12 ਅਗਸਤ, 2024 : ਟੈਂਪੂ ਚਾਲਕ ਵੀ ਸਵਾਰੀਆਂ ਉਡੀਕਦੇ-ਉਡੀਕਦੇ ਘੰਟਿਆਂ ਬੱਧੀ ਸਮਾਂ ਤੁਰਨ ਨੂੰ ਹੀ ਲਾ ਦਿੰਦੇ। ਟੈਂਪੂ ਚੱਲਣਾ ਤਾਂ ਅਸੀਂ ਨਿਆਣਿਆਂ ਨੇ ਪਿਛਲੇ ਪਾਸੇ ਲੱਤਾਂ ਲਮਕਾ ਕੇ ਬੈਠਣਾ ਜਾਂ ਫਿਰ ਮਾਤਾ ਜੀ ਦੇ ਰੋਕਣ ਦੇ ਬਾਵਜੂਦ ਮੈਂ ਆਪਣੇ ਆਪ ਨੂੰ ਵੱਡਾ ਸਮਝਦੇ ਹੋਏ ਹੋਰਾਂ ਨੌਜਵਾਨਾਂ ਵਾਂਗ ਪਿੱਛੇ ਖੜ੍ਹੇ ਹੋ ਜਾਣਾ।
ਬਚਪਨ ਦੀਆਂ ਯਾਦਾਂ ਮਨੁੱਖੀ ਜੀਵਨ ਦਾ ਅਨਮੋਲ ਸਰਮਾਇਆ ਹੁੰਦੀਆਂ ਹਨ। ਬਚਪਨ ਦੀ ਗੱਲ ਹੋਵੇ ਤੇ ਨਾਨਕੇ ਪਿੰਡ ਦਾ ਜ਼ਿਕਰ ਹੀ ਨਾ ਹੋਵੇ, ਅਜਿਹਾ ਹੋ ਹੀ ਨਹੀਂ ਸਕਦਾ। ਇਕ ਪੀੜ੍ਹੀ ਪਿਛਾਂਹ ਝਾਤ ਮਾਰੀਏ ਤਾਂ ਸਾਡੇ ਸੱਭਿਆਚਾਰ ਅਤੇ ਰਸਮ-ਰਿਵਾਜ਼ ਅਨੁਸਾਰ ਪਲੇਠੇ ਬੱਚੇ ਦਾ ਜਨਮ ਹੀ ਨਾਨਕੇ ਘਰ ਹੁੰਦਾ ਸੀ। ਹੁਣ ਵਾਂਗ ਕਿਸੇ ਸ਼ਹਿਰ ਦੇ ਨਿੱਜੀ ਹਸਪਤਾਲ ਵਿਚ ਨਹੀਂ। ਨਾਨਕਿਆਂ ਦਾ ਨਾਮ ਲੈਂਦਿਆਂ ਹੀ ਬਚਪਨ ’ਚ ਚਾਅ ਚੜ੍ਹ ਜਾਂਦਾ ਸੀ। ਦਾਦਕਿਆਂ ਤੋਂ ਬਾਅਦ ਬੱਚਿਆਂ ਦਾ ਜੇਕਰ ਕਿਸੇ ਪਿੰਡ ਨਾਲ ਜ਼ਿਆਦਾ ਮੋਹ-ਪਿਆਰ ਹੁੰਦਾ ਹੈ, ਉਹ ਹੁੰਦਾ ਹੈ ਨਾਨਕੇ ਪਿੰਡ ਨਾਲ।
ਨਾਨਕੇ ਪਿੰਡ ਰਹਿਣਾ ਕਿਸੇ ਸਵਰਗਨੁਮਾ ਸ਼ਾਹੀ ਮਹਿਲ ਵਿਚ ਮੌਜਾਂ ਮਾਨਣ ਵਾਂਗ ਹੀ ਸੀ। ਹੋਵੇ ਵੀ ਕਿਉਂ ਨਾ ਜਦੋਂ ਨਾਨਾ-ਨਾਨੀ, ਮਾਮਾ-ਮਾਮੀ ਅਤੇ ਮਾਸੀਆਂ ਤੁਹਾਨੂੰ ਨਾਨਕੇ ਗਿਆਂ ਨੂੰ ਪਲਕਾਂ ’ਤੇ ਬਿਠਾਉਂਦੇ ਹੋਣ। ਗਰਮੀਆਂ ਜਾਂ ਸਰਦੀਆਂ ਦੀਆਂ ਛੁੱਟੀਆਂ ਹੋਣ ’ਤੇ ਮੈਨੂੰ ਵੀ ਬਾਕੀ ਬੱਚਿਆਂ ਵਾਂਗ ਨਾਨਕੇ ਪਿੰਡ ਜਾਣ ਦੀ ਖਿੱਚ ਬਣੀ ਰਹਿੰਦੀ ਸੀ। ਮੇਰਾ ਨਾਨਕਾ ਪਿੰਡ ਚੱਕ ਰਾਮੂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਫਗਵਾੜਾ-ਬੰਗਾ ਸੜਕ ’ਤੇ ਪੈਂਦੇ ਕਸਬਾਨੁਮਾ ਪਿੰਡ ਬਹਿਰਾਮ ਤੋਂ ਤਿੰਨ ਕੁ ਕਿਲੋਮੀਟਰ ਦੀ ਵਿੱਥ ’ਤੇ ਘੁੱਗ ਵਸਦਾ ਪਿੰਡ ਹੈ। ਮੇਰੇ ਨਾਨਾ ਜੀ ਸਵ. ਤਾਰਾ ਸਿੰਘ ਅਤੇ ਨਾਨੀ ਸਵ. ਰੇਸ਼ਮ ਕੌਰ ਨੂੰ ਇਸ ਜਹਾਨ ਤੋਂ ਰੁਖ਼ਸਤ ਹੋਇਆਂ ਤਕਰੀਬਨ ਦੋ ਦਹਾਕਿਆਂ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ, ਲੇਕਿਨ ਅੱਜ ਵੀ ਜਦੋਂ ਕਿਤੇ ਸਬੱਬੀਂ ਗੇੜਾ ਵੱਜਦਾ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਹ ਬਾਹਾਂ ਖਿਲਾਰੀ ਉਵੇਂ ਹੀ ਆਪਣੇ ਜੇਠੇ ਦੋਹਤੇ ਦਾ ਇੰਤਜ਼ਾਰ ਕਰ ਰਹੇ ਹੋਣ।
ਮੈਨੂੰ ਯਾਦ ਹੈ, ਸਕੂਲੋਂ ਮਿਲਿਆ ਛੁੱਟੀਆਂ ਦਾ ਕੰਮ ਜਲਦੀ ਨਾਲ ਮੁਕਾਉਣ ਤੋਂ ਬਾਅਦ, ਜਦੋਂ ਅਸੀਂ ਤਿੰਨੇ ਭੈਣ-ਭਰਾਵਾਂ ਨੇ ਨਿੱਕੇ ਹੁੰਦੇ ਮਾਤਾ ਜੀ ਨਾਲ ਨਾਨਕੇ ਜਾਣਾ, ਸਭ ਤੋਂ ਪਹਿਲਾਂ ਮਾਹਿਲਪੁਰ ਤੋਂ ਬਹਿਰਾਮ ਵਾਲੀ ਬੱਸ ਫੜਨੀ। ਬੱਸ ਦਾ 6 ਕੁ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ, ਅੱਡਾ ਕੋਟ ਫਤੂਹੀ ਵਿਖੇ ਜਾ ਕੇ, ਅੱਧਾ ਘੰਟਾ ਖੜ੍ਹੇ ਰਹਿਣਾ ਸਾਨੂੰ ਬੜਾ ਰੜਕਦਾ। ਫਿਰ ਜਦੋਂ ਬਹਿਰਾਮ ਪਹੁੰਚਣਾ ਤਾਂ ਉਨ੍ਹਾਂ ਸਮਿਆਂ ਵਿਚ ਤਿੰਨ ਪਹੀਏ ਵਾਲੇ ਟੈਂਪੂ, ਜਿਨ੍ਹਾਂ ਨੂੰ ਕਾਲੇ ਭੂੰਡ ਵੀ ਕਿਹਾ ਜਾਂਦੈ, ਹੀ ਇੱਕੋ-ਇਕ ਸਾਧਨ ਹੁੰਦੇ ਸਨ ਨਾਨਕੇ ਪਿੰਡ ਜਾਣ ਦੇ।
ਟੈਂਪੂ ਚਾਲਕ ਵੀ ਸਵਾਰੀਆਂ ਉਡੀਕਦੇ-ਉਡੀਕਦੇ ਘੰਟਿਆਂ ਬੱਧੀ ਸਮਾਂ ਤੁਰਨ ਨੂੰ ਹੀ ਲਾ ਦਿੰਦੇ। ਟੈਂਪੂ ਚੱਲਣਾ ਤਾਂ ਅਸੀਂ ਨਿਆਣਿਆਂ ਨੇ ਪਿਛਲੇ ਪਾਸੇ ਲੱਤਾਂ ਲਮਕਾ ਕੇ ਬੈਠਣਾ ਜਾਂ ਫਿਰ ਮਾਤਾ ਜੀ ਦੇ ਰੋਕਣ ਦੇ ਬਾਵਜੂਦ ਮੈਂ ਆਪਣੇ ਆਪ ਨੂੰ ਵੱਡਾ ਸਮਝਦੇ ਹੋਏ ਹੋਰਾਂ ਨੌਜਵਾਨਾਂ ਵਾਂਗ ਪਿੱਛੇ ਖੜ੍ਹੇ ਹੋ ਜਾਣਾ। ਫਿਰ ਕਮਾਦ ਦੇ ਖੇਤਾਂ ਦੇ ਨਾਲ-ਨਾਲ ਚੱਲਦਿਆਂ ਟੈਂਪੂ ਪਿੰਡ ਪਹੁੰਚਣਾ ਤਾਂ ਕਈ ਵਾਰ ਮਾਮਾ ਜੀ ਨੇ ਸੜਕ ’ਤੇ ਹੀ ਮਿਲ ਜਾਣਾ। ਨਾਲ ਹੀ ਹਵੇਲੀ ਵਿਖੇ ਨਾਨਾ ਜੀ ਪਸ਼ੂਆਂ ਦਾ ਅੱਗਾ-ਤੱਗਾ ਕਰਦੇ ਵਿਖਾਈ ਦੇਣੇ ਤੇ ਉਨ੍ਹਾਂ ਨੇ ਘੁੱਟ ਕੇ ਗਲਵਕੜੀ ਵਿਚ ਲੈ ਲੈਣਾ। ਹੁਣ ਜਦੋਂ ਨਾਨਾ-ਨਾਨੀ ਨਹੀਂ ਰਹੇ ਤੇ ਮਾਮਾ ਜੀ ਪਰਿਵਾਰ ਸਮੇਤ ਅਮਰੀਕਾ ਵਿਚ ਜਾ ਵਸੇ ਹਨ ਤਾਂ ਅੱਜ ਨਾਨਕਿਆਂ ਨੂੰ ਯਾਦ ਕਰ ਕੇ ਇਕ ਧੂਹ ਜਿਹੀ ਕਾਲਜੇ ਪੈਂਦੀ ਹੈ। ਨਾਨਾ ਜੀ ਤਾਂ ਸਾਡੇ ਪਿੰਡ ਦਾ ਸਾਈਕਲ ’ਤੇ ਹੀ 28 ਕਿਲੋਮੀਟਰ ਦਾ ਪੈਂਡਾ ਕੱਢ ਜਾਂਦੇ ਸਨ।
ਲੋਹੜੀ ਦਾ ਤਿਉਹਾਰ ਦੇਣ ਲਈ ਨਾਨਾ ਜੀ ਨੇ ਸਵੇਰੇ ਹੀ ਸਾਈਕਲ ’ਤੇ ਆ ਢੁੱਕਣਾ ਤੇ ਮੇਰੇ ਦਾਦਾ ਜੀ ਸਵ. ਮਾਸਟਰ ਹਰਬੰਸ ਸਿੰਘ ਹੋਰਾਂ ਨਾਲ ਗੱਲਾਂਬਾਤਾਂ ਕਰ, ਦੁਪਹਿਰ ਤੋਂ ਪਹਿਲਾਂ ਹੀ ਪਸ਼ੂਆਂ ਦੇ ਚਾਰੇ-ਪੱਠੇ ਦਾ ਪ੍ਰਬੰਧ ਕਰਨ ਲਈ ਵਾਪਸ ਰਵਾਨਗੀ ਪਾ ਦੇਣੀ।
ਸਾਡੇ ਨਾਨਕੇ ਘਰ ਵਾਲੀ ਤੰਗ ਜਿਹੀ ਬੀਹੀ ਵਿਚ ਗਰਮੀਆਂ ਦੌਰਾਨ ਆਂਢ-ਗੁਆਂਢ ਦੇ ਸਾਰੇ ਆਪੋ-ਆਪਣੇ ਦਰਾਂ ਮੂਹਰੇ ਮੰਜੀਆਂ ਡਾਹ ਕੇ ਬੈਠੇ ਮਿਲਦੇ। ਘਰ ਨਾਲ-ਨਾਲ ਸਨ। ਸੁੱਖ-ਦੁੱਖ ਦੇ ਭਾਈਵਾਲਾਂ ਦੀਆਂ ਆਪਸ ਵਿਚ ਸਾਂਝ ਸੀ। ਅਸੀਂ ਜਦੋਂ ਬੀਹੀ ਵਿਚ ਪੈਰ ਧਰਨਾ ਤਾਂ ਸਾਰਿਆਂ ਦੇ ਚਿਹਰੇ ਖਿੜ ਜਾਣੇ। ਹੁਣ ਉਸ ਬੀਹੀ ਵਿਚ ਰੋਣਕ ਨਹੀਂ ਰਹੀ। ਸਾਰਿਆਂ ਨੇ ਉਸ ਗਲੀ ਨੂੰ ਅਲਵਿਦਾ ਆਖ ਪਿੰਡ ਦੀ ਬਾਹਰਵਾਰ ਫਿਰਨੀ ’ਤੇ ਵੱਡੇ ਮਕਾਨ ਉਸਾਰ ਲਏ ਹਨ। ਮੈਨੂੰ ਯਾਦ ਹੈ ਕਿ ਜਦੋਂ ਇਕ ਛੋਟੀ ਜਿਹੀ ਰਸੋਈ ਵਿਚ ਸਵੇਰੇ ਗੋਗਾ ਮਾਸੀ ਨੇ ਪਰਸ਼ਾਦੇ ਤਿਆਰ ਕਰਨੇ ਤਾਂ ਸਾਰਿਆਂ ਨੇ ਵਾਰੋ-ਵਾਰੀ ਸਬਰ ਨਾਲ ਰੋਟੀ ਛਕਦਿਆਂ ਹਾਸਾ ਠੱਠਾ ਵੀ ਕਰਦੇ ਰਹਿਣਾ।
ਵੀਰੀ ਮਾਸੀ, ਜੋ ਅੱਜਕੱਲ੍ਹ ਅਮਰੀਕਾ ਵਿਚ ਨੇ, ਗੁਆਂਢੀਆਂ ਦੇ ਘਰੋਂ ਬਰਫ਼ ਲੈ ਕੇ ਆਉਣੀ ਤੇ ਦੁੱਧ ਵਾਲਾ ਠੰਢਾ ਪਾਣੀ ਚਾੲੀਂ-ਚਾੲੀਂ ਪੀਣਾ। ਪਰੰਤੂ ਘਰ ਦੀ ਸਾਫ਼-ਸਫ਼ਾਈ ਦੇ ਮਾਮਲੇ ਵਿਚ ਸਾਨੂੰ ਮਾਸੀ ਕੋਲੋਂ ਬਹੁਤ ਝਿੜਕਾਂ ਪੈਂਦੀਆਂ ਸਨ। ਸਵੇਰੇ-ਸਵੇਰੇ ਗੁਰਦੁਆਰੇ ਦੇ ਭਾਈ ਨੇ ਦਰ ’ਤੇ ਆ ਕੇ ਉੱਚੀ ਆਵਾਜ਼ ਵਿਚ ਵਾਹਿਗੁਰੂ ਉਚਾਰਨਾ ਤੇ ਨਾਨੀ ਜੀ ਨੇ ਆਟਾ-ਦੁੱਧ ਪਾਉਣ ਲਈ ਝੱਟ ਸਾਨੂੰ ਹਾਕ ਮਾਰਨੀ। ਭਾਈ ਜੀ ਨੇ ਦੁਆਵਾਂ ਦਿੰਦੇ ਹੋਏ ਸਿਰ ਪਲੋਸਣਾ। ਸ਼ਾਇਦ ਉਨ੍ਹਾਂ ਦੁਆਵਾਂ ਦਾ ਹੀ ਅਸਰ ਹੋਵੇਗਾ ਕਿ ਸਮਾਜਿਕ ਕੁਰੀਤੀਆਂ ਤੋਂ ਬਚ ਕੇ ਮੈਂ ਬਚਪਨ ਤੋਂ ਹੀ ਗੁਰੂ ਘਰ ਨਾਲ ਜੁੜਿਆ ਰਿਹਾ। ਪਿੰਡ ਵਿਚ ਸਵ. ਤਿਲਕ ਦੀ ਹੱਟੀ ਬੜੀ ਮਸ਼ਹੂਰ ਸੀ। ਤਿਲਕ ਦੀ ਹੱਟੀ ’ਤੇ ਪਹੁੰਚਦਿਆਂ ਕਈ ਵਾਰ ਕਿਸੇ ਬਜ਼ੁੁਰਗ ਨੇ ਮੇਰੇ ਬਾਰੇ ਪੁੱਛਣਾ ਤਾਂ ਉਨ੍ਹਾਂ ਝੱਟ ਅਪਣੱਤ ਭਰੇ ਲਫ਼ਜ਼ਾਂ ਵਿਚ ਦੱਸਣਾ, ‘ਬਈ ਆਪਣੇ ਚਾਹਲਾਂ ਵਾਲੀ ਢੇਰੀ ਵਿੱਚੋਂ ਤਾਰਾ ਸਿਓਂ ਦਾ ਦੋਹਤਾ ਹੈ’।
ਇਕ ਵਾਰ ਮੈਂ ਆਪਣੀ ਤਿਆਰ ਕੀਤੀ ਡੋਰ ਨਾਨਕੇ ਲੈ ਗਿਆ ਤੇ ਉਸ ਨਾਲ ਬਹੁਤ ਪਤੰਗ ਕੱਟੇ। ਮੇਰੇ ਮਾਮਾ ਜੀ, ਪਿਆਰਾ ਸਿੰਘ ਰਾਹੀਂ ਸਿਫ਼ਾਰਿਸ਼ ਆਉਣ ਲੱਗੀ, ਬਈ ਸਾਡੇ ਨਿਆਣਿਆਂ ਨੂੰ ਵੀ ਡੋਰ ਬਣਾਉਣੀ ਸਿਖਾ ਦੇ। ਫਿਰ ਕੀ ਸੀ, ਆਪਾਂ ਬਣ ਗਏ ਕੋਚ। ਮੌਜੂਦਾ ਸਮੇਂ ਤਾਂ ਚਾਈਨਾ ਡੋਰ ਖ਼ੂਨੀ ਡੋਰ ਬਣ ਕੇ ਮੌਤ ਦਾ ਤਾਂਡਵ ਕਰ ਰਹੀ ਹੈ। ਖੇਤਾਂ ਵਿਚ ਲੋਕਾਂ ਦੀ ਰੌਣਕ ਵੇਖਣ ਵਾਲੀ ਹੁੰਦੀ ਸੀ। ਇਕ ਵਾਰ ਅਸੀਂ ਆਢ-ਗੁਆਂਡ ਦੇ ਬੱਚੇ ਆਪਣੇ ਚਾਹਲਾਂ ਵਿੱਚੋਂ ਤਾਰ ਮਾਮੇ ਹੁਣਾ ਦੇ ਖੂਹ ’ਤੇ ਜਾ ਕੇ ਟਿਊਬਵੈੱਲ ਹੇਠਾਂ ਨਹਾਉਣ ਲੱਗ ਪਏ। ਮੈਨੂੰ ਪਤਾ ਨਹੀਂ ਕੀ ਸੁੱਝਿਆ। ਮੈਂ ਉਥੇ ਨਜ਼ਦੀਕ ਪਏ ਦੇਸੀ ਤੋਰੀਆਂ ਦੇ ਬੀਅ ਦਾ ਛੱਟਾ ਚੱਲਦੇ ਪਾਣੀ ਵਿਚ ਦੇ ਦਿੱਤਾ। ਜਦੋਂ ਅਗਲੀ ਵਾਰ ਨਾਨਕੇ ਪਿੰਡ ਗਏ ਤਾਂ ਮਾਮਾ ਜੀ ਨੇ ਦੱਸਿਆ ‘ਪੁੱਤਰਾ, ਤੂੰ ਚੰਗਾ ਛੱਟਾ ਦਿੱਤਾ, ਸਾਡੇ ਤਾਂ ਖੇਤ ਵਿਚ ਹਰ ਪਾਸੇ ਤੋਰੀਆਂ ਹੀ ਤੋਰੀਆਂ ਹੋ ਗਈਆਂ ਸਨ।’ ਹਾਂ, ਇਕ ਗੱਲ ਜਿਸ ਤੋਂ ਅਸੀਂ ਸਾਰੇ ਭੱਜਦੇ ਸੀ, ਕਿ ਨਾਨਾ ਜੀ ਨੇ ਕਈ ਵਾਰ ਪਸ਼ੂਆਂ ਨੂੰ ਨਲਕੇ ਨਾਲ ਪਾਣੀ ਪਿਲਾਉਣ ਲਈ ਸਾਨੂੰ ਨਲਕਾ ਗੇੜਨ ਲਾ ਲੈਣਾ ਤਾਂ ਅਸੀਂ ਇਕ ਦੂਜੇ ਨੂੰ ਅੱਗੇ ਕਰੀ ਜਾਣਾ ਤਾਂ ਜੋ ਨਲਕਾ ਗੇੜਨ ਤੋਂ ਬਚਿਆ ਜਾ ਸਕੇ। ਹਾਂ ਸਰੀਰ ਦੀ ਵਰਜਿਸ਼ ਜ਼ਰੂਰ ਹੋ ਜਾਂਦੀ ਸੀ ਤੇ ਰਾਤ ਨੂੰ ਨੀਂਦ ਵੀ ਸੋਹਣੀ ਆਉਂਦੀ ਸੀ।
ਮੈਨੂੰ ਯਾਦ ਹੈ ਕਿ ਗਰਮੀਆਂ ਦੇ ਦਿਨਾਂ ਵਿਚ ਜਦੋਂ ਦੁੱਧ, ਲੱਸੀ ਦੀ ਅਕਸਰ ਤੋਟ ਆ ਜਾਣੀ ਤੇ ਚਾਹਲਾਂ ਵਿੱਚੋਂ ਜਿਸ ਕਿਸੇ ਦੇ ਘਰ ਪਸ਼ੂ ਦੁਧਾਰੂ ਹੋਣਾ ਤਾਂ ਉਸ ਨੇ ਦੂਜੇ ਦੇ ਦਿਨ ਰਲ-ਮਿਲ ਕੇ ਲੰਘਾ ਦੇਣੇ। ਲੱਸੀ ਦੇ ਸ਼ੌਕੀਨਾਂ ਨੇ ਆਂਢੀ-ਗੁਆਂਢੀਆਂ ਤੋਂ ਲਿਆਂਦੀ ਲੱਸੀ ਵਿਚ ਪਾਣੀ ਪਾ-ਪਾ ਵਧਾ ਲੈਣੀ। ਵਿਆਹ ਸ਼ਾਦੀ ਜਾਂ ਹੋਰ ਪ੍ਰੋਗਰਾਮਾਂ ਲਈ ਸਵ. ਦੇਸ ਰਾਜ ਹਲਵਾਈ ਜੀ ਹੀ ਸਾਰਿਆਂ ਦੀ ਪਹਿਲੀ ਪਸੰਦ ਹੁੰਦੇ। ਉਨ੍ਹਾਂ ਨੇ ਮੈਨੂੰ ਹੱਸਦਿਆਂ, ਪਿਤਾ ਜੀ ਪੁਲਿਸ ਵਿਚ ਹੋਣ ਕਰਕੇ ਆਖਣਾ, ਕਿੱਦਾਂ ਬਈ? ਫਿਰ ਥਾਣੇਦਾਰ ਸਾਬ ! ਕੀ ਆਵੇ ਫਿਰ..? ਉਹ ਬੜੇ ਹੀ ਹਾਜ਼ਰ ਜਵਾਬ ਸਨ। ਮੇਲ-ਜੋਲ ਪਰਿਵਾਰਕ ਸੀ। ਇਵੇਂ ਲੱਗਦਾ ਸੀ ਕਿ ਕੋਈ ਆਪਣਾ, ਆਪਣੇ ਹੀ ਘਰ ਦੇ ਕੰਮ ਲੱਗਾ ਹੋਇਆ ਹੈ। ਹੁਣ ਜਦੋਂ ਦੌੜ-ਭੱਜ ਵਾਲੀ ਜ਼ਿੰਦਗੀ ਵਿਚ ਦੇਖਦਾ ਹਾਂ ਤਾਂ ਮੌਜੂਦਾ ਸਮੇਂ ਛੁੱਟੀਆਂ ਵਿਚ ਬੱਚਿਆਂ ਦਾ ਨਾਨਕੇ ਜਾਣ ਦਾ ਰੁਝਾਨ ਘੱਟ ਰਿਹਾ ਹੈ। ਕਾਸ਼! ਉਹ ਬਚਪਨ ਦੇ ਦਿਨ ਵਾਪਸ ਆ ਜਾਣ ਤੇ ਮੈਂ ਪੰਛੀਆਂ ਵਾਂਗ ਉਡਾਰੀ ਮਾਰ ਕੇ ਨਾਨਕੇ ਪਿੰਡ ਜਾ ਪਹੁੰਚਾਂ ਤੇ ਦੁਨੀਆ ਦੀ ਭੱਜ-ਦੌੜ ਨੂੰ ਭੁੱਲ ਕੇ ਨਾਨਕੇ ਪਿੰਡ ਦੀਆਂ ਗਲੀਆਂ ਵਿਚ ਸਾਥੀਆਂ ਨਾਲ ਲੁੱਡੀਆਂ ਪਾਉਂਦੇ ਫਿਰਾਂ..!