20 ਜੂਨ (ਪੰਜਾਬੀ ਖਬਰਨਾਮਾ):ਓਲੰਪਿਕ ਤੇ ਵਿਸ਼ਵ ਚੈਂਪੀਅਨ ਭਾਰਤੀ ਨੇਜ਼ਾਬਾਜ਼ ਸਟਾਰ ਨੀਰਜ ਚੋਪੜਾ ਨੇ ਕਿਹਾ ਹੈ ਕਿ ਉਹ ਪੈਰਿਸ ਓਲੰਪਿਕ ਤੋਂ ਬਾਅਦ ‘ਐਡਕਟਰ’ (ਪੱਟ ਦੇ ਅੰਦਰੂਨੀ ਹਿੱਸੇ ਦੀਆਂ ਮਾਸਪੇਸ਼ੀਆਂ) ’ਚ ਹੋਣ ਵਾਲੀ ਤਕਲੀਫ ਦੇ ਇਲਾਜ ਲਈ ਡਾਕਟਰਾਂ ਤੋਂ ਸਲਾਹ ਲੈਣਗੇ। ਇਕ ਮਹੀਨੇ ਦੀ ਬਰੇਕ ਤੋਂ ਬਾਅਦ ਟਰੈਕ ਤੇ ਫੀਲਡ ’ਤੇ ਪਰਤੇ ਚੋਪੜਾ ਨੇ ਪਾਵੋ ਨੁਰਮੀ ਖੇਡਾਂ ਦੀ ਤੀਜੀ ਕੋਸ਼ਿਸ਼ ’ਚ 85.97 ਮੀਟਰ ਨਾਲ ਗੋਲਡ ਮੈਡਲ ਹਾਸਲ ਕੀਤਾ
ਚੋਪੜਾ ਨੇ ਪਿਛਲੇ ਮਹੀਨੇ ਅਹਿਤਿਆਤ ਦੇ ਤੌਰ ’ਤੇ ਓਸਟ੍ਰਾਵਾ ਗੋਲਡਨ ਸਪਾਈਕ ਤੋਂ ਨਾਂ ਵਾਪਸ ਲੈ ਲਿਆ ਸੀ ਕਿਉਂਕਿ ਉਹ ਪੱਟ ਦੇ ਅੰਦਰੂਨੀ ਹਿੱਸੇ ਦੀਆਂ ਮਾਸਪੇਸ਼ੀਆਂ ’ਚ ਤਕਲੀਫ ਮਹਿਸੂਸ ਕਰ ਰਹੇ ਸਨ। ਉਨ੍ਹਾਂ ਜਿੱਤ ਤੋਂ ਬਾਅਦ ਕਿਹਾ ਕਿ ਅੱਜ ਮੌਸਮ ਚੰਗਾ ਸੀ ਤੇ ਥੋੜ੍ਹੀ ਠੰਢਕ ਸੀ। ਹੁਣ ਮੈਂ ਬਿਹਤਕ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਸਾਰੇ ਛੇ ਥ੍ਰੋਅ ਸੁੱਟ ਸਕਿਆ। ਉਨ੍ਹਾਂ ਕਿਹਾ ਕਿ ਹਰ ਸਾਲ ਮੈਨੂੰ ਐਡਕਟਰ ’ਚ ਦਿੱਕਤ ਹੁੰਦੀ ਹੈ। ਓਲੰਪਿਕ ਤੋਂ ਬਾਅਦ ਮੈਂ ਡਾਕਟਰਾਂ ਤੋਂ ਸਲਾਹ ਲਵਾਂਗਾ। ਪੈਰਿਸ ਓਲੰਪਿਕ ’ਚ ਗੋਲਡ ਦੇ ਦਾਅਵੇਦਾਰ ਚੋਪੜਾ ਨੇ ਦੋ ਸਾਲ ਪਹਿਲਾਂ ਇਸ ਟੂਰਨਾਮੈਂਟ ’ਚ 89.30 ਮੀਟਰ ਨਾਰ ਸਿਲਵਰ ਮੈਡਲ ਜਿੱਤਿਆ ਸੀ।
ਸੈਸ਼ਨ ਦੀ ਸ਼ੁਰੂਆਤ ਮਈ ’ਚ ਦੋਹਾ ਡਾਇਮੰਡ ਲੀਗ ’ਚ 88.36 ਮੀਟਰ ਦੇ ਥ੍ਰੋਅ ਨਾਲ ਦੂਜੇ ਸਥਾਨ ’ਤੇ ਰਹਿ ਕੇ ਕੀਤੀ। ਉਸਨੇ ਭੁਵਨੇਸ਼ਵਰ ’ਚ ਫੈਡਰੇਸ਼ਨ ਕੱਪ ਰਾਸ਼ਟਰੀ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ’ਚ ਵੀ ਹਿੱਸਾ ਲੈ ਕੇ 82.27 ਮੀਟਰ ਨਾਲ ਗੋਲਡ ਮੈਡਲ ਹਾਸਲ ਕੀਤਾ•। ਹੁਣ ਉਹ ਸੱਤ ਜੁਲਾਈ ਨੂੰ ਪੈਰਿਸ ਡਾਇਮੰਡ ਲੀਗ ’ਚ ਹਿੱਸਾ ਲਵੇਗਾ। ਪੰਚਕੂਲਾ ’ਚ 27 ਜੂਨ ਤੋਂ ਹੋਣ ਵਾਲੀ ਰਾਸ਼ਟਰੀ ਅੰਤਰ ਸੂਬਾ ਐਥਲੈਟਿਕਸ ’ਚ ਉਹ ਨਹੀਂ ਖੇਡੇਗਾ।
ਉਹ ਯੂਰਪ ’ਚ ਕੋਚ ਕਲਾਊਸ ਬਰਤੋਨੀਜ਼ ਤੇ ਫਿਜ਼ੀਓ ਈਸ਼ਾਨ ਮਾਰਵਾਹਾ ਦੇ ਨਾਲ ਤਿੰਨ ਵੱਖ ਵੱਖ ਸਥਾਨਾਂ ’ਤੇ ਅਭਿਆਸ ਕਰੇਗਾ। ਉਸਨੇ ਫਿਨਲੈਂਡ ਦੇ ਕੁਓਰਤਾਨੋ ’ਚ ਤਿਆਰੀਆਂ ਦਾ ਆਗਾਜ਼ ਕੀਤਾ ਤੇ ਹੁਣ ਜਰਮਨੀ ਦੇ ਸਾਰਬ੍ਰਕੇਨ ਜਾਵੇਗਾ। ਇਸ ਤੋਂ ਬਾਅਦ ਉਹ ਤੁਰਕੀ ’ਚ ਅਭਿਆਸ ਕਰੇਗਾ ਤੇ 28 ਜੁਲਾਈ ਤੱਕ ਉਥੇ ਹੀ ਰਹੇਗਾ।