(ਪੰਜਾਬੀ ਖਬਰਨਾਮਾ) 17 ਮਈ : ਨੰਦ ਲਾਲ ਨੂਰਪੁਰੀ ਨੇ ਸਵਾ ਕੁ ਸੌ ਕਾਵਿ-ਵੰਨਗੀਆਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ, ਜਿਨ੍ਹਾਂ ਵਿਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਸ਼ਾਮਿਲ ਹਨ। ਇਨ੍ਹਾਂ ਵਿਚ ਗੀਤਾਂ ਦੀ ਗਿਣਤੀ ਸਭ ਤੋਂ ਵੱਧ ਲਗਪਗ ਛੇ ਦਰਜਨ ਅਤੇ ਸਭ ਤੋਂ ਘੱਟ ਗ਼ਜ਼ਲਾਂ ਜਿਨ੍ਹਾਂ ਦੀ ਗਿਣਤੀ 12 ਮਿਲਦੀ ਹੈ। ਨੰਦ ਲਾਲ ਨੂਰਪੁਰੀ ਦੀਆਂ ਵੱਖ-ਵੱਖ ਪ੍ਰਕਾਸ਼ਤ ਪੁਸਤਕਾਂ ’ਚ ਸਭ ਤੋਂ ਪਹਿਲਾਂ ‘ਨੂਰੀ ਪਰੀਆਂ’ ਦਾ ਨਾਂ ਆਉਂਦਾ ਹੈ, ਜੋ ਉਸ ਸਮੇਂ ਲਾਹੌਰ ਤੋਂ ਛਪੀ ਸੀ।

ਨੰਦ ਲਾਲ ਨੂਰਪੁਰੀ ਪੰਜਾਬੀ ਮਾਂ-ਬੋਲੀ ਦਾ ਬਹੁਤ ਹੀ ਹਰਮਨ ਪਿਆਰਾ ਤੇ ਲਾਡਲਾ ਸ਼ਾਇਰ ਸੀ, ਜਿਸ ਨੂੰ ਹਾਲਾਤ ਅਤੇ ਮੌਤ ਦੇ ਪੰਜਿਆਂ ਨੇ ਬਹੁਤ ਛੇਤੀ ਸਾਡੇ ਕੋਲੋਂ ਖੋਹ ਲਿਆ ਪਰ ਅੱਜ ਵੀ ਉਸ ਦੇ ਰਚੇ ਹੋਏ ਗੀਤਾਂ ਤੇ ਰਚਨਾਵਾਂ ਦੀਆਂ ਧੁਨੀਆਂ ਪੰਜਾਬੀਆਂ ਦੇ ਕੰਨਾਂ ਵਿਚ ਰਸ ਘੋਲਦੀਆਂ ਹਨ। ਉਸ ਦਾ ਜਨਮ 3 ਜੂਨ 1906 ਨੂੰ ਪਿੰਡ ਨੂਰਪੁਰ, ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ’ਚ ਪਿਤਾ ਬਿਸ਼ਨ ਸਿੰਘ ਤੇ ਮਾਤਾ ਹੁਕਮ ਦੇਈ ਦੇ ਘਰ ਹੋਇਆ। ਆਪਣੇ ਪਿੰਡ ਦੇ ਨਾਂ ਨੂੰ ਆਪਣੇ ਨਾਂ ਨਾਲ ਜੋੜ ਕੇ ਨੰਦ ਲਾਲ ਨੇ ਨੂਰਪਰ ਪਿੰਡ ਦੇ ਮਾਣ ਨੂੰ ਦੁਨੀਆ ’ਚ ਪਛਾਣ ਦਿੱਤੀ।

1934 ਤੋਂ 1940 ਤਕ ਨੂਰਪੁਰੀ ਨੇ ਪੁਲਿਸ ਦੀ ਨੌਕਰੀ ਕੀਤੀ। ਪੁਲਿਸ ਦੀ ਨੌਕਰੀ ਦੌਰਾਨ ਇਕ ਮੁਕਾਬਲੇ ਨੇ ਉਸ ਦੇ ਮਨ ਨੂੰ ਕਾਫ਼ੀ ਠੇਸ ਪਹੁੰਚਾਈ। ਉਸ ਦਾ ਕਵੀ ਮਨ ਕੁਰਲਾ ਉੱਠਿਆ ਤੇ ਉਸ ਨੇ ਲਿਖਿਆ, ‘ਏਥੋਂ ਉੱਡ’ਜਾ ਭੋਲਿਆ ਪੰਛੀਆ, ਵੇ ਤੂੰ ਆਪਣੀ ਜਾਨ ਬਚਾ।’ ਪੁਲਿਸ ਦੀ ਨੌਕਰੀ ਛੱਡਣ ਤੋਂ ਬਾਅਦ ਪਰਿਵਾਰ ਦੇ ਗੁਜ਼ਾਰੇ ਲਈ ਨੂਰਪੁਰੀ ਨੇ ਉਸ ਸਮੇਂ ਲੋਕ ਸੰਪਰਕ ਵਿਭਾਗ ਤੇ ਰੇਡੀਓ ਰਾਹੀਂ ਕੁਝ ਸਮਾਂ ਆਪਣਾ ਵਕਤ ਲੰਘਾਇਆ। ਫਿਰ ਭਾਸ਼ਾ ਵਿਭਾਗ ਵਿਚ ਕੁਝ ਸਮਾਂ ਨੌਕਰੀ ਕੀਤੀ ਪਰ ਉਹ ਉੱਥੇ ਵੀ ਬਹੁਤਾ ਸਮਾਂ ਟਿਕ ਨਾ ਸਕਿਆ। ਉਸ ਦੀ ਸਾਹਿਤ ਸੇਵਾ ਤੇ ਦੇਸ਼ ਸੇਵਾ ਨੂੰ ਧਿਆਨ ’ਚ ਰੱਖਦਿਆਂ ਪੰਜਾਬ ਸਰਕਾਰ ਨੇ 75 ਰੁਪਏ ਮਹੀਨਾ ਵਜ਼ੀਫ਼ਾ ਵੀ ਲਗਾ ਦਿੱਤਾ। ਮੁੱਖ ਮੰਤਰੀ ਕਾਮਰੇਡ ਰਾਮ ਕਿਸ਼ਨ ਝਾਂਗੀ ਨੇ ਆਪਣੇ ਸਮੇਂ ਨੂਰਪੁਰੀ ਨੂੰ ਦਿੱਤੀ ਜਾਂਦੀ ਸਰਕਾਰੀ ਸਹਾਇਤਾ ਬੰਦ ਕਰ ਦਿੱਤੀ ਸੀ। ਉਸ ਤੋਂ ਬਾਅਦ ਦੇ ਹਾਲਾਤਾਂ ਨੇ ਨੂਰਪੁਰੀ ਨੂੰ ਕਾਫ਼ੀ ਨਿਰਾਸ਼ ਕਰ ਦਿੱਤਾ, ਉਹ ਖ਼ੁਦ ਲਿਖਦਾ ਹੈ, ‘ਬੜਾ ਦੁਨੀਆ ਦਾ ਮੈਂ ਸਤਾਇਆ ਹੋਇਆ ਹਾਂ। ਤੰਗ ਇਸ ਜ਼ਿੰਦਗੀ ਤੋਂ ਆਇਆ ਹੋਇਆ ਹਾਂ।’

ਫਿਲਮੀ ਗੀਤਕਾਰ ਵਜੋਂ ਬਣਾਈ ਪਛਾਣ

1940 ਵਿਚ ਨੂਰਪੁਰੀ ਬੀਕਾਨੇਰ ਤੋਂ ਪੰਜਾਬ ਆ ਗਿਆ। ਪ੍ਰੋ. ਮੋਹਨ ਸਿੰਘ ਅਨੁਸਾਰ 1940 ’ਚ ਸ਼ੋਰੀ ਫਿਲਮ ਕੰਪਨੀ ਦੀ ਫਰਮਾਇਸ਼ ’ਤੇ ਨੂਰਪੁਰੀ ਨੇ ਪ੍ਰਸਿੱਧ ਫਿਲਮ ‘ਮੰਗਤੀ’ ਦੇ ਗਾਣੇ ਲਿਖੇ, ਜਿਸ ਨਾਲ ਫਿਲਮੀ ਗੀਤਕਾਰ ਵਜੋਂ ਉਸ ਦੀ ਪਛਾਣ ਬਣ ਗਈ। ਇਸ ਤੋਂ ਇਲਾਵਾ ‘ਗੀਤ ਬਹਾਰਾਂ ਦੇ’ ਅਤੇ ‘ਵਲਾਇਤ ਪਾਸ’ ਫਿਲਮਾਂ ਦੇ ਗੀਤਾਂ ਨੇ ਨੂਰਪੁਰੀ ਦੇ ਨਾਂ ਨੂੰ ਖ਼ੂਬ ਚਮਕਾਇਆ।

ਕਾਵਿ ਵੰਨਗੀਆਂ ਪਾਈਆਂ ਸਾਹਿਤ ਦੀ ਝੋਲੀ

ਨੰਦ ਲਾਲ ਨੂਰਪੁਰੀ ਨੇ ਸਵਾ ਕੁ ਸੌ ਕਾਵਿ-ਵੰਨਗੀਆਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ, ਜਿਨ੍ਹਾਂ ਵਿਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਸ਼ਾਮਿਲ ਹਨ। ਇਨ੍ਹਾਂ ਵਿਚ ਗੀਤਾਂ ਦੀ ਗਿਣਤੀ ਸਭ ਤੋਂ ਵੱਧ ਲਗਪਗ ਛੇ ਦਰਜਨ ਅਤੇ ਸਭ ਤੋਂ ਘੱਟ ਗ਼ਜ਼ਲਾਂ ਜਿਨ੍ਹਾਂ ਦੀ ਗਿਣਤੀ 12 ਮਿਲਦੀ ਹੈ। ਨੰਦ ਲਾਲ ਨੂਰਪੁਰੀ ਦੀਆਂ ਵੱਖ-ਵੱਖ ਪ੍ਰਕਾਸ਼ਤ ਪੁਸਤਕਾਂ ’ਚ ਸਭ ਤੋਂ ਪਹਿਲਾਂ ‘ਨੂਰੀ ਪਰੀਆਂ’ ਦਾ ਨਾਂ ਆਉਂਦਾ ਹੈ, ਜੋ ਉਸ ਸਮੇਂ ਲਾਹੌਰ ਤੋਂ ਛਪੀ ਸੀ। ਉਸ ਤੋਂ ਬਾਅਦ ‘ਵੰਗਾਂ’ ਦਾ ਜ਼ਿਕਰ ਆਉਂਦਾ ਹੈ। ਜੇ ਕਿਤਾਬ ‘ਜਿਉਂਦਾ ਪੰਜਾਬ’ ਦੀ ਗੱਲ ਕਰੀਏ ਤਾਂ ਉਸ ਦਾ ਮੁੱਖ ਵਿਸ਼ਾ ਪੰਜਾਬ ਹੀ ਹੈ। ਫਿਰ ‘ਨੂਰਪੁਰੀ ਦੇ ਗੀਤ’, ਉਸ ਤੋਂ ਬਾਅਦ ‘ਸੌਗਾਤ’ ਪੁਸਤਕ, ਜਿਸ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਇਸ ਕਿਤਾਬ ਦੀ ਭੂਮਿਕਾ ਲਿਖਦਿਆਂ ਹੀਰਾ ਸਿੰਘ ਦਰਦ ਨੂਰਪੁਰੀ ਦੇ ਗੀਤਾਂ ਨੂੰ ਸਮਾਜ ਲਈ ਸੌਗਾਤ ਮੰਨਦਾ ਹੈ। ਨੂਰਪੁਰੀ ਦੀ ਸਮੁੱਚੀ ਰਚਨਾ ਨੂੰ ਪੰਜਾਬੀ ਯੂਨੀਵਰਸਟੀ ਪਟਿਆਲਾ ਵੱਲੋਂ ਪ੍ਰੋਫੈਸਰ ਮੋਹਨ ਸਿੰਘ ਦੀ ਸੰਪਾਦਨਾ ਹੇਠ 1969 ਵਿਚ ‘ਨੰਦ ਲਾਲ ਨੂਰਪੁਰੀ ਕਾਵਿ-ਸੰਗ੍ਰਹਿ’ ਨਾਂ ਹੇਠ ਛਾਪਿਆ ਗਿਆ ਸੀ। ਇਸ ਪੁਸਤਕ ਦੀ 11 ਸਫ਼ਿਆਂ ਦੀ ਲੰਮੀ ਭੂਮਿਕਾ ਪ੍ਰੋ. ਮੋਹਨ ਸਿੰਘ ਹੁਰਾਂ ਹੀ ਲਿਖੀ ਸੀ।

ਗੀਤਾਂ ਰਾਹੀਂ ਕਰ ਸਕਾਂ ਦੇਸ਼ ਦੀ ਖ਼ਿਦਮਤ

ਨੂਰਪੁਰੀ ਲਿਖਦਾ ਹੈ ਕਿ ਗੀਤ ਲਿਖਣਾ ਕਵਿਤਾ ਲਿਖਣ ਨਾਲੋਂ ਔਖਾ ਹੈ। ਜਿਸ ਦੇਸ਼ ਦੇ ਗੀਤ ਜਿਉਂਦੇ ਹਨ, ਉਹ ਦੇਸ਼ ਸਦਾ ਜਿਉਂਦਾ ਰਹਿੰਦਾ ਹੈ। ਉਸ ਦਾ ਕਹਿਣਾ ਸੀ ਕਿ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਕੁਝ ਦੇ ਸਕਾਂ, ਆਪਣੇ ਗੀਤਾਂ ਰਾਹੀਂ ਕੌਮ ਤੇ ਦੇਸ਼ ਦੀ ਖ਼ਿਦਮਤ ਕਰ ਸਕਾਂ।’ ਨੂਰਪੁਰੀ ਨੇ ਇਹ ਵਿਚਾਰ ਸਿਰਫ਼ ਕਹਿਣ ਤਕ ਹੀ ਸੀਮਤ ਨਹੀਂ ਰੱਖੇ ਸਗੋਂ ਸਾਰੀ ਜ਼ਿੰਦਗੀ ਆਪਣੀ ਕਲਮ ਦੀ ਨੋਕ ’ਤੇ ਇਨ੍ਹਾਂ ਆਪਣੇ ਕਹੇ ਬੋਲਾਂ ਨੂੰ ਮਾਣ ਬਖ਼ਸ਼ਿਆ।

ਨਵੀਂ ਪੀੜ੍ਹੀ ਨੂੰ ਹਾਣੀ ਲੱਗਦੇ ਗੀਤ

ਉਸ ਨੇ ਪਹਿਲਾ ਗੀਤ ‘ਮੈਂ ਵਤਨ ਦਾ ਸ਼ਹੀਦ’ 1925 ’ਚ ਲਿਖਿਆ ਸੀ। ਉਸ ਸਮੇਂ ਦੇ ਚਰਚਿਤ ਕਲਾਕਾਰ (ਹਰਚਰਨ ਗਰੇਵਾਲ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ ਆਦਿ) ਉਸ ਦੇ ਲਿਖੇ ਗੀਤਾਂ ਨੂੰ ਗਾ ਕੇ ਖ਼ੁਦ ਨੂੰ ਭਾਗਾਂ ਵਾਲਾ ਸਮਝਦੇ ਸਨ। ਉਸ ਸਮੇਂ ਲਿਖੇ ਤੇ ਗਾਏ ਨੂਰਪੁਰੀ ਦੇ ਗੀਤ ਅੱਜ ਦੀ ਨਵੀਂ ਪੀੜ੍ਹੀ ਨੂੰ ਆਪਣੇ ਹਾਣੀ ਲੱਗਦੇ ਹਨ। ਉਸ ਦੇ ਲਿਖੇ ਗੀਤਾਂ ਨੂੰ ਸਭ ਤੋਂ ਵੱਧ ਗਾਉਣ ਦਾ ਮਾਣ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੇ ਹਿੱਸੇ ਆਇਆ।

ਚੇਤਿਆਂ ’ਚ ਅੱਜ ਵੀ ਹਨ ਗੀਤ

ਜੇ ਨੂਰਪੁਰੀ ਦੇ ਲਿਖੇ ਗੀਤਾਂ ਵੱਲ ਝਾਤ ਮਾਰੀਏ ਤਾਂ ਉਹ ਅੱਜ ਵੀ ਲੋਕ ਮਨਾਂ ’ਤੇ ਆਪਣੀ ਪਛਾਣ ਬਣਾਈ ਬੈਠੇ ਹਨ, ਜਿਨ੍ਹਾਂ ’ਚੋਂ ‘ਬੱਲੇ ਨੀਂ ਪੰਜਾਬ ਦੀਏ ਸ਼ੇਰ ਬੱਚੀਏ’, ‘ਚੰਨ ਵੇ ਕਿ ਸ਼ੌਂਕਣ ਮੇਲੇ ਦੀ’, ‘ਗੋਰੀ ਦੀਆਂ ਝਾਂਜਰਾਂ ਬੁਲਾਉਂਂਦੀਆਂ ਪਈਆਂ’, ‘ਹਟੋ ਨੀਂ ਸਹੇਲੀਓ’, ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ’ ਆਦਿ ਵੀ ਲੋਕਾਂ ਦੇ ਚੇਤਿਆਂ ’ਚ ਹਨ। ਧਰਮ ਨੂੰ ਸਤਿਕਾਰ ਦੇਣ ਵਾਲਾ ਇਨਸਾਨ ਨੂਰਪੁਰੀ ਦਿਖਾਵੇ ਦੀ ਥਾਂ ਰੂਹ ਤੋਂ ਧਰਮ ਨੂੰ ਸਤਿਕਾਰ ਦੇਣ ਵਾਲਾ ਇਨਸਾਨ ਸੀ। ਉਸ ਦੀ ਇਹ ਸੱਚੀ ਸੁੱਚੀ ਭਾਵਨਾ ਨੂੰ ਵੀ ਉਸ ਦੇ ਲਿਖੇ ਧਾਰਮਿਕ ਗੀਤਾਂ ਤੋਂ ਸਮਝਿਆ ਜਾ ਸਕਦਾ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਮੋਹ ਰੱਖਣ ਵਾਲੇ ਨੂਰਪੁਰੀ ਦੇ ਗੀਤਾਂ ਦਾ ਹਰ ਉਮਰ ਨੇ ਚਾਅ ਨਾਲ ਹਾਣ ਪ੍ਰਵਾਨ ਕੀਤਾ ਤੇ ਲੋਕਾਈ ਨੇ ਉਸ ਦੀ ਕਲਮ ਨੂੰ ਸਤਿਕਾਰ ਦਿੱਤਾ।

ਜਿਉਂਦੇ ਜੀਅ ਨਹੀਂ ਮਿਲਿਆ ਸਨਮਾਨ

ਔਰਤ ਦੇ ਸਮਾਜ ’ਚ ਵੱਖ-ਵੱਖ ਰਿਸ਼ਤਿਆਂ ਤੇ ਮਨ ਦੀਆਂ ਭਾਵਨਾਵਾਂ, ਉਨ੍ਹਾਂ ਦੇ ਚਾਵਾਂ ਨੂੰ ਸੱਚੇ-ਸੁੱਚੇ ਸ਼ਬਦਾਂ ਨਾਲ ਗੀਤਾਂ ’ਚ ਪਰੋਣ ਦਾ ਵੱਡਾ ਮਾਣ ਵੀ ਨੂਰਪੁਰੀ ਦੀ ਕਲਮ ਦੇ ਹਿੱਸੇ ਹੀ ਆਇਆ ਹੈ। ਉਸ ਦੇ ਗੀਤ ਪੰਜਾਬੀ ਸੱਭਿਆਚਾਰ ਦਾ ਸ਼ੀਸ਼ਾ ਹਨ। ਇਸ ਮਹਾਨ ਕਲਮਕਾਰ ਨੂੰ ਜੋ ਮਾਣ-ਸਨਮਾਨ ਜਿਉਂਦੇ ਜੀਅ ਮਿਲਣਾ ਚਾਹੀਦਾ ਸੀ, ਉਹ ਨਹੀਂ ਮਿਲਿਆ। ਉਸ ਦੇ ਲਿਖੇ ਗੀਤਾਂ ਨੇ ਉਸ ਸਮੇਂ ਦੇ ਨਾਮਵਰ ਗਾਇਕਾਂ ਨੂੰ ਕੋਠੀਆਂ ਵਾਲੇ ਜ਼ਰੂਰ ਬਣਾ ਦਿੱਤਾ ਸੀ।

ਲੋਕ ਮੰਚ ਪੰਜਾਬ ਸੰਸਥਾ ਵੱਲੋਂ ਨੰਦ ਲਾਲ ਨੂਰਪੁਰੀ ਪੁਰਸਕਾਰ

ਸ਼ਾਹਕਾਰ ਲੋਕ ਗੀਤਾਂ ਦੇ ਹਾਣ ਦੇ ਗੀਤ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਉਣ ਵਾਲੇ ਨੰਦ ਲਾਲ ਨੂਰਪੁਰੀ ਨੂੰ ਉਸ ਦੀ ਮੌਤ ਤੋਂ ਬਾਅਦ ਵੀ ਸਮੇਂ ਦੀਆਂ ਸਰਕਾਰਾਂ ਤੇ ਸਾਹਿਤਕ ਸੰਸਥਾਵਾਂ ਨੇ ਲਗਪਗ ਨਜ਼ਰ-ਅੰਦਾਜ਼ ਕੀਤਾ। ਸਾਲ 2022 ਤੋਂ ਲੋਕ ਮੰਚ ਪੰਜਾਬ ਸੰਸਥਾ ਵੱਲੋਂ ਹਰ ਸਾਲ ਸਾਫ਼-ਸੁਥਰੀ ਗੀਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਇਕ ਲੱਖ ਦੇ ਨਗਦ ਇਨਾਮ ਨਾਲ ‘ਨੰਦ ਲਾਲ ਨੂਰਪੁਰੀ ਪੁਰਸਕਾਰ’ ਸ਼ੁਰੂ ਕੀਤਾ। ਸਾਲ 2022 ਦਾ ਪਹਿਲਾ ਪੁਰਸਕਾਰ ਉੱਘੇ ਪੰਜਾਬੀ ਕਵੀ ਤੇ ਗੀਤਕਾਰ ਗੁਰਭਜਨ ਸਿੰਘ ਗਿੱਲ ਨੂੰ ਦਿੱਤਾ ਗਿਆ। ਸਾਲ 2023 ਦਾ ਨੰਦ ਲਾਲ ਨੂਰਪੁਰੀ ਪੁਰਸਕਾਰ ਉੱਘੇ ਗੀਤਕਾਰ ਤੇ ਗਾਇਕ ਪਾਲੀ ਦੇਤਵਾਲੀਆ ਨੂੰ ਦਿੱਤਾ ਗਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।