Moosewala

29 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਅੱਜ ਤੋਂ 3 ਸਾਲ ਪਹਿਲਾਂ 29 ਮਈ, 2022 ਨੂੰ ਮਾਨਸਾ ਜ਼ਿਲ੍ਹੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਕਤਲ ਦੀ ਜਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਅਤੇ ਫਰਾਰ ਮੁਲਜ਼ਮ ਗੋਲਡੀ ਬਰਾੜ ਨੇ ਲਈ ਸੀ। ਹਮਲੇ ਵਾਲੇ ਦਿਨ ਸਿੱਧੂ ਮੂਸੇਵਾਲਾ ਆਪਣੇ ਕੁੱਝ ਸਾਥਿਆਂ ਨਾਲ ਕਾਲੇ ਰੰਗ ਦੀ ਥਾਰ ਕਾਰ ਵਿੱਚ ਆਪਣੇ ਘਰੋਂ ਨਿਕਲਿਆ ਸੀ। ਗੈਂਗਸਟਰਾਂ ਨੇ ਜਵਾਹਰਕੇ ਪਿੰਡ ਕੋਲ ਪਹੁੰਚ ਕੇ ਉਹਨਾਂ ਦੀ ਕਾਰ ਨੂੰ ਚਾਰੋਂ ਪਾਸਿਓਂ ਘੇਰਾ ਪਾ ਲਿਆ ਅਤੇ 30 ਤੋਂ ਵੱਧ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ 19 ਗੋਲੀਆਂ ਮੂਸੇਵਾਲਾ ਨੂੰ ਲੱਗੀਆਂ।

ਲਾਰੈਂਸ ਗੈਂਗ ਨਾਲ ਸਬੰਧਿਤ ਗੋਲਡੀ ਬਰਾੜ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ। ਇਸ ਮਾਮਲੇ ਵਿੱਚ ਹੁਣ ਤੱਕ ਪੁਲਿਸ ਨੇ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਸਮੇਤ ਕੁੱਲ 36 ਲੋਕਾਂ ਨੂੰ ਨਾਮਜ਼ਦ ਕਰਕੇ ਚਾਰਜਸ਼ੀਟ ਦਾਇਰ ਕੀਤੀ ਹੈ। 30 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਅਜੇ ਵੀ ਮੁੱਖ ਮੁਲਜ਼ਮ ਸਜ਼ਾ ਤੋਂ ਦੂਰ ਹਨ। ਸਿੱਧੂ ਦਾ ਪਰਿਵਾਰ ਅਤੇ ਚਾਹੁਣ ਵਾਲੇ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ।

3 ਸਾਲ ਵਿੱਚ ਕਿੰਨਾ ਕੁ ਬਦਲ ਲਿਆ..!

ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਅੱਜ ਉਹਨਾਂ ਦੀ ਤੀਜੀ ਬਰਸੀ ਮਨਾ ਰਹੇ ਹਨ। ਇਹਨਾਂ 3 ਸਾਲਾਂ ਵਿੱਚ ਕਈ ਚੀਜ਼ਾਂ ਵਿੱਚ ਬਦਲਾਅ ਆਇਆ ਹੈ। ਮਾਪਿਆਂ ਦੇ ਇਕਲੌਤਾ ਪੁੱਤ ਹੋਣ ਦੇ ਕਾਰਨ ਮੂਸੇਵਾਲਾ ਦਾ ਘਰ ਸੁੰਨਾ ਹੋ ਗਿਆ ਸੀ ਪਰ ਹੁਣ ਉਸ ਦਾ ਛੋਟੇ ਭਰਾ ਦੀਆਂ ਕਿਲਕਾਰੀਆਂ ਉਸ ਘਰ ਵਿੱਚ ਖਿੜ ਰਹੀਆਂ ਹਨ।

ਜਿੱਥੇ ਸਿੱਧੂ ਮੂਸੇਵਾਲਾ ਪੰਜਾਬ ਦੇ ਮੁੱਦਿਆਂ ਅਤੇ ਚੰਗੇ ਭਵਿੱਖ ਦੀ ਕਾਮਨਾ ਕਰਕੇ ਸਿਆਸਤ ਵਿੱਚ ਆਇਆ ਸੀ ਅਤੇ ਮਾਨਸਾ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜਿਆ ਸੀ ਤਾਂ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਿਤਾ ਬਲਕੌਰ ਸਿੰਘ ਨੇ ਸਿਆਸਤ ਵਿੱਚ ਆਉਣ ਦਾ ਐਲਾਨ ਕਰ ਦਿੱਤਾ ਹੈ।

ਆਪਣੇ ਗੀਤਾਂ ਕਾਰਨ ਅੱਜ ਵੀ ਜਿਉਂਦਾ ਹੈ ਮੂਸੇਵਾਲਾ

ਬਲਕੌਰ ਸਿੰਘ ਚੋਣ ਲੜਦੇ ਵੀ ਨਜ਼ਰ ਆ ਸਕਦੇ ਹਨ, ਹੋ ਸਕਦਾ ਹੈ 2027 ਵਿੱਚ ਉਹ ਮਾਨਸਾ ਦੀ ਸੀਟ ਤੋਂ ਚੋਣ ਲੜਣ ਜਿੱਥੋਂ ਪਹਿਲਾਂ ਸਿੱਧੂ ਮੂਸੇਵਾਲਾ ਨੇ ਚੋਣ ਲੜੀ ਸੀ। ਇਸ ਤੋਂ ਇਲਾਵਾ ਮੂਸੇਵਾਲਾ ਦੇ ਗੀਤਾਂ ਨੂੰ ਪਸੰਦ ਕਰਨ ਵਾਲੇ ਲੋਕ ਦੁਨੀਆਂ ਦੇ ਹਰ ਕੋਨੇ ਵਿੱਚ ਵਸਦੇ ਹਨ, ਮੂਸੇਵਾਲਾ ਅਮਰੀਕਾ ਵਿੱਚ ਵੀ ਸੁਣਿਆ ਜਾਂਦਾ ਸੀ ਅਤੇ ਅਫਰੀਕਾ ਵਿੱਚ ਵੀ।

ਮੌਤ ਤੋਂ ਬਾਅਦ 3 ਸਾਲਾਂ ਵਿੱਚ ਮੂਸੇਵਾਲਾ ਦੇ 8 ਗੀਤ ਰਿਲੀਜ਼ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਵਿਵਾਦਤ ਗੀਤ SYL ਰਿਹਾ ਸੀ। ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਸੀ ਅਤੇ ਕੇਂਦਰ ਨੂੰ ਲਲਕਾਰਿਆ ਸੀ। ਮੂਸੇਵਾਲਾ ਦੇ ਮਾਪਿਆਂ ਨੇ ਐਲਾਨ ਕੀਤਾ ਸੀ ਕਿ ਹੁਣ ਮੂਸੇਵਾਲਾ ਵੱਲੋਂ ਪਹਿਲਾਂ ਤੋਂ ਹੀ ਰਿਕਾਰਡ ਕਰਕੇ ਰੱਖੇ ਗਏ ਗੀਤਾਂ ਨੂੰ ਸਮੇਂ ਸਮੇਂ ਤੇ ਰਿਲੀਜ਼ ਕਰਦੇ ਰਹਿਣਗੇ ਅਤੇ ਇਸ ਤਰ੍ਹਾਂ ਉਹ ਆਪਣੇ ਪੁੱਤ ਨੂੰ ਹਮੇਸ਼ਾ ਜਿਉਂਦਾ ਰੱਖਣਗੇ।

ਸੰਖੇਪ: ਅੱਜ ਮੂਸੇਵਾਲਾ ਦੀ ਹੱਤਿਆ ਨੂੰ 3 ਸਾਲ ਪੂਰੇ ਹੋ ਗਏ ਹਨ। ਇਸ ਦਿਨ ਮਾਨਸਾ ਵਿੱਚ ਉਸ ਦੀ ਯਾਦ ਵਿੱਚ ਬਰਸੀ ਮਨਾਈ ਜਾਵੇਗੀ ਜਿਸ ਵਿੱਚ ਲੋਕ ਉਸ ਨੂੰ ਸ਼ਰਧਾਂਜਲੀ ਦੇਣਗੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।