02 ਜੁਲਾਈ (ਪੰਜਾਬੀ ਖ਼ਬਰਨਾਮਾ:)ਅੱਜ ਐਨ ਐਮ ਐਮ ਐਸ ਪ੍ਰੀਖਿਆ ਦੇ ਐਲਾਨੇ ਨਤੀਜੇ ‘ਚ ਕੰਨਿਆ ਸਕੂਲ ਬਰਨਾਲਾ ਦੀ ਵਿਦਿਆਰਥਣ ਹੁਸਨਪ੍ਰੀਤ ਕੌਰ ਨੇ ਪੂਰੇ ਪੰਜਾਬ ‘ਚੋਂ ਪਹਿਲਾ ਸਥਾਨ ਮੱਲਿਆ ਹੈ।
ਸਕੂਲ ਪ੍ਰਿੰਸੀਪਲ ਸ਼੍ਰੀਮਤੀ ਵਿਨਸੀ ਜਿੰਦਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੀਆਂ 17 ਲੜਕੀਆਂ ਨੇ ਇਸ ਮੈਰਿਟ ਲਿਸਟ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਹੁਸਨਪ੍ਰੀਤ ਕੌਰ ਪੁੱਤਰੀ ਸ਼੍ਰੀ ਭੁਪਿੰਦਰ ਸਿੰਘ/ ਸ਼੍ਰੀਮਤੀ ਜਸਦੇਵ ਕੌਰ ਨੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚੋਂ ਤੀਸਰੀ ਅਤੇ ਚੌਥੀ ਪੁਜੀਸ਼ਨ ‘ਤੇ ਵੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਕਬਜ਼ਾ ਕੀਤਾ ਹੈ।
ਜ਼ਿਲ੍ਹਾ ਬਰਨਾਲਾ ਦੀਆਂ ਪਹਿਲੀਆਂ 12 ਪੁਜੀਸ਼ਨਾਂ ਵੀ ਕੰਨਿਆ ਸਕੂਲ ਬਰਨਾਲਾ ਦੀਆਂ ਵਿਦਿਆਰਥਣਾਂ ਨੇ ਹੀ ਹਾਸਲ ਕੀਤੀਆਂ ਹਨ। ਪ੍ਰਿੰਸੀਪਲ ਮੈਡਮ ਵਲੋਂ ਇਸ ਸਫਲਤਾ ਲਈ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ। ਓਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲ ਵਿੱਚ ਇਸ ਪ੍ਰੀਖਿਆ ਦੀ ਤਿਆਰੀ ਲਈ ਵਿਸ਼ੇਸ਼ ਕੋਚਿੰਗ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਪੰਕਜ ਗੋਇਲ ਸ ਸ ਮਾਸਟਰ ਬੱਚਿਆਂ ਨੂੰ ਸਰਦੀ ਦੀਆਂ ਛੁੱਟੀਆਂ ਵਿੱਚ ਵੀ ਇਸ ਪ੍ਰੀਖਿਆ ਦੀ ਤਿਆਰੀ ਕਰਵਾਉਂਦੇ ਰਹੇ ਹਨ ਜਿਸ ਬਦੌਲਤ ਪਿਛਲੇ ਸਾਲ ਵੀ ਇਸੇ ਸਕੂਲ ਦੀ ਜਸਲੀਨ ਕੌਰ ਨੇ ਪੰਜਾਬ ਵਿਚੋਂ ਪਹਿਲਾ ਸਥਾਨ ਮੱਲਿਆ ਸੀ। ਉਨ੍ਹਾਂ ਦੱਸਿਆ ਕਿ ਮਾਧਵੀ ਤ੍ਰਿਪਾਠੀ, ਨੀਰਜ ਰਾਣੀ ਸਾਇੰਸ ਅਧਿਆਪਕਾ, ਕਮਲਦੀਪ ਮੈਥ ਮਿਸਟ੍ਰੈਸ ਨੇ ਵੀ ਬੱਚਿਆਂ ਦੀਆਂ ਵਿਸ਼ੇਸ਼ ਕਲਾਸਾਂ ਲਗਾਈਆਂ।