7 ਜੂਨ (ਪੰਜਾਬੀ ਖਬਰਨਾਮਾ):ਭਿਆਨਕ ਗਰਮੀ ਨਾਲ ਜੂਝ ਰਹੇ ਉੱਤਰ ਭਾਰਤ ਲਈ ਰਾਹਤ ਦੀ ਖਬਰ ਹੈ। ਦੱਖਣੀ ਸੂਬਿਆਂ ਦਾ ਸਫ਼ਰ ਤੈਅ ਕਰ ਚੁੱਕਾ ਮੌਨਸੂਨ ਜਲਦ ਹੀ ਉੱਤਰੀ ਭਾਰਤ ਦੇ ਸੂਬਿਆਂ ‘ਚ ਪਹੁੰਚ ਜਾਵੇਗਾ। ਮਹਾਰਾਸ਼ਟਰ ‘ਚ ਮੌਨਸੂਨ ਪਹੁੰਚ ਗਿਆ ਹੈ ਜਦੋਂਕਿ ਜਲਦ ਹੀ ਬਾਕੀ ਸੂਬਿਆਂ ‘ਚ ਵੀ ਮੌਨਸੂਨ ਦੀ ਬਾਰਿਸ਼ ਸ਼ੁਰੂ ਹੋ ਜਾਵੇਗੀ
ਮੌਸਮ ਵਿਭਾਗ ਮੁਤਾਬਕ ਅਗਲੇ ਹਫਤੇ ਤਕ ਮੌਨਸੂਨ ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਤੇ ਗੁਜਰਾਤ ਪਹੁੰਚ ਜਾਵੇਗਾ ਤੇ ਇੱਥੇ ਬਰਸਾਤ ਸ਼ੁਰੂ ਹੋ ਜਾਵੇਗੀ। ਜਦੋਂਕਿ ਬਾਕੀ ਸੂਬਿਆਂ ‘ਚ 25 ਜੂਨ ਤੋਂ ਮੌਨਸੂਨ ਦੀ ਬਾਰਿਸ਼ ਹੋਵੇਗੀ। ਜ਼ਿਕਰਯੋਗ ਹੈ ਕਿ ਦੱਖਣ ਦੇ ਨਾਲ-ਨਾਲ ਉੱਤਰ-ਪੂਰਬੀ ਸੂਬਿਆਂ ‘ਚ ਵੀ ਬਾਰਿਸ਼ ਹੋ ਰਹੀ ਹੈ।
ਵਿਭਾਗ ਮੁਤਾਬਕ ਅਗਲੇ ਪੰਜ ਦਿਨਾਂ ਤਕ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਨਾਲ-ਨਾਲ ਪੂਰਬੀ ਭਾਰਤ ‘ਚ ਗਰਮੀ ਦੀ ਲਹਿਰ ਜਾਰੀ ਰਹਿ ਸਕਦੀ ਹੈ ਜਿਸ ਤੋਂ ਬਾਅਦ ਸ਼ੁੱਕਰਵਾਰ ਤੋਂ ਗਰਜ ਦੇ ਨਾਲ ਬਾਰਿਸ਼ ਹੋਵੇਗੀ।
ਮਹਾਰਾਸ਼ਟਰ ‘ਚ ਮੌਨਸੂਨ ਦੀ ਸ਼ੁਰੂਆਤ (Monsoon In Maharashtra)
ਤਪਸ਼ ਦਾ ਸਾਹਮਣਾ ਕਰ ਰਹੇ ਮਹਾਰਾਸ਼ਟਰ ‘ਚ ਵੀਰਵਾਰ ਨੂੰ ਮੌਨਸੂਨ ਪਹੁੰਚਿਆ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਫਿਲਹਾਲ ਮੌਨਸੂਨ ਨੇ ਦੱਖਣੀ ਕੋਂਕਣ ਦੇ ਸਿੰਧੂਦੁਰਗ ਜ਼ਿਲ੍ਹੇ ਤੇ ਪੱਛਮੀ ਮਹਾਰਾਸ਼ਟਰ ਦੇ ਸਾਂਗਲੀ ਤੇ ਕੋਲਹਾਪੁਰ ‘ਚ ਦਸਤਕ ਦੇ ਦਿੱਤੀ ਹੈ ਤੇ 10 ਜੂਨ ਤਕ ਮੁੰਬਈ ‘ਚ ਪਹੁੰਚ ਜਾਵੇਗਾ।
ਰਾਜਸਥਾਨ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ (Monsoon In Rajasthan)
ਮੌਸਮ ਵਿਭਾਗ ਮੁਤਾਬਕ ਫਿਲਹਾਲ ਨਵੀਆਂ ਪੱਛਮੀ ਗੜਬੜ ਵਾਲੀਆਂ ਪੌਣਾਂ ਸਰਗਰਮ ਹੋ ਰਹੀਆਂ ਹਨ ਜਿਸ ਕਾਰਨ ਰਾਜਸਥਾਨ ‘ਚ ਬੱਦਲ ਛਾਏ ਰਹਿਣਗੇ। ਮੌਸਮ ਵਿਭਾਗ ਨੇ 7 ਤੋਂ 8 ਜੂਨ ਦਰਮਿਆਨ ਬੀਕਾਨੇਰ ਤੇ ਜੋਧਪੁਰ ਡਿਵੀਜ਼ਨ ਦੇ ਕੁਝ ਖੇਤਰਾਂ ‘ਚ ਗਰਜ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਕੁਝ ਥਾਵਾਂ ‘ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ ਤੇ 7 ਜੂਨ ਨੂੰ ਪੱਛਮੀ ਰਾਜਸਥਾਨ ਦੇ ਕੁਝ ਇਲਾਕਿਆਂ ‘ਚ ਗੜੇ ਪੈਣ ਦੀ ਸੰਭਾਵਨਾ ਹੈ।