮੀਗ੍ਰੇਸ਼ਨ ਉਤੇ ਕੰਟਰੋਲ ਲਈ ਫੌਜੀ ਸਰੋਤਾਂ ਦੀ ਤੇਜ਼ੀ ਨਾਲ ਵਰਤੋਂ ਕਰ ਰਿਹਾ ਹੈ, ਜਿਸ ਵਿਚ ਵਾਧੂ ਫੌਜੀ ਬਲਾਂ ਦੀ ਤਾਇਨਾਤੀ, ਫੌਜੀ ਜਹਾਜ਼ਾਂ ਰਾਹੀਂ ਡਿਪੋਰਟ ਤੇ ਪਰਵਾਸੀਆਂ ਲਈ ਫੌਜੀ ਟਿਕਾਣਿਆਂ ਦੀ ਵਰਤੋਂ ਸ਼ਾਮਲ ਹੈ। ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਨੇ ਟੈਕਸਸ ਤੇ ਕੈਲੇਫੋਰਨੀਆ ਵਿਚੋਂ ਹਿਰਾਸਤ ਵਿਚ ਲਏ 5000 ਤੋਂ ਵਧ ਪਰਵਾਸੀਆਂ ਨੂੰ ਡਿਪੋਰਟ ਕਰਨ ਲਈ ਫੌਜੀ ਉਡਾਣਾਂ ਦੀ ਸਹਾਇਤਾ ਵੀ ਸ਼ੁਰੂ ਕੀਤੀ ਹੈ।
ਨਵੀਂ ਦਿੱਲੀ ਵਿੱਚ ਅਮਰੀਕੀ ਅੰਬੈਸੀ ਦੇ ਬੁਲਾਰੇ ਨੇ ਕਿਹਾ, ‘‘ਯੂਨਾਈਟਿਡ ਸਟੇਟਸ ਆਪਣੀਆਂ ਸਰਹੱਦਾਂ ਉਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖ਼ਤ ਕਰ ਰਿਹਾ ਹੈ ਅਤੇ ਗੈਰਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ।’’ ਅਮਰੀਕਾ ਨੇ ਨਵੰਬਰ 2024 ਵਿੱਚ 18,000 ਗੈਰਕਾਨੂੰਨੀ ਪਰਵਾਸੀਆਂ ਦੀ ਸੂਚੀ ਸਾਂਝੀ ਕੀਤੀ ਸੀ, ਜਿਨ੍ਹਾਂ ਨੂੰ ਵਾਪਸ ਭਾਰਤ ਭੇਜਣ ਦੀ ਲੋੜ ਸੀ। ਉਧਰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਭਾਰਤ ਗੈਰਕਾਨੂੰਨੀ ਪਰਵਾਸ ਦੀ ਵਕਾਲਤ ਨਹੀਂ ਕਰਦਾ ਹੈ। ਸੂਤਰਾਂ ਮੁਤਾਬਕ ਆਉਂਦੇ ਦਿਨਾਂ ਵਿਚ ਵੱਡੀ ਗਿਣਤੀ ਪਰਵਾਸੀਆਂ ਨੂੰ ਇਸੇ ਤਰ੍ਹਾਂ ਉਨ੍ਹਾਂ ਦੇ ਮੁਲਕ ਵਾਪਸ ਛੱਡਣ ਦੀ ਵੱਡੇ ਪੱਧਰ ਉਤੇ ਮੁਹਿੰਮ ਜਾਰੀ ਰਹੇਗੀ।
ਅਮਰੀਕਾ ਵੱਲੋਂ ਕੱਲ੍ਹ ਵਾਪਸ ਭੇਜੇ ਗਏ ਪਰਵਾਸੀ ਭਾਰਤੀਆਂ ਵਿੱਚ ਗੁਜਰਾਤ ਦੇ 33 ਅਤੇ ਹਰਿਆਣਾ ਦੇ 35 ਨਾਗਰਿਕ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਯੂਪੀ ਅਤੇ ਮਹਾਰਾਸ਼ਟਰ ਦੇ ਨਾਗਰਿਕ ਵੀ ਵਾਪਸ ਭੇਜੇ ਗਏ ਹਨ। ਅਮਰੀਕਾ ਤੋਂ ਆਏ 30 ਪੰਜਾਬੀਆਂ ਵਿੱਚੋਂ ਪੰਜ ਅੰਮ੍ਰਿਤਸਰ, ਇਕ-ਇਕ ਗੁਰਦਾਸਪੁਰ, ਤਰਨ ਤਾਰਨ, ਸੰਗਰੂਰ, ਐੱਸਏਐੱਸ ਨਗਰ ਅਤੇ ਫਤਹਿਗੜ੍ਹ ਸਾਹਿਬ, ਚਾਰ-ਚਾਰ ਜਲੰਧਰ ਤੇ ਪਟਿਆਲਾ, ਛੇ ਕਪੂਰਥਲਾ, ਦੋ-ਦੋ ਹੁਸ਼ਿਆਰਪੁਰ, ਲੁਧਿਆਣਾ ਅਤੇ ਐੱਸਬੀਐੱਸ ਨਗਰ ਦੇ ਵਿਅਕਤੀ ਸ਼ਾਮਲ ਹਨ। ਕੁੱਲ 104 ਭਾਰਤੀ ਨਾਗਰਿਕਾਂ ਵਿੱਚ 12 ਬੱਚੇ ਅਤੇ ਦੋ ਦਰਜਨ ਦੇ ਲਗਭਗ ਔਰਤਾਂ ਵੀ ਸ਼ਾਮਲ ਹਨ।
ਹੁਣ ਤੱਕ ਫੌਜੀ ਜਹਾਜ਼ਾਂ ਦੀ ਮਦਦ ਨਾਲ ਗੁਆਟੇਮਾਲਾ, ਪੇਰੂ ਤੇ ਹੌਂਡੂਰਸ ਤੋਂ ਪਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਹਾਲਾਂਕਿ ਫੌਜੀ ਉਡਾਣਾਂ ਤੋਂ ਗੈਰਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨਾ ਬੇਹੱਦ ਮਹਿੰਗਾ ਸਾਬਤ ਹੋ ਰਿਹਾ ਹੈ। ਰਿਪੋਰਟਾਂ ਮੁਤਾਬਕ ਗੁਆਟੇਮਾਲਾ ਭੇਜੇ ਗਏ ਪਰਵਾਸੀਆਂ ਦੀ ਇਕ ਫੌਜੀ ਉਡਾਣ ਦਾ ਖਰਚ ਪ੍ਰਤੀ ਵਿਅਕਤੀ 4,675 ਡਾਲਰ (ਕਰੀਬ 3.9 ਲੱਖ ਰੁਪਏ) ਆਉਂਦਾ ਹੈ। ਟਰੰਪ ਪ੍ਰਸ਼ਾਸਨ ਗੈਰਕਾਨੂੰਨੀ ਪਰਵਾਸੀਆਂ ਬਾਰੇ ਸਿਫ਼ਰ ਸਹਿਣਸ਼ੀਲਤਾ ਨੀਤੀ ਅਪਣਾ ਰਿਹਾ ਹੈ, ਜਿਸ ਨਾਲ ਭਵਿੱਖ ਵਿਚ ਹੋਰ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਜਤਾਈ ਗਈ ਹੈ।
ਸੰਖੇਪ:- ਅਮਰੀਕਾ ਨੇ ਗੈਰਕਾਨੂੰਨੀ ਪਰਵਾਸੀਆਂ ਨੂੰ ਮੁਲਕ ਤੋਂ ਬਾਹਰ ਕੱਢਣ ਲਈ ਫੌਜੀ ਉਡਾਣਾਂ ਦੀ ਮਦਦ ਨਾਲ 104 ਭਾਰਤੀ, ਜਿਸ ਵਿੱਚ 30 ਪੰਜਾਬੀ ਸ਼ਾਮਲ ਹਨ, ਅੰਮ੍ਰਿਤਸਰ ਛੱਡੇ। ਟਰੰਪ ਪ੍ਰਸ਼ਾਸਨ ਤੇਜ਼ੀ ਨਾਲ ਇਸ ਪ੍ਰਕਿਰਿਆ ਨੂੰ ਅੱਗੇ ਵਧਾ ਰਿਹਾ ਹੈ।