neeru bajwa

ਚੰਡੀਗੜ੍ਹ, 31 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ) : ਕੈਨੇਡਾ ਵਿਖੇ ਗ੍ਰੈਂਡ ਪੱਧਰ ਉੱਪਰ ਆਯੋਜਿਤ ਕੀਤੇ ਗਏ ‘ਜੂਨੋ ਐਵਾਰਡ ਗਾਲਾ 2025’ ਦੌਰਾਨ ਪਾਲੀਵੁੱਡ ਅਤੇ ਪੰਜਾਬੀ ਸੰਗੀਤ ਇੱਕ ਵਾਰ ਫੇਰ ਵਿਸ਼ਵ ਪੱਧਰ ਉੱਪਰ ਕਾਇਮ ਰਿਹਾ, ਜਿਸ ਦੌਰਾਨ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅਤੇ ਚਰਚਿਤ ਗਾਇਕ ਏਪੀ ਢਿੱਲੋਂ ਨੂੰ ਉਚੇਚੇ ਤੌਰ ਉਤੇ ਸਰਵੋਤਮ ਅਦਾਕਾਰਾ ਅਤੇ ਗਾਇਕ-ਸੰਗੀਤਕਾਰ ਵਜੋਂ ਮਾਣਮੱਤੇ ਪੁਰਸਕਾਰਾਂ ਨਾਲ ਨਿਵਾਜਿਆ ਗਿਆ।

ਦੁਨੀਆਂ ਭਰ ਦੇ ਕਲਾ ਅਤੇ ਸੰਗੀਤ ਗਲਿਆਰਿਆਂ ਵਿੱਚ ਖਿੱਚ ਅਤੇ ਚਰਚਾ ਦਾ ਕੇਂਦਰ ਬਣੇ ਉਕਤ ਸੰਗੀਤਕ ਸਮਾਰੋਹ ਦੀ ਮੇਜ਼ਬਾਨੀ ਸੀਬੀਸੀ ਮਿਊਜ਼ਿਕ ਮਾਰਨਿੰਗਜ਼ ਦੇ ਪ੍ਰਮੁੱਖ ਦਮਨਾਈਟ ਡੋਇਲ ਅਤੇ ਸਹਿ ਮੇਜ਼ਬਾਨੀ ਇੰਟਰਨੈਸ਼ਨਲ ਅਦਾਕਾਰ ਸੁਪਿੰਦਰ ਵ੍ਰੈਚ ਦੁਆਰਾ ਕੀਤੀ ਗਈ।

ਵਿਸ਼ਵ ਪੱਧਰ ਦੀਆਂ ਕਲਾ ਅਤੇ ਸੰਗੀਤ ਸ਼ਖਸ਼ੀਅਤਾਂ ਦੀ ਹੌਂਸਲਾ ਅਫ਼ਜਾਈ ਲਈ ਆਯੋਜਿਤ ਕੀਤੇ ਗਏ ਇਸ ਸ਼ਾਨਦਾਰ ਸਮਾਰੋਹ ਦੌਰਾਨ ਚੁਣੀਆਂ 42 ਦੇ ਕਰੀਬ ਸ਼ਖਸੀਅਤਾਂ ਨੂੰ ਇੰਨ੍ਹਾਂ ਵੱਕਾਰੀ ਪੁਰਸਕਾਰਾਂ ਨਾਲ ਨਿਵਾਜਿਆ ਗਿਆ, ਜਿੰਨ੍ਹਾਂ ਵਿੱਚ ਪੰਜਾਬੀ ਸਿਨੇਮਾ ਅਦਾਕਾਰਾ ਅਤੇ ਨਿਰਮਾਤਾ ਨੀਰੂ ਬਾਜਵਾ ਵੀ ਇੱਕ ਮਾਤਰ ਪਾਲੀਵੁੱਡ ਚਿਹਰੇ ਵਜੋਂ ਸ਼ੁਮਾਰ ਰਹੀ, ਜੋ ਅਪਣੇ ਪਤੀ ਹੈਰੀ ਜਾਵੰਦਾ ਸਮੇਤ ਇਸ ਚਕਾਚੌਂਧ ਭਰੇ ਸਮਾਗਮ ਦਾ ਖਾਸ ਆਕਰਸ਼ਨ ਰਹੇ।

ਸੰਗੀਤਕ ਖੇਤਰ ਦੇ ਵੱਡੇ ਐਵਾਰਡ ਸਮਾਰੋਹਾਂ ਵਜੋਂ ਭੱਲ ਸਥਾਪਿਤ ਕਰ ਚੁੱਕੇ ਉਕਤ ਸਮਾਰੋਹ ਦੌਰਾਨ ਅੰਤਰ-ਰਾਸ਼ਟਰੀ ਪੱਧਰ ਉੱਪਰ ਸੰਗੀਤਕ ਇਤਿਹਾਸ ਰਚਣ ਵਾਲੀਆਂ ਹਸਤੀਆਂ ਸਨੋਟੀ ਨੋਜ਼ ਰੇਜ਼ ਕਿਡਜ਼, ਲੋਵੇਲ, ਕ੍ਰਿਸਟੀ ਲੀ, ਨੋਬਰੋ, ਸੇਲੇ ਕਾਰਡੀਨਲ, ਹੇਲੀ ਬਲੇਸ ਅਤੇ ਸੇਬੇਸਟੀਅਨ ਗੈਸਕਿਨ ਦੁਆਰਾ ਸੰਗੀਤਕ ਪ੍ਰਦਰਸ਼ਨ ਵੀ ਅੰਜ਼ਾਮ ਦਿੱਤੇ ਗਏ, ਜਿਸ ਦੌਰਾਨ ਪੰਜਾਬੀ ਗਾਇਕ ਜੈਜ਼ੀ ਬੀ ਦੀ ਪ੍ਰੋਫਾਰਮੈੱਸ ਨੇ ਵੀ ਸਮਾਰੋਹ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਗਲੋਬਲੀ ਸੰਗੀਤ ਨੂੰ ਹੋਰ ਨਵੇਂ ਅਯਾਮ ਦੇਣ ਵਿੱਚ ਸਫ਼ਲ ਰਹੇ ਉਕਤ ਸਮਾਰੋਹ ਦੌਰਾਨ ਏਪੀ ਢਿੱਲੋਂ ਨੇ ਵੀ ਆਪਣਾ ਪਹਿਲਾਂ ਜੂਨੋ ਪੁਰਸਕਾਰ ਜਿੱਤਿਆ, ਜੋ ਉਨ੍ਹਾਂ ਦੇ ਪਹਿਲੀ ਦੱਖਣੀ ਏਸ਼ੀਆਈ ਸੰਗੀਤ ਰਿਕਾਰਡਿੰਗ ਲਈ ਹਿੱਸੇ ਆਇਆ। ਹਾਲਾਂਕਿ ਉਹ ਕਮਰਸ਼ਿਅਲ ਰੁਝੇਵਿਆਂ ਅਤੇ ਜਾਰੀ ਸ਼ੋਅਜ਼ ਸਿਲਸਿਲੇ ਦੇ ਚੱਲਦਿਆਂ ਉਹ ਇਸ ਸਮਾਰੋਹ ਵਿੱਚ ਸ਼ਾਮਿਲ ਨਹੀਂ ਹੋ ਸਕੇ, ਜਿੰਨ੍ਹਾਂ ਦਾ ਇਹ ਪੁਰਸਕਾਰ ਅਦਾਕਾਰਾ ਨੀਰੂ ਬਾਜਵਾ ਨੇ ਸਵੀਕਾਰ ਕੀਤਾ।

ਪੰਜਾਬੀ ਸਿਨੇਮਾ ਨੂੰ ਮਿਲੀ ਉਕਤ ਨੁਮਾਇੰਦਗੀ ਅਤੇ ਪੁਰਸਕਾਰ ਨੂੰ ਲੈ ਕੇ ਅਦਾਕਾਰਾ ਨੀਰੂ ਬਾਜਵਾ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆਈ, ਜਿੰਨ੍ਹਾਂ ਇਸੇ ਸੰਬੰਧੀ ਅਪਣੇ ਮਨੋਭਾਵਾਂ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਬਹੁਤ ਦੇਰ ਬਾਅਦ ਹੀ ਸਹੀ, ਪਰ ਆਖਿਰਕਾਰ ਉਡੀਕਿਆ ਜਾ ਰਿਹਾ ਸੁਫ਼ਨਾ ਸੰਭਵ ਹੋ ਹੀ ਗਿਆ ਹੈ, ਜਿਸ ਤੋਂ ਇਲਾਵਾ ਦੱਖਣੀ ਏਸ਼ੀਆਈਆਂ ਨੂੰ ਜੂਨੋਜ਼ ਵਿੱਚ ਮਾਨਤਾ ਮਿਲਣਾ ਪੰਜਾਬੀ ਸਿਨੇਮਾ ਅਤੇ ਸੰਗੀਤ ਨਾਲ ਜੁੜੇ ਹਰ ਇੱਕ ਇਨਸਾਨ ਲਈ ਬੇਹੱਦ ਮਾਣ ਭਰਿਆ ਅਹਿਸਾਸ ਹੈ।

ਸੰਖੇਪ: ਨੀਰੂ ਬਾਜਵਾ ਨੇ ਕੈਨੇਡਾ ‘ਚ ਇਤਿਹਾਸ ਰਚਦੇ ਹੋਏ ਮਹੱਤਵਪੂਰਨ ਐਵਾਰਡ ਹਾਸਲ ਕੀਤਾ। ਜਾਣੋ, ਉਨ੍ਹਾਂ ਨੇ ਮੰਚ ‘ਤੇ ਕੀ ਵੱਡਾ ਬਿਆਨ ਦਿੱਤਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।