20 ਸਤੰਬਰ 2024 : ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਸੁਰੱਖਿਆ ਕਾਫ਼ਲੇ ਵਿੱਚ ਦਾਖ਼ਲ ਹੋਏ ਮੋਟਰਸਾਈਕਲ ਸਵਾਰ ਖ਼ਿਲਾਫ਼ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਬਾਂਦਰਾ ਵਿੱਚ ਮਹਿਬੂਬ ਸਟੂਡੀਓ ਅਤੇ ਗੈਲੇਕਸੀ ਅਪਾਰਟਮੈਂਟਸ ਵਿਚਕਾਰ ਵਾਪਰੀ, ਜਿੱਥੇ ਅਦਾਕਾਰ ਦਾ ਘਰ ਹੈ। ਸਲਮਾਨ ਨੂੰ ਲਾਰੈਂਸ ਬਿਸ਼ਨੋਈ ਗਰੋਹ ਤੋਂ ਕਈ ਧਮਕੀਆਂ ਮਿਲੀਆਂ ਹਨ ਅਤੇ ਉਸ ਨੂੰ ਮੁੰਬਈ ਪੁਲੀਸ ਵੱਲੋਂ ‘ਵਾਈ-ਪਲੱਸ’ ਸੁਰੱਖਿਆ ਕਵਰ ਮੁਹੱਈਆ ਕਰਵਾਇਆ ਗਿਆ ਹੈ। ਘਟਨਾ ਸਮੇਂ ਸਲਮਾਨ ਘਰ ਪਰਤ ਰਿਹਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਾਤ ਕਰੀਬ 12:15 ਵਜੇ ਜਦੋਂ ਕਾਫ਼ਲਾ ਮਹਿਬੂਬ ਸਟੂਡੀਓ ਤੋਂ ਲੰਘਿਆ ਤਾਂ ਮੋਟਰਸਾਈਕਲ ’ਤੇ ਸਵਾਰ ਫ਼ੈਜ਼ ਮੋਹਿਉਦੀਨ (21) ਨੇ ਸਲਮਾਨ ਦੀ ਕਾਰ ਨੇੜੇ ਜਾਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮੀਆਂ ਨੇ ਉਸ ਨੂੰ ਚਿਤਾਵਨੀ ਦਿੱਤੀ ਪਰ ਉਹ ਸਲਮਾਨ ਦੀ ਕਾਰ ਵੱਲ ਆਉਂਦਾ ਰਿਹਾ। ਅਧਿਕਾਰੀ ਨੇ ਦੱਸਿਆ ਕਿ ਅਦਾਕਾਰ ਦੇ ਘਰ ਪਹੁੰਚਣ ਮਗਰੋਂ ਦੋ ਪੁਲੀਸ ਵਾਹਨਾਂ ਨੇ ਮੋਟਰਸਾਈਕਲ ਸਵਾਰ ਦਾ ਪਿੱਛਾ ਕੀਤਾ ਅਤੇ ਉਸ ਨੂੰ ਰੋਕ ਲਿਆ। ਪੁੱਛ ਪੜਤਾਲ ਦੌਰਾਨ ਬਾਂਦਰਾ ਪੱਛਮੀ ਵਾਸੀ ਮੋਹਿਉਦੀਨ ਨੇ ਪੁਲੀਸ ਨੂੰ ਦੱਸਿਆ ਕਿ ਉਹ ਕਾਲਜ ਦਾ ਵਿਦਿਆਰਥੀ ਹੈ। ਅਧਿਕਾਰੀ ਨੇ ਦੱਸਿਆ ਕਿ ਮੋਹਿਉਦੀਨ ਖ਼ਿਲਾਫ਼ ਬਾਂਦਰਾ ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ ਪਰ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਸਲਮਾਨ ਦੇ ਗੈਲੇਕਸੀ ਅਪਾਰਟਮੈਂਟ ਦੇ ਬਾਹਰ ਇਸ ਸਾਲ ਅਪਰੈਲ ਵਿੱਚ ਬਿਸ਼ਨੋਈ ਗਰੋਹ ਨਾਲ ਕਥਿਤ ਤੌਰ ’ਤੇ ਜੁੜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਬਾਰੀ ਕੀਤੀ ਸੀ।