22 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬੀ ਸਿਨੇਮਾ ਦੀ ਇੱਕ ਹੋਰ ਬਹੁ-ਚਰਚਿਤ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਹੈ ‘ਸ਼ੌਂਕੀ ਸਰਦਾਰ’, ਜਿਸ ਵਿਚਲਾ ਇੱਕ ਵਿਸ਼ੇਸ਼ ਅਤੇ ਸਦਾ ਬਹਾਰ ਗਾਣਾ ‘ਤੂੰ ਕੌਣ ਮੈਂ ਕੌਣ’ ਰਿਲੀਜ਼ ਲਈ ਤਿਆਰ ਹੈ, ਜਿਸ ਨੂੰ ਕੱਲ੍ਹ ਵੱਖ-ਵੱਖ ਚੈੱਨਲਸ ਅਤੇ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।
“ਬੋਸ ਮਿਊਜ਼ਿਕਾ” ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਐਕਸ਼ਨ ਡ੍ਰਾਮੈਟਿਕ ਫਿਲਮ ਦਾ ਨਿਰਮਾਣ ਇਸ਼ਾਨ ਕਪੂਰ, ਸ਼ਾਹ ਜੰਡਿਆਲੀ ਅਤੇ ਧਰਮਿੰਦਰ ਸਿੰਘ, ਜਦਕਿ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਲੇਖਨ ਅਤੇ ਨਿਰਦੇਸ਼ਨ ਨਾਲ ਜੁੜੇ ਰਹੇ ਹਨ, ਜਿੰਨ੍ਹਾਂ ਹਾਲ ਹੀ ਵਿੱਚ ਆਈ ਅਤੇ ਦੇਵ ਖਰੌੜ ਸਟਾਰਰ ‘ਮਝੈਲ’ ਵੀ ਸ਼ਾਮਿਲ ਰਹੀ ਹੈ।
ਵਿਸ਼ਵਭਰ ਵਿੱਚ 16 ਮਈ 2025 ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਵਿੱਚ ਬੱਬੂ ਮਾਨ, ਗੁਰੂ ਰੰਧਾਵਾ ਅਤੇ ਗੁੱਗੂ ਗਿੱਲ ਵੱਲੋਂ ਲੀਡਿੰਗ ਕਿਰਦਾਰ ਅਦਾ ਕੀਤੇ ਗਏ ਹਨ, ਜਿੰਨ੍ਹਾਂ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਨਿਮਰਤ ਕੌਰ ਆਹਲੂਵਾਲੀਆ ਵੀ ਇਸ ਫਿਲਮ ਦਾ ਖਾਸ ਆਕਰਸ਼ਨ ਹੋਵੇਗੀ, ਜੋ ਅਪਣੀ ਇਸ ਪਹਿਲੀ ਪੰਜਾਬੀ ਫਿਲਮ ਦੁਆਰਾ ਪਾਲੀਵੁੱਡ ਵਿੱਚ ਸ਼ਾਨਦਾਰ ਡੈਬਿਊ ਕਰਨ ਜਾ ਰਹੀ ਹੈ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਹੈ ਇਹ ਫਿਲਮ, ਜਿਸ ਦੇ ਰਿਲੀਜ਼ ਹੋਣ ਜਾ ਰਹੇ ਉਕਤ ਖੂਬਸੂਰਤ ਗਾਣੇ ਨੂੰ ਅਵਾਜ਼ ਗੁਰੂ ਰੰਧਾਵਾ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਦੇ ਸੰਗੀਤ ਅਤੇ ਬੋਲ ਰਚਨਾ ਦੀ ਸਿਰਜਣਾ ਨੂੰ ਵੀਤ ਬਲਜੀਤ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ।
ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਉਕਤ ਦਿਲ ਟੁੰਬਵੇਂ ਗਾਣੇ ਦਾ ਫਿਲਮਾਂਕਣ ਗੁਰੂ ਰੰਧਾਵਾ ਅਤੇ ਨਿਮਰਤ ਕੌਰ ਆਹਲੂਵਾਲੀਆ ਉਪਰ ਕੀਤਾ ਗਿਆ ਹੈ, ਜੋ ਦੋਨੋਂ ਇਸ ਫਿਲਮ ਦੁਆਰਾ ਪਹਿਲੀ ਵਾਰ ਇਕੱਠਿਆਂ ਸਿਲਵਰ ਸਕਰੀਨ ਸਪੇਸ ਸ਼ੇਅਰ ਕਰਨਗੇ। ਨਿਰਮਾਣ ਪੜ੍ਹਾਅ ਤੋਂ ਹੀ ਚਰਚਾ ਦਾ ਕੇਂਦਰ ਬਣੀ ਉਕਤ ਫਿਲਮ ਦਾ ਐਕਸ਼ਨ ਪੱਖ ਬੇਹੱਦ ਪ੍ਰਭਾਵੀ ਰੂਪ ਵਿੱਚ ਸਿਰਜਿਆ ਗਿਆ ਹੈ, ਜਿਸ ਸੰਬੰਧਤ ਫਾਈਟ ਨਿਰਦੇਸ਼ਨਾਂ ਨੂੰ ਫਿਲਮਾਉਣ ਦੀ ਜ਼ਿੰਮੇਵਾਰੀ ਪ੍ਰਸਿੱਧ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਵੱਲੋਂ ਨਿਭਾਈ ਗਈ ਹੈ।
ਸੰਖੇਪ: ਸਰੋਂ ਦੇ ਫੁੱਲਾਂ ਵਿੱਚ ਨਿਮਰਤ ਕੌਰ ਆਹਲੂਵਾਲੀਆ ਅਤੇ ਗੁਰੂ ਰੰਧਾਵਾ ਰੁਮਾਂਸ ਕਰਦੇ ਨਜ਼ਰ ਆਏ। ਇਹ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।