ਤਰਨ ਤਾਰਨ 15 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਸ੍ਰੀ ਵਰਿਆਮ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ ਡੇਅਰੀ ਫਾਰਮਰਾਂ ਨੂੰ ਸਵੈ ਰੋਜਗਾਰ ਸਕੀਮ ਅਧੀਨ ਡੇਅਰੀ ਦਾ ਧੰਦਾ ਸ਼ੁਰੂ ਕਰਨ ਲਈ ਦੋ ਹਫਤੇ ਦਾ ਡੇਅਰੀ ਸਿਖਲਾਈ ਪ੍ਰੋਗਰਾਮ 20 ਜਨਵਰੀ 2025 ਤੋਂ ਡੇਅਰੀ ਟ੍ਰੇਨਿੰਗ ਸੈਂਟਰ, ਤਰਨ ਤਾਰਨ ਵਿਖੇ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਜਿਲਾ ਤਰਨ ਤਾਰਨ ਤੋਂ ਇਲਾਵਾ ਜਿਲਾ ਫਿਰੋਜਪੁਰ ਅਤੇ ਜਿਲਾ ਕਪੂਰਥਲਾ ਦੇ ਸਿਖਿਆਰਥੀ ਭਾਗ ਲੈ ਸਕਦੇ ਹਨ। ਇਸ ਸਿਖਲਾਈ ਦੀ ਯੋਗਤਾ ਪੰਜਵੀ ਪਾਸ ਰੱਖੀ ਗਈ ਹੈ, ਸਿਖਿਆਰਥੀ ਦੀ ਉਮਰ 18 ਤੋਂ 55 ਸਾਲ ਦੇ ਦਰਮਿਆਨ ਹੋਵੇ ਅਤੇ ਸਿਖਿਆਰਥੀ ਪੇਂਡੂ ਇਲਾਕੇ ਦਾ ਵਸਨੀਕ ਹੋਵੇ । ਇਸ ਟ੍ਰੇਨਿੰਗ ਵਿੱਚ ਸਿਖਿਆਰਥੀਆਂ ਨੂੰ ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਖਾਦ-ਖੁਰਾਕ ਅਤੇ ਪਸ਼ੂਆਂ ਦੀ ਸਾਂਭ ਸੰਭਾਲ ਦੀ ਜਾਣਕਾਰੀ ਦਿੱਤੀ ਜਾਵੇਗੀ ।
ਇਸ ਟ੍ਰੇਨਿੰਗ ਦੀ ਫੀਸ ਜਨਰਲ ਵਰਗ ਲਈ 1000/- ਰੁਪਏ ਅਤੇ ਅਨੁਸੂਚਿਤ ਜਾਤੀ ਲਈ 750/- ਰੁਪਏ ਰੱਖੀ ਗਈ ਹੈ । ਚਾਹਵਾਨ ਸਿਖਿਆਰਥੀ ਪੜਾਈ ਦਾ ਸਰਟੀਫਿਕੇਟ, ਅਧਾਰ ਕਾਰਡ, ਪਾਸਪੋਰਟ ਸਾਈਜ ਫੋਟੋ ਅਤੇ ਅਨੁਸੂਚਿਤ ਜਾਤੀ ਸਰਟੀਫਿਕੇਟ ਲੈ ਕੇ ਸਬੰਧਤ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰ ਸਕਦੇ ਹਨ । ਟ੍ਰੇਨਿੰਗ ਕਰਨ ਉਪਰੰਤ ਸਿਖਿਆਰਥੀਆਂ ਨੂੰ ਬੈਂਕਾਂ ਤੋਂ ਸਸਤੇ ਦਰਾਂ ਤੇ ਕਰਜਾ ਮੁਹੱਈਆ ਕਰਵਾਇਆ ਜਾਵੇਗਾ ਅਤੇ ਸਰਕਾਰ ਵੱਲੋਂ ਜਨਰਲ ਕੈਟਾਗਰੀ ਲਈ 25% ਸਬਸਿਡੀ ਅਤੇ ਅਨੁਸੂਚਿਤ ਵਰਗ ਲਈ 33% ਸਬਸਿਡੀ ਦਵਾਈ ਜਾਵੇਗੀ । ਵਧੇਰੇ ਜਾਣਕਾਰੀ ਲਈ ਚਾਹਵਾਨ ਮੋਬਾਈਲ ਨੰ. 9417766062 ਅਤੇ 8360906797 ਤੇ ਸੰਪਰਕ ਕਰ ਸਕਦੇ ਹਨ ।