23 ਅਗਸਤ 2024 : ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਮੰਕੀਪੌਕਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਵਿੱਚ ਇਸ ਬਿਮਾਰੀ ਦਾ ਖ਼ਤਰਾ ਵੱਧ ਗਿਆ ਹੈ। ਮੱਧ ਅਫ਼ਰੀਕਾ ਦੇ ਡੈਮੋਕਰੇਟਿਕ ਰੀਪਬਲਿਕ ਆਫ਼ ਕਾਂਗੋ ਤੋਂ ਸ਼ੁਰੂ ਹੋਈ ਇਹ ਬਿਮਾਰੀ ਹੁਣ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਐਮਪੀਓਐਕਸ ਇੱਕ ਵਾਇਰਲ ਜ਼ੂਨੋਸਿਸ ਬਿਮਾਰੀ ਹੈ, ਜਿਸ ਦੇ ਲੱਛਣ ਪੁਰਾਣੇ ਸਮਿਆਂ ਵਿੱਚ ਹੋਣ ਵਾਲੇ ਚੇਚਕ ਵਰਗੇ ਹਨ। ਹਾਲਾਂਕਿ ਇਹ ਇਸ ਤੋਂ ਘੱਟ ਗੰਭੀਰ ਹੈ। ਵਿਸ਼ਵ ਸਿਹਤ ਸੰਗਠਨ ਨੇ ਮੰਕੀਪੌਕਸ ਦੇ ਪ੍ਰਕੋਪ ਨੂੰ ਵਿਸ਼ਵਵਿਆਪੀ ਚਿੰਤਾ ਵਾਲੀ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ ਹੈ।
ਇਸ ਲਈ ਮੰਕੀਪੌਕਸ ਦੇ ਫੈਲਣ ਨੂੰ ਰੋਕਣ ਲਈ ਵਧੇਰੇ ਜਾਗਰੂਕਤਾ, ਤੇਜ਼ੀ ਨਾਲ ਪਛਾਣ ਕਰਨ ਅਤੇ ਰੋਕਥਾਮ ਉਪਾਵਾਂ ਨੂੰ ਅਪਣਾਉਣ ਦੀ ਲੋੜ ਹੈ। ਹਾਲਾਂਕਿ, ਹੁਣ ਐਮਰਜੈਂਸੀ ਵਿੱਚ ਮੰਕੀਪੌਕਸ ਦੇ ਮਰੀਜ਼ਾਂ ਨੂੰ ਸੰਭਾਲਣ ਲਈ ਏਮਜ਼ (AIIMS) ਦੁਆਰਾ ਐਸਓਪੀ ਜਾਰੀ ਕੀਤਾ ਗਿਆ ਹੈ। ਏਮਜ਼ (AIIMS) ਦੇ ਮੈਡੀਕਲ ਸੁਪਰਡੈਂਟ ਪ੍ਰੋਫੈਸਰ ਨਿਰੂਪਮ ਮਦਾਨ ਨੇ ਏਮਜ਼ (AIIMS) ਦੇ ਸਾਰੇ ਵਿਭਾਗਾਂ ਅਤੇ ਯੂਨਿਟ ਮੁਖੀਆਂ ਨੂੰ ਇਹ ਦਿਸ਼ਾ-ਨਿਰਦੇਸ਼ ਦਿੱਤੇ ਹਨ।