Monsoon 2025

27 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਮੌਨਸੂਨ ਨੇ ਪਿਛਲੇ 75 ਸਾਲਾਂ ’ਚ ਸਭ ਤੋਂ ਪਹਿਲਾਂ ਦੇਸ਼ ਦੀ ਆਰਥਿਕ ਰਾਜਧਾਨੀ ’ਚ ਅੱਜ ਜ਼ੋਰਦਾਰ ਢੰਗ ਨਾਲ ਦਸਤਕ ਦਿੱਤੀ। ਭਾਰੀ ਮੀਂਹ ਕਾਰਨ ਮੱਧ ਰੇਲਵੇ ਦੀ ਹਾਰਬਰ ਲਾਈਨ ’ਤੇ ਨੀਮ ਸ਼ਹਿਰੀ ਰੇਲ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਜਦਕਿ ਮਹਾਨਗਰ ਦੇ ਕਈ ਇਲਾਕਿਆਂ ’ਚ ਪਾਣੀ ਭਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

ਪੱਛਮੀ ਮਹਾਰਾਸ਼ਟਰ ਤੇ ਸਾਹਿਲੀ ਕੋਂਕਣ ਖੇਤਰ ਦੇ ਕੁਝ ਹਿੱਸਿਆਂ ’ਚ ਵੀ ਭਾਰੀ ਮੀਂਹ ਪੈਣ ਦੀ ਖ਼ਬਰ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਰਾਏਗੜ੍ਹ ਜ਼ਿਲ੍ਹੇ ’ਚ ਬਿਜਲੀ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਭਾਰੀ ਮੀਂਹ ਕਾਰਨ ਜ਼ਮੀਨਦੋਜ਼ ਸਟੇਸ਼ਨ ’ਚ ਪਾਣੀ ਭਰਨ ਮਗਰੋਂ ਅੱਜ ਅਚਾਰੀਆ ਅਤਰੇ ਚੌਕ ਤੇ ਵਰਲੀ ਵਿਚਾਲੇ ਮੈਟਰੋ ਲਾਈਨ 3 ’ਤੇ ਵੀ ਰੇਲ ਸੇਵਾ ਮੁਲਤਵੀ ਕਰ ਦਿੱਤੀ ਗਈ ਹੈ। ਮੌਸਮ ਵਿਭਾਗ ਦੀ ਵਿਗਿਆਨੀ ਸੁਸ਼ਮਾ ਨਾਇਰ ਨੇ ਦੱਸਿਆ, ‘ਦੱਖਣ-ਪੱਛਮੀ ਮੌਨਸੂਨ ਨੇ 26 ਮਈ ਨੂੰ ਮੁੰਬਈ ’ਚ ਦਸਤਕ ਦਿੱਤੀ ਹੈ। ਪਿਛਲੇ 75 ਸਾਲਾਂ ’ਚ ਮੌਨਸੂਨ ਇੰਨੀ ਜਲਦੀ ਮੁੰਬਈ ਪਹੁੰਚਿਆ ਹੈ।’ ਨਾਇਰ ਨੇ ਕਿਹਾ ਕਿ ਦੱਖਣ-ਪੱਛਮੀ ਮੌਨਸੂਨ 1956 ’ਚ 29 ਮਈ ਨੂੰ ਮੁੰਬਈ ਪਹੁੰਚਿਆ ਸੀ। ਇਹ 1962 ਤੇ 1971 ’ਚ ਵੀ ਇਸੇ ਤਰੀਕ ਨੂੰ ਪੁੱਜਾ ਸੀ। ਮੁੰਬਈ ’ਚ ਮੌਨਸੂਨ ਪੁੱਜਣ ਦੀ ਆਮ ਤਰੀਕ 11 ਜੂਨ ਹੈ।

ਉੱਧਰ ਆਂਧਰਾ ਪ੍ਰਦੇਸ਼ ਰਾਜ ਆਫਤ ਪ੍ਰਬੰਧਨ ਅਥਾਰਿਟੀ ਨੇ ਅੱਜ ਦੱਸਿਆ ਕਿ ਦੱਖਣ-ਪੱਛਮੀ ਮੌਨਸੂਨ ਸੂਬੇ ਦੇ ਰਾਇਲਸੀਮਾ ਖੇਤਰ ਅੰਦਰ ਦਾਖਲ ਹੋ ਗਿਆ ਹੈ। ਅਥਾਰਿਟੀ ਨੇ ਕਿਹਾ ਕਿ ਮੌਨਸੂਨ ਦੇ ਆਂਧਰਾ ਪ੍ਰਦੇਸ਼ ਦੇ ਹੋਰ ਖੇਤਰਾਂ ਵੱਲ ਵਧਣ ਲਈ ਹਾਲਾਤ ਢੁੱਕਵੇਂ ਬਣੇ ਹੋਏ ਹਨ। ਇਸੇ ਤਰ੍ਹਾਂ ਪੱਛਮੀ ਬੰਗਾਲ ਦੇ ਕੋਲਕਾਤਾ ਸ਼ਹਿਰ ਤੇ ਦੱਖਣੀ ਬੰਗਾਲ ਦੇ ਕੁਝ ਹਿੱਸਿਆਂ ’ਚ ਅੱਜ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਇਸ ਨੂੰ ਦੱਖਣੀ-ਪੱਛਮੀ ਮੌਨਸੂਨ ਤੋਂ ਪਹਿਲਾਂ ਦਾ ਮੀਂਹ ਦੱਸਿਆ ਹੈ। ਵਿਭਾਗ ਨੇ 27 ਤੇ 28 ਮਈ ਨੂੰ ਸੂਬੇ ਦੇ ਕੁਝ ਜ਼ਿਲ੍ਹਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ।

ਕਰਨਾਟਕ ਵਿੱਚ ਮੋਹਲੇਧਾਰ ਮੀਂਹ; ਜਨਜੀਵਨ ਪ੍ਰਭਾਵਿਤ

ਕਰਨਾਟਕ ਦੇ ਤੱਟੀ ਖੇਤਰਾਂ ’ਚ ਅੱਜ ਲਗਾਤਾਰ ਤੀਜੇ ਦਿਨ ਮੋਹਲੇਧਾਰ ਮੀਂਹ ਪਿਆ ਜਿਸ ਨਾਲ ਦੱਖਣੀ ਕੰਨੜ ਜ਼ਿਲ੍ਹੇ ’ਚ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹਾਲਾਤ ਦੇਖਦਿਆਂ ਕੰਨੜ ਜ਼ਿਲ੍ਹੇ ’ਚ ਪ੍ਰਸ਼ਾਸਨ ਨੇ ਰੈੱਡ ਅਲਰਟ ਜਾਰੀ ਕਰਕੇ ਆਫਤ ਪ੍ਰਬੰਧਨ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਮੌਸਮ ਵਿਭਾਗ ਨੇ ਕਿਹਾ ਕਿ ਕਰਨਾਟਕ ਦੇ ਤੱਟੀ ਇਲਾਕਿਆਂ ਲਈ ਰੈੱਡ ਅਲਰਟ ਅਗਲੇ ਪੰਜ ਦਿਨਾਂ ਤੱਕ ਲਾਗੂ ਰਹੇਗਾ। ਮੰਗਲੂਰੂ ਸ਼ਹਿਰ ਦੇ ਕਈ ਹਿੱਸਿਆਂ ’ਚ ਪਾਣੀ ਭਰਨ ਗਿਆ ਹੈ ਜਿਸ ਕਾਰਨ ਆਜਾਵਾਈ ਦੀ ਸਮੱਸਿਆ ਪੈਦਾ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਹਾੜੀ ਇਲਾਕਿਆਂ ’ਚ ਢਿੱਗਾਂ ਡਿੱਗਣ ਦੀਆਂ ਮਾਮੂਲੀ ਘਟਨਾਵਾਂ ਵੀ ਸਾਹਮਣੇ ਆਈਆਂ ਹਨ।

ਸੰਖੇਪ: ਮੌਨਸੂਨ 75 ਸਾਲਾਂ ਵਿੱਚ ਸਭ ਤੋਂ ਜਲਦੀ ਮੁੰਬਈ ਪਹੁੰਚਿਆ, ਜਿਸ ਨਾਲ ਸ਼ਹਿਰ ਵਿੱਚ ਭਾਰੀ ਵਰਖਾ ਅਤੇ ਜਲਭਰਾਅ ਦੇ ਦ੍ਰਿਸ਼ ਵੇਖਣ ਨੂੰ ਮਿਲੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।