05 ਅਗਸਤ 2024 : ਭਾਰਤ ਲਈ ਪੈਰਿਸ ਓਲੰਪਿਕ-2024 ਦੇ ਬੀਤੇ 9 ਦਿਨ ਮਿਲੇ-ਜੁਲੇ ਰਹੇ। ਨਿਸ਼ਾਨੇਬਾਜ਼ੀ ਵਿਚ ਦੇਸ਼ ਨੇ ਤਿੰਨ ਤਗਮੇ ਜਿੱਤੇ ਹਨ, ਜਿਨ੍ਹਾਂ ਵਿੱਚੋਂ ਮਨੂ ਭਾਕਰ ਨੇ ਦੋ ਜਿੱਤੇ ਹਨ। ਕੁਝ ਦਾਅਵੇਦਾਰ ਮੈਡਲ ਦੀ ਦੌੜ ‘ਚੋਂ ਬਾਹਰ ਹੋ ਗਏ, ਜਿਨ੍ਹਾਂ ‘ਚੋਂ ਸਭ ਤੋਂ ਵੱਡਾ ਨਾਂ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਦਾ ਹੈ। ਇਸ ਵਾਰ ਵੀ ਸਿੰਧੂ ਤੋਂ ਤਮਗੇ ਦੀ ਉਮੀਦ ਸੀ ਪਰ ਉਹ ਤਗਮੇ ਦੀ ਹੈਟ੍ਰਿਕ ਨਹੀਂ ਲਗਾ ਸਕੀ। ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਵੀ ਤਗਮੇ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਇਸ ਦੇ ਨਾਲ ਹੀ ਮੁੱਕੇਬਾਜ਼ੀ ‘ਚ ਲਵਲੀਨਾ ਦੀ ਵੀ ਹਾਰ ਨਾਲ ਮੁਹਿੰਮ ਖ਼ਤਮ ਹੋ ਗਈ।
ਖੇਡਾਂ ਦੇ ਮਹਾਕੁੰਭ ਦਾ ਅੱਜ 10ਵਾਂ ਦਿਨ ਹੈ। ਲਕਸ਼ਯ ਸੇਨ ਬੈਡਮਿੰਟਨ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਮੈਚ ਵਿਚ ਵਿਕਟਰ ਐਕਸਲਸਨ ਤੋਂ ਹਾਰ ਗਿਆ ਸੀ ਪਰ ਅੱਜ ਉਸ ਕੋਲ ਕਾਂਸੀ ਦਾ ਤਗ਼ਮਾ ਜਿੱਤਣ ਦਾ ਮੌਕਾ ਹੈ। ਲਕਸ਼ਿਆ ਦਾ ਸਾਹਮਣਾ ਮਲੇਸ਼ੀਆ ਦੇ ਜੀ ਜੀਆ ਲੀ ਨਾਲ ਹੋਵੇਗਾ। ਲਕਸ਼ਿਆ ਕੋਲ ਵੀ ਅੱਜ ਇਤਿਹਾਸ ਰਚਣ ਦਾ ਮੌਕਾ ਹੈ। ਜੇ ਉਹ ਤਮਗਾ ਜਿੱਤਦਾ ਹੈ ਤਾਂ ਉਹ ਬੈਡਮਿੰਟਨ ਪੁਰਸ਼ਾਂ ‘ਚ ਓਲੰਪਿਕ ‘ਚ ਭਾਰਤ ਲਈ ਤਮਗਾ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਜਾਵੇਗਾ।
ਭਾਰਤ ਨੇ ਹੁਣ ਤਕ ਸਿਰਫ਼ ਜਿੱਤੇ ਹਨ 3 ਤਮਗੇ
ਪੈਰਿਸ ਓਲੰਪਿਕ 2024 ਦੇ 9ਵੇਂ ਦਿਨ ਭਾਰਤ ਕੋਈ ਤਮਗਾ ਨਹੀਂ ਜਿੱਤ ਸਕਿਆ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਜਿੱਤ ਦਰਜ ਕਰ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। 10 ਖਿਡਾਰੀ ਤਕ ਸਿਮਟਣ ਦੇ ਬਾਵਜੂਦ ਹਾਕੀ ਟੀਮ ਨੇ ਬਰਤਾਨੀਆ ਨੂੰ ਪੈਨਲਟੀ ਸ਼ੂਟਆਊਟ ਵਿਚ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ।
ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ 2024 ਵਿਚ ਭਾਰਤ ਨੇ ਹੁਣ ਤੱਕ ਤਿੰਨ ਤਗਮੇ ਜਿੱਤੇ ਹਨ। ਹੁਣ ਭਾਰਤ ਦੀਆਂ ਨਜ਼ਰਾਂ ਚੌਥੇ ਤਮਗੇ ‘ਤੇ ਹਨ।
ਭਾਰਤ ਨੂੰ ਨਿਸ਼ਾਨੇਬਾਜ਼ੀ ‘ਚ ਮਿਲ ਸਕਦਾ ਇਕ ਹੋਰ ਤਮਗਾ
ਪੈਰਿਸ ਓਲੰਪਿਕ 2024 ਦੇ 10ਵੇਂ ਦਿਨ ਭਾਰਤ ਕੋਲ ਨਿਸ਼ਾਨੇਬਾਜ਼ੀ ਵਿਚ ਤਮਗਾ ਜਿੱਤਣ ਦਾ ਮੌਕਾ ਹੈ। ਅਨੰਤਜੀਤ ਸਿੰਘ ਅਤੇ ਮਹੇਸ਼ਵਰੀ ਚੌਹਾਨ ਸ਼ੂਟਿੰਗ ਮਿਕਸਡ ਸਕੀਟ ਟੀਮ ਈਵੈਂਟ ਵਿਚ ਭਾਰਤ ਲਈ 12.30 ਵਜੇ ਤੋਂ ਕੁਆਲੀਫਿਕੇਸ਼ਨ ਰਾਊਂਡ ਵਿਚ ਹਿੱਸਾ ਲੈਣ ਜਾ ਰਹੇ ਹਨ। ਜੇ ਦੋਵੇਂ ਚੰਗਾ ਪ੍ਰਦਰਸ਼ਨ ਕਰਦੇ ਹਨ ਤਾਂ ਭਾਰਤ ਨੂੰ ਨਿਸ਼ਾਨੇਬਾਜ਼ੀ ‘ਚ ਇਕ ਹੋਰ ਤਮਗਾ ਮਿਲ ਸਕਦਾ ਹੈ।