11 ਜੂਨ 2024 (ਪੰਜਾਬੀ ਖਬਰਨਾਮਾ) : ਪਾਕਿਸਤਾਨ ‘ਤੇ ਭਾਰਤ ਦੀ ਰੋਮਾਂਚਕ ਜਿੱਤ ਦਾ ਜਸ਼ਨ ਅਜੇ ਵੀ ਜਾਰੀ ਹੈ। ਨਿਊਯਾਰਕ ‘ਚ 9 ਜੂਨ ਨੂੰ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਮਹਾਨ ਮੈਚ ‘ਚ ਭਾਰਤ ਨੇ ਪਾਕਿਸਤਾਨ ਨੂੰ ਰੋਮਾਂਚਕ ਮੈਚ ‘ਚ 6 ਦੌੜਾਂ ਨਾਲ ਹਰਾਇਆ। ਸਟੇਡੀਅਮ ‘ਚ ਮੌਜੂਦ ਭਾਰਤੀ ਪ੍ਰਸ਼ੰਸਕ ਇਸ ਜਿੱਤ ‘ਤੇ ਕਾਫੀ ਖੁਸ਼ ਨਜ਼ਰ ਆਏ, ਉਥੇ ਹੀ ਕੁਮੈਂਟਰੀ ਬਾਕਸ ‘ਚ ਕੁਮੈਂਟਰੀ ਕਰ ਰਹੇ ਨਵਜੋਤ ਸਿੰਘ ਸਿੱਧੂ ਅਤੇ ਹਰਭਜਨ ਸਿੰਘ ਨੇ ਵੀ ਟੀਮ ਇੰਡੀਆ ਦੀ ਜਿੱਤ ਦਾ ਜਸ਼ਨ ਮਨਾਇਆ।
ਦੋਵਾਂ ਨੇ ਸ਼ਾਨਦਾਰ ਅੰਦਾਜ਼ ‘ਚ ਭਾਰਤੀ ਟੀਮ ਦੀ ਜਿੱਤ ਦਾ ਜਸ਼ਨ ਮਨਾਇਆ, ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਹਰਭਜਨ ਅਤੇ ਸਿੱਧੂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਦਰਅਸਲ, ਇਸ ਵਾਇਰਲ ਵੀਡੀਓ ‘ਚ ਨਵਜੋਤ ਸਿੰਘ ਸਿੱਧੂ ਟੀਮ ਇੰਡੀਆ ਦੀ ਜਿੱਤ ‘ਤੇ ਟਿੱਪਣੀ ਕਰਦੇ ਨਜ਼ਰ ਆ ਰਹੇ ਹਨ ਜਦਕਿ ਉਨ੍ਹਾਂ ਦੇ ਪਿੱਛੇ ਖੜ੍ਹੇ ਹਰਭਜਨ ਨੋਟ ਉਡਾ ਰਹੇ ਹਨ। ਇਸ ਤੋਂ ਬਾਅਦ ਸਿੱਧੂ ਆਪਣੀ ਕੁਰਸੀ ਤੋਂ ਉੱਠ ਕੇ ਜਿੱਤ ਦੀ ਖੁਸ਼ੀ ‘ਚ ਹਰਭਜਨ ਸਿੰਘ ਨੂੰ ਜੱਫੀ ਪਾ ਲੈਂਦੇ ਹਨ । ਦੋਵਾਂ ਦੇ ਇਸ ਅੰਦਾਜ਼ ਨੂੰ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਵੀਡੀਓ ‘ਚ ਹਰਭਜਨ ਨੋਟ ਉਡਾਉਂਦੇ ਹੋਏ ਕਹਿ ਰਹੇ ਹਨ – ਸਰ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ। ਇਸ ਦੇ ਜਵਾਬ ਵਿੱਚ ਸਿੱਧੂ ਕਹਿੰਦੇ ਹਨ- ਲਵ ਯੂ ਛੋਟੇ। ਇਸ ਤੋਂ ਬਾਅਦ ਦੋਵਾਂ ਨੇ ਜੱਫੀ ਪਾਈ। ਸਟਾਰ ਸਪੋਰਟਸ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਹਰਭਜਨ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਇਸ ਸਮੇਂ ਨਿਊਯਾਰਕ ਵਿੱਚ ਹਨ ਅਤੇ ਸਟਾਰ ਸਪੋਰਟਸ ਦੀ ਕੁਮੈਂਟਰੀ ਟੀਮ ਦਾ ਹਿੱਸਾ ਹਨ। ਦੋਵੇਂ ਹਿੰਦੀ ‘ਚ ਆਪਣੀ ਜ਼ਬਰਦਸਤ ਕੁਮੈਂਟਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ।