ਰੂਪਨਗਰ, 28 ਫਰਵਰੀ (ਪੰਜਾਬੀ ਖਬਰਨਾਮਾ): ਪਲਸ ਪੋਲੀਓ ਮੁਹਿੰਮ ਦੇ ਸਬੰਧ ਵਿੱਚ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਮੁੱਖ ਮੰਤਰੀ ਫੀਲਡ ਅਫਸਰ ਸੁਖਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਿਹਤ ਵਿਭਾਗ ਵਲੋਂ 03 ਮਾਰਚ ਤੋਂ 05 ਮਾਰਚ ਤੱਕ ਪਲਸ ਪੋਲੀਓ ਦੇ ਸਬੰਧ ਵਿਚ ਸਿਹਤ ਵਿਭਾਗ ਅਤੇ ਹੋਰ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਅਤੇ ਕਿਹਾ ਕਿ ਇਸ ਮੁਹਿੰਮ ਦੌਰਾਨ ਸਾਰੇ ਭਾਈਵਾਲ ਵਿਭਾਗਾਂ ਵੱਲੋਂ ਡਿਊਟੀ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਨਾ ਵਰਤੀ ਜਾਵੇ।
ਮੀਟਿੰਗ ਦੀ ਅਗਵਾਈ ਕਰਦਿਆਂ ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ 03 ਮਾਰਚ ਤੋਂ 05 ਮਾਰਚ ਤੱਕ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਪਹਿਲੇ ਦਿਨ ਬੂਥਾਂ ’ਤੇ, ਦੂਸਰੇ ਅਤੇ ਤੀਸਰੇ ਦਿਨ ਘਰ ਘਰ ਜਾ ਕੇ ਦਵਾਈ ਪਿਲਾਉਣਗੀਆਂ।
ਸੁਖਪਾਲ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ 59510 ਬੱਚਿਆਂ ਨੂੰ ਵੈਕਸੀਨ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਵਿਚ ਕੁੱਲ 272 ਬੂਥ ਅਤੇ 62 ਸੁਪਰਵਾਈਜ਼ਰ ਲਗਾਏ ਗਏ ਹਨ, ਇਸ ਦੇ ਲਈ ਮੋਬਾਇਲ ਟੀਮਾਂ ਅਤੇ ਟਰਾਂਜ਼ਿਟ ਟੀਮਾਂ ਕੰਮ ਕਰਨਗੀਆਂ।
ਉਨ੍ਹਾਂ ਦੱਸਿਆ ਕਿ 23 ਮੋਬਾਈਲ ਟੀਮਾਂ ਰਾਹੀਂ ਝੁੱਗੀ, ਝੌਂਪੜੀਆਂ, ਸ਼ੈੱਲਰ, ਭੱਠੇ, ਕੰਸਟਰੱਕਸ਼ਨ ਵਾਲੀਆਂ ਥਾਂਵਾਂ ਅਤੇ ਹੋਰ ਮਾਈਗਰੇਟਰੀ ਆਬਾਦੀ ਨੂੰ ਇੰਨ੍ਹਾਂ ਟੀਮਾਂ ਦੁਆਰਾ ਵੈਕਸੀਨ ਪਿਲਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਸਾਲ 2011 ਤੋਂ ਬਾਅਦ ਭਾਰਤ ਵਿੱਚ ਭਾਵੇਂ ਕੋਈ ਪੋਲੀਓ ਦਾ ਕੇਸ ਨਹੀਂ ਮਿਲਿਆ ਪ੍ਰੰਤੂ ਗੁਆਂਢੀ ਦੇਸ਼ਾਂ ਵਿੱਚ ਪੋਲੀਓ ਦੀ ਬਿਮਾਰੀ ਹੋਣ ਕਾਰਨ ਅਸੀਂ ਆਪਣੇ ਬੱਚਿਆਂ ਦੀ ਬਿਮਾਰੀ ਪ੍ਰਤੀ ਸੁਰੱਖਿਆ ਨੂੰ ਮਜ਼ਬੂਤ ਕਰਦੇ ਹੋਏ ਬੱਚਿਆਂ ਨੂੰ ਪੋਲੀਓ ਦੀ ਵੈਕਸੀਨ ਪਿਲਾ ਰਹੇ ਹਾਂ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਜ਼ੀਰੋ ਤੋਂ ਪੰਜ ਸਾਲ ਦਾ ਬੱਚਾ ਇਸ ਵੈਕਸੀਨ ਤੋਂ ਵਾਂਝਾ ਨਾ ਰਹੇ। ਜ਼ਿਲ੍ਹੇ ਦੇ ਸਾਰੇ ਮਾਪਿਆਂ ਨੂੰ ਇਸ ਤਿੰਨ ਦਿਨਾਂ ਮੁਹਿੰਮ ਵਿਚ ਆਪਣੇ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਜ਼ਰੂਰ ਪਿਲਾਉਣ ਭਾਵੇਂ ਬੱਚੇ ਦਾ ਜਨਮ ਕੁੱਝ ਘੰਟੇ ਪਹਿਲਾਂ ਹੀ ਕਿਉਂ ਨਾ ਹੋਇਆ ਹੋਵੇ ਜਾਂ ਬੇਸ਼ੱਕ ਬੱਚੇ ਨੂੰ ਖੰਘ, ਜ਼ੁਕਾਮ, ਬੁਖ਼ਾਰ, ਦਸਤ ਜਾਂ ਹੋਰ ਕੋਈ ਬਿਮਾਰੀ ਹੋਵੇ, ਕਿਉਂਕਿ ਇਹ ਦਵਾਈ ਪੀਣ ਨਾਲ ਬੱਚੇ ਦੀ ਸਿਹਤ ‘ਤੇ ਕੋਈ ਮਾੜਾ ਅਸਰ ਨਹੀਂ ਹੁੰਦਾ।
ਇਸ ਮੌਕੇ ਸਹਾਇਕ ਸਿਵਲ ਸਰਜਨ ਅੰਜੂ ਭਾਟੀਆਂ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ, ਪ੍ਰਧਾਨ ਆਈ.ਐੱਮ.ਏ. ਡਾ. ਭਾਨੂ ਪਰਮਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਿਖਿਲ ਅਰੋੜਾ, ਡੀ.ਐਸ.ਪੀ ਸਤਨਾਮ ਸਿੰਘ, ਐਸ.ਐਮ.ਓ ਡਾ. ਵਿਧਾਨ ਚੰਦਰ, ਐਸ.ਐਮ.ਓ. ਡਾ. ਅਨੰਦ ਘਈ, ਐਸ.ਐਮ.ਓ ਡਾ. ਅਮਰਜੀਤ ਸਿੰਘ, ਡੀ.ਓ.(ਐਲ.) ਰੰਜਨਾ ਕਟਿਆਲ, ਸੀ.ਡੀ.ਪੀ.ਓ. ਸ਼ਰੁਤੀ ਸ਼ਰਮਾ ਅਤੇ ਹੋਰ ਵੱਖ-ਵੱਖ ਵਿਭਾਗਾਂ ਤੋਂ ਸੀਨੀਅਰ ਅਧਿਕਾਰੀ ਹਾਜ਼ਰ ਸਨ।