13 ਸਤੰਬਰ 2024 : ਮੁੰਬਈ: ਮ੍ਰਿਣਾਲ ਠਾਕੁਰ ‘ਸਨ ਆਫ ਸਰਦਾਰ-2’ ਫ਼ਿਲਮ ਦੀ ਸ਼ੂਟਿੰਗ ਦੇ ਅਗਲੇ ਪੜਾਅ ਲਈ ਮੁੰਬਈ ਪਰਤ ਆਈ ਹੈ। ਇਸ ਸਬੰਧੀ ਮ੍ਰਿਣਾਲ ਨੇ ਇੰਸਟਾਗ੍ਰਾਮ ’ਤੇ ਸਟੋਰੀ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ। ਉਸ ਨੇ ਆਪਣੀ ਵੈਨਿਟੀ ਵੈਨ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਮੁੰਬਈ ਮੇਰੀ ਜਾਨ’…. ‘ਸਨ ਆਫ ਸਰਦਾਰ-2’’ ਤੇ ਇਸ ਸਟੋਰੀ ’ਚ ‘ਢੋਲ ਜਗੀਰੋ ਦਾ’ ਗੀਤ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ‘ਸਨ ਆਫ ਸਰਦਾਰ-2’ ਅਸ਼ਵਨੀ ਧੀਰ ਵੱਲੋਂ ਨਿਰਦੇਸ਼ਿਤ ਸਾਲ 2012 ’ਚ ਆਈ ਐਕਸ਼ਨ-ਕਾਮੇਡੀ ਭਰਪੂਰ ਫ਼ਿਲਮ ‘ਸਨ ਆਫ ਸਰਦਾਰ’ ਦਾ ਸੀਕਵਲ ਹੈ। ‘ਸਨ ਆਫ ਸਰਦਾਰ-2’ ਦਾ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਹੈ। ਇਸ ਵਿੱਚ ਅਜੇ ਦੇਵਗਨ ਅਤੇ ਸੰਜੇ ਦੱਤ ਵੀ ਹਨ। ਮ੍ਰਿਣਾਲ ਸਕਾਟਲੈਂਡ ਵਿੱਚ ਛੁੱਟੀਆਂ ਮਨਾ ਕੇ ਹਾਲ ਹੀ ’ਚ ਵਾਪਸ ਆਈ ਹੈ। ਅਦਾਕਾਰਾ ਨੇ ਸ਼ਨਿੱਚਰਵਾਰ ਨੂੰ ਵੀ ਇੰਸਟਾਗ੍ਰਾਮ ’ਤੇ ਇੱਕ ਤਸਵੀਰ ਸਾਂਝੀ ਕਰ ਕੇ ਸਾਰਿਆਂ ਨੂੰ ਗਣੇਸ਼ ਚਤੁਰਥੀ ਦੀ ਵਧਾਈ ਦਿੱਤੀ ਸੀ।