ਤੇਲ ਅਵੀਵ/10 ਅਪ੍ਰੈਲ( ਪੰਜਾਬੀ ਖਬਰਨਾਮਾ) : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਗਾਜ਼ਾ ਵਿੱਚ ਜੰਗ ਨਾਲ ਨਜਿੱਠਣ ਲਈ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਵੱਲੋਂ ਅਪਣਾਈ ਗਈ ਪਹੁੰਚ ਨੂੰ ਗਲਤ ਦੱਸਿਆ ਹੈ ਅਤੇ ਉਨ੍ਹਾਂ ਦੀ ਸਰਕਾਰ ਨੂੰ ਗਾਜ਼ਾ ਵਿੱਚ ਸਹਾਇਤਾ ਪਹੁੰਚਾਉਣ ਲਈ ਕਿਹਾ ਹੈ। ਇਸ ਨਾਲ ਇਜ਼ਰਾਇਲ ’ਤੇ ਜੰਗਬੰਦੀ ਲਈ ਦਬਾਅ ਵਧ ਗਿਆ ਹੈ ਅਤੇ ਦੋਵੇਂ ਕੱਟੜ ਸਹਿਯੋਗੀਆਂ ਦੇ ਦਰਮਿਆਨ ਪਹਿਲੀ ਵਾਰ ਪਾੜਾ ਸਾਹਮਣੇ ਆਇਆ ਹੈ।
ਦੱਸਣਾ ਬਣਦਾ ਹੈ ਕਿ ਇਜ਼ਰਾਇਲ-ਹਮਾਸ ਵਿਚਾਲੇ ਜੰਗ ਲੰਬੀ ਚੱਲਣ ਕਾਰਨ ਹਾਲਾਤ ਬਦਤਰ ਹੋ ਗਏ ਹਨ। ਬੀਤੀ 7 ਅਕਤੂਬਰ ਨੂੰ ਦਹਿਸ਼ਤਵਾਦੀ ਸਮੂਹ ਦੁਆਰਾ ਇਜ਼ਰਾਇਲ ’ਤੇ ਘਾਤਕ ਹਮਲਾ ਕਰਨ ਤੋਂ ਬਾਅਦ ਬਾਇਡਨ ਹਮਾਸ ਦੇ ਖ਼ਿਲਾਫ਼ ਇਜ਼ਰਾਇਲ ਦੇ ਸਮਰਥਕ ਰਹੇ ਹਨ, ਪਰ ਹਾਲ ਹੀ ਦੇ ਹਫ਼ਤਿਆਂ ਵਿੱਚ ਨੇਤਨਯਾਹੂ ਦੇ ਨਾਲ ਉਨ੍ਹਾਂ ਦਾ ਸਬਰ ਘਟਦਾ ਦਿਖਾਈ ਦਿੱਤਾ ਹੈ ਅਤੇ ਉਸ ਦੇ ਪ੍ਰਸ਼ਾਸਨ ਨੇ ਇਜ਼ਰਾਇਲ ਨਾਲ ਸਖ਼ਤ ਰੁਖ ਅਪਣਾਇਆ ਹੈ। ਇਸ ਨਾਲ ਦਹਾਕਿਆਂ ਪੁਰਾਣੇ ਗੱਠਜੋੜ ’ਚ ਤਰੇੜਾਂ ਪੈਦੀਆਂ ਨਜ਼ਰ ਆ ਰਹੀਆਂ ਹਨ। ਪਿਛਲੇ ਮਹੀਨੇ ਬਾਇਡਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਬੈਂਜਾਮਿਨ ਨੇਤਨਯਾਹੂ ਇਜ਼ਰਾਇਲ ਨੂੰ ਨੁਕਸਾਨ ਪਹੁੰਚਾ ਰਹੇ ਹਨ। ਗਾਜ਼ਾ ਵਿੱਚ ਜੰਗ ਲਈ ਨੇਤਨਯਾਹੂ ਦਾ ਨਜ਼ਰੀਆ ਇਜ਼ਰਾਇਲ ਦੀ ਮਦਦ ਕਰਨ ਤੋਂ ਜ਼ਿਆਦਾ ਇਜ਼ਰਾਇਲ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੇਤਨਯਾਹੂ ਨੂੰ ਇਜ਼ਰਾਇਲ ਦੀ ਰੱਖਿਆ ਕਰਨ ਦਾ ਅਧਿਕਾਰ ਹੈ। ਹਮਾਸ ਦੇ ਖ਼ਾਤਮੇ ਦਾ ਵੀ ਅਧਿਕਾਰ ਹੈ, ਪਰ ਉਨ੍ਹਾਂ ਨੂੰ ਗਾਜ਼ਾ ਵਿੱਚ ਮਾਰੇ ਜਾ ਰਹੇ ਨਿਰਦੋਸ਼ ਫਲਸਤੀਨੀਆਂ ਦੀ ਜ਼ਿੰਦਗੀ ’ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਰੈਡ ਲਾਇਨ ਹੋਣੀ ਚਾਹੀਦੀ ਹੈ। ਇਸ ਤਰ੍ਹਾਂ 30 ਹਜ਼ਾਰ ਲੋਕਾਂ ਦੀ ਜਾਨ ਨਹੀਂ ਲਈ ਜਾ ਸਕਦੀ।
ਜ਼ਿਕਰਯੋਗ ਹੈ ਕਿ ਇਜ਼ਰਾਇਲ ਹਮਾਸ ਜੰਗ ਵਿੱਚ ਅਮਰੀਕਾ ਸ਼ੁਰੂਆਤ ਵਿੱਚ ਇਜ਼ਰਾਇਲ ਨਾਲ ਖੜਿ੍ਹਆ ਹੈ। ਰਾਸ਼ਟਰਪਤੀ ਬਾਇਡਨ ਜੰਗ ਵਿੱਚ ਇਜ਼ਰਾਇਲ ਦੀ ਹਰ ਸੰਭਵ ਮਦਦ ਕਰਦੇ ਆਏ ਹਨ। ਇਹ ਪਹਿਲੀ ਵਾਰ ਹੈ ਕਿ ਜਦੋਂ ਬਾਇਡਨ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਖ਼ਿਲਾਫ਼ ਬੋਲਿਆ ਹੈ। ਹਾਲਾਂਕਿ ਬਾਇਡਨ ਹਮੇਸ਼ਾ ਗਾਜ਼ਾ ਵਿੱਚ ਰਹਿ ਰਹੇ ਲੋਕਾਂ ਦੀ ਸੁਰੱਖਿਆ ਅਤੇ ਉਥੇ ਮਦਦ ਪਹੁੰਚਾਉਣ ਦੇ ਪੱਖ਼ ਵਿੱਚ ਰਹੇ ਹਨ। ਜੰਗ ਵਿੱਚ ਰੈਡ ਲਾਇਨ ਹੋਣ ਦਾ ਜਿਕਰ ਕਰਦਿਆਂ ਬਾਇਡਨ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਅਹਿਮ ਹੈ।
ਜ਼ਿਕਰਯੋਗ ਹੈ ਕਿ ਇਜ਼ਰਾਇਲ-ਹਮਾਸ ਜੰਗ ਦਰਮਿਆਨ ਗਾਜ਼ਾ ਵਿੱਚ ਕੀਤੇ ਗਏ ਹਮਲਿਆਂ ਦੌਰਾਨ ਹਜ਼ਾਰਾਂ ਔਰਤਾਂ ਅਤੇ ਬੱਚਿਆਂ ਦੀ ਜਾਨ ਚਲੀ ਗਈ ਹੈ। ਇਹ ਟਿੱਪਣੀਆਂ ਬਾਇਡਨ ਨੇ ਇੱਕ ਇੰਟਰਵਿਊ ਦੌਰਾਨ ਕੀਤੀਆਂ ਹਨ।
