18 ਜੂਨ (ਪੰਜਾਬੀ ਖਬਰਨਾਮਾ): ਉੱਤਰ ਪ੍ਰਦੇਸ਼ ਵਿੱਚ ਕੜਾਕੇ ਦੀ ਗਰਮੀ ਅਤੇ ਲੂ ਦਾ ਕਹਿਰ ਜਾਰੀ ਹੈ। ਮਾਨਸੂਨ ‘ਚ ਦੇਰੀ ਕਾਰਨ ਮੀਂਹ ਦੀ ਉਡੀਕ ਵੀ ਲੰਬੀ ਹੁੰਦੀ ਜਾ ਰਹੀ ਹੈ। ਹਾਲਾਤ ਇਹ ਹਨ ਕਿ ਅੱਤ ਦੀ ਗਰਮੀ ਹੁਣ ਜਾਨਲੇਵਾ ਬਣ ਗਈ ਹੈ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 170 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੂਰਵਾਂਚਲ ਦੇ ਚਾਰ ਜ਼ਿਲ੍ਹਿਆਂ ਵਿੱਚ 50 ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚ ਇਕੱਲੇ ਵਾਰਾਣਸੀ ਵਿੱਚ 33 ਮੌਤਾਂ ਸ਼ਾਮਲ ਹਨ।
ਇਸ ਤੋਂ ਇਲਾਵਾ ਗਾਜ਼ੀਪੁਰ, ਮਿਰਜ਼ਾਪੁਰ ਅਤੇ ਚੰਦੌਲੀ ਜ਼ਿਲ੍ਹਿਆਂ ਵਿੱਚ ਲੂ ਅਤੇ ਹੀਟ ਸਟ੍ਰੋਕ ਕਾਰਨ 17 ਲੋਕਾਂ ਦੀ ਜਾਨ ਚਲੀ ਗਈ। ਬੁੰਦੇਲਖੰਡ ਅਤੇ ਕਾਨਪੁਰ ਡਿਵੀਜ਼ਨਾਂ ਵਿੱਚ ਸਥਿਤੀ ਹੋਰ ਵੀ ਭਿਆਨਕ ਹੈ। ਇੱਥੇ 100 ਲੋਕਾਂ ਦੀ ਜਾਨ ਚਲੀ ਗਈ। ਸਭ ਤੋਂ ਵੱਧ 26 ਮੌਤਾਂ ਕਾਨਪੁਰ ਵਿੱਚ ਹੋਈਆਂ, ਜਦੋਂ ਕਿ ਹਮੀਰਪੁਰ ਵਿੱਚ 19, ਚਿਤਰਕੂਟ ਵਿੱਚ 14, ਫਤਿਹਪੁਰ ਵਿੱਚ 13, ਮਹੋਬਾ ਵਿੱਚ 12, ਬਾਂਦਾ ਅਤੇ ਔਰਈਆ ਵਿੱਚ ਛੇ-ਛੇ, ਜਾਲੌਨ ਵਿੱਚ ਤਿੰਨ ਅਤੇ ਫਰੂਖਾਬਾਦ ਵਿੱਚ ਇੱਕ ਮੌਤ ਹੋਈ। ਇਸ ਦੇ ਨਾਲ ਹੀ ਗਰਮੀ ਅਤੇ ਲੂ ਕਾਰਨ ਪ੍ਰਯਾਗਰਾਜ ‘ਚ 8, ਕੌਸ਼ੰਬੀ ‘ਚ 5, ਪ੍ਰਤਾਪਗੜ੍ਹ ‘ਚ 2 ਲੋਕਾਂ ਦੀ ਮੌਤ ਹੋ ਗਈ।
ਫਿਲਹਾਲ ਰਾਹਤ ਨਹੀਂ
ਮੌਸਮ ਵਿਭਾਗ ਮੁਤਾਬਕ ਫਿਲਹਾਲ ਕੜਾਕੇ ਦੀ ਗਰਮੀ ਤੋਂ ਰਾਹਤ ਮਿਲਦੀ ਨਹੀਂ ਦਿੱਖ ਰਹੀ ਹੀ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਦੋ ਦਿਨਾਂ ਵਿੱਚ ਮਾਨਸੂਨ ਵਾਰਾਣਸੀ ਦੇ ਰਸਤੇ ਉੱਤਰ ਪ੍ਰਦੇਸ਼ ਵਿੱਚ ਦਾਖ਼ਲ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮਾਨਸੂਨ 18-20 ਜੂਨ ਤੱਕ ਯੂਪੀ ਵਿੱਚ ਦਾਖ਼ਲ ਹੋ ਸਕਦਾ ਹੈ। ਇਸ ਦੌਰਾਨ ਤੂਫਾਨ ਦੇ ਨਾਲ-ਨਾਲ ਗਰਜ ਨਾਲ ਮੀਂਹ ਪੈ ਸਕਦਾ ਹੈ।