6 ਅਗਸਤ 2024 : ਪਿੰਡ ਸ਼ਾਮਪੁਰ ’ਚ ਇਕ ਔਰਤ ਨੇ ਜੇਠ ਨਾਲ ਮਿਲ ਕੇ ਨਾਜਾਇਜ਼ ਸਬੰਧਾਂ ਨੂੰ ਲੁਕਾਉਣ ਲਈ ਆਪਣੀ 13 ਸਾਲਾ ਮਾਸੂਮ ਧੀ ਦਾ ਕਤਲ ਕਰ ਦਿੱਤਾ। ਦੋਵਾਂ ਨੇ ਆਪਣੇ ਜੁਰਮ ਨੂੰ ਲੁਕਾਉਣ ਲਈ ਬੱਚੀ ਦਾ ਸਸਕਾਰ ਵੀ ਕਰ ਦਿੱਤਾ ਤਾਂ ਜੋ ਕਿਸੇ ਨੂੰ ਦੋਵਾਂ ’ਤੇ ਸ਼ੱਕ ਵੀ ਨਾ ਹੋਵੇ।
ਇਸ ਸਬੰਧੀ ਥਾਣਾ ਸੋਹਾਣਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਤਾਂ ਪੁਲਿਸ ਨੇ ਮਾਂ ਤੇ ਤਾਏ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਅੰਗਰੇਜ਼ ਕੌਰ ਨੇ ਆਪਣੇ ਜੇਠ ਜਗਤਾਰ ਸਿੰਘ ਨੇ ਨਾਲ ਮਿਲ ਕੇ ਆਪਣੀ 13 ਸਾਲਾ ਧੀ ਪ੍ਰੀਤ ਕੌਰ ਦਾ ਕਤਲ ਕਰ ਦਿੱਤਾ। ਇਸ ਮਾਮਲੇ ’ਚ ਪੁਲਿਸ ਨੇ ਜਗਤਾਰ ਸਿੰਘ ਨੂੰ ਕਾਬੂ ਕਰ ਲਿਆ ਹੈ ਅਤੇ ਬੱਚੀ ਦੀ ਮਾਂ ਫ਼ਰਾਰ ਦੱਸੀ ਜਾ ਰਹੀ ਹੈ ਜਦਕਿ ਬੱਚੀ ਦਾ ਪਿਤਾ ਪੈਰਾਮਿਲਟਰੀ ’ਚ ਨੌਕਰੀ ਕਰਦਾ ਹੈ।
ਪੁਲਿਸ ਦੀ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਬੱਚੀ ਦੀ ਮਾਂ ਅੰਗਰੇਜ਼ ਕੌਰ ਦੇ ਆਪਣੇ ਜੇਠ ਨਾਲ ਨਾਜਾਇਜ਼ ਸਬੰਧ ਸਨ। ਇਸ ਵਾਰਦਾਤ ਤੋਂ ਪਹਿਲਾਂ ਬੱਚੀ ਨੇ ਆਪਣੀ ਮਾਂ ਤੇ ਤਾਏ ਨੂੰ ਇਤਰਾਜ਼ਯੋਗ ਹਾਲਾਤ ’ਚ ਇਕੱਠਿਆਂ ਨੂੰ ਦੇਖ ਲਿਆ ਸੀ ਜਿਸ ਕਾਰਨ ਦੋਵਾਂ ਨੂੰ ਡਰ ਸੀ ਕਿ ਬੱਚੀ ਉਨ੍ਹਾਂ ਦੇ ਨਾਜਾਇਜ਼ ਸਬੰਧਾਂ ਬਾਰੇ ਘਰ ਤੇ ਹੋਰ ਰਿਸ਼ਤੇਦਾਰਾਂ ਨੂੰ ਦੱਸ ਦੇਵੇਗੀ ਅਤੇ ਉਨ੍ਹਾਂ ਦਾ ਭੇਤ ਖੁੱਲ੍ਹ ਜਾਵੇਗਾ। ਇਸੇ ਡਰ ਕਾਰਨ ਦੋਵਾਂ ਨੇ ਬੱਚੀ ਦਾ ਕਤਲ ਕਰਨ ਦਾ ਮਨ ਬਣਾ ਲਿਆ।
ਪਹਿਲਾਂ ਖੁਆਇਆ ਸਲਫ਼ਾਸ, ਫਿਰ ਘੁੱਟਿਆ ਗਲ਼ਾ
ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਮੁਲਜ਼ਮਾਂ ਨੇ ਯੋਜਨਾਬੰਦ ਤਰੀਕੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ 11 ਜੁਲਾਈ ਨੂੰ ਜਦੋਂ ਬੱਚੀ ਨੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ ’ਚ ਦੇਖਿਆ ਤਾਂ ਉਨ੍ਹਾਂ ਨੇ ਪਹਿਲਾਂ ਲੜਕੀ ਨੂੰ ਜ਼ਬਰਦਸਤੀ ਕਿਸੇ ਚੀਜ਼ ’ਚ ਸਲਫ਼ਾਸ ਮਿਲਾ ਕੇ ਖੁਆ ਦਿੱਤਾ ਪਰ ਜਦੋਂ ਸਲਫਾਸ ਦੇ ਅਸਰ ਕਾਰਨ ਬੱਚੀ ਦੀ ਮੌਤ ਨਾ ਹੋਈ ਤਾਂ ਦੋਵੇਂ ਡਰ ਗਏ ਕਿ ਕਿਤੇ ਮਰਨ ਤੋਂ ਪਹਿਲਾਂ ਬੱਚੀ ਕਿਸੇ ਨੂੰ ਕੁਝ ਦੱਸ ਨਾ ਦੇਵੇ ਅਤੇ ਇਸ ਲਈ ਦੋਵਾਂ ਨੇ ਤੁਰੰਤ ਬੱਚੀ ਨੂੰ ਮਾਰਨ ਦਾ ਫ਼ੈਸਲਾ ਕੀਤਾ ਜਿਸ ਤੋਂ ਬਾਅਦ ਬੱਚੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਉਕਤ ਮੁਲਜ਼ਮਾਂ ਨੇ ਆਪਣਾ ਰਾਜ਼ ਖੁੱਲ੍ਹ ਜਾਣ ਦੇ ਡਰੋਂ 12 ਜੁਲਾਈ ਨੂੰ ਸਵੇਰੇ ਹੀ ਬੱਚੀ ਦਾ ਸਸਕਾਰ ਵੀ ਕਰ ਦਿੱਤਾ।