9 ਸਤੰਬਰ 2024 : ਇੰਗਲੈਂਡ ਦੇ ਹਰਫਨਮੌਲਾ ਕ੍ਰਿਕਟਰ ਮੋਈਨ ਅਲੀ (37) ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਅਲੀ ਨੇ ਇਹ ਖੁਲਾਸਾ ‘ਡੇਲੀ ਮੇਲ’ ਵੱਲੋਂ ਸ਼ਨਿਚਰਵਾਰ ਨੂੰ ਪ੍ਰਕਾਸ਼ਿਤ ਇੱਕ ਇੰਟਰਵਿਊ ’ਚ ਕੀਤਾ। ਬਰਮਿੰਘਮ ਵਿੱਚ ਜਨਮੇ ਖੱਬੇ ਹੱਥ ਦੇ ਬੱਲੇਬਾਜ਼ ਅਤੇ ਸੱਜੇ ਹੱਥ ਦੇ ਸਪਿੰਨਰ ਮੋਈਨ ਅਲੀ ਨੇ 2014 ਤੋਂ ਇੰਗਲੈਂਡ ਲਈ ਕੌਮਾਂਤਰੀ ਪੱਧਰ ’ਤੇ 68 ਟੈਸਟ, 138 ਇੱਕ ਰੋਜ਼ਾ ਅਤੇ 92 ਟੀ-20 ਮੈਚ ਖੇਡੇ ਹਨ। ਉਸ ਨੇ ਆਪਣਾ ਆਖਰੀ ਮੈਚ ਜੂਨ ਮਹੀਨੇ ਖੇਡਿਆ ਸੀ। ਕ੍ਰਿਕਟ ਦੀਆਂ ਤਿੰਨਾਂ ਵੰਨਗੀਆਂ ਵਿੱਚ ਉਸ ਦੇ ਨਾਮ 366 ਵਿਕਟਾਂ ਹਨ। ਮੋਈਨ ਅਲੀ ਇੰਗਲੈਂਡ ਦੀ 2019 ’ਚ ਇੱਕ ਰੋਜ਼ਾ ਅਤੇ 2022 ਵਿੱਚ ਟੀ-20 ਵਿਸ਼ਵ ਕੱਪ ਜੇਤੂੁ ਟੀਮ ਦਾ ਮੈਂਬਰ ਸੀ। ਮੋਈਨ ਅਲੀ ਨੇ ਬ੍ਰਿਟਿਸ਼ ਅਖ਼ਬਾਰ ‘ਦਿ ਡੇਲੀ ਮੇਲ’ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਅਗਲੀ ਪੀੜ੍ਹੀ ਨੂੰ ਮੌਕਾ ਦੇਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਕ੍ਰਿਕਟ ਨੂੰ ਅਲਵਿਦਾ ਆਖਣ ਦਾ ਇਹ ਸਹੀ ਸਮਾਂ ਹੈ। ਅਲੀ ਇੰਗਲੈਂਡ ਟੀਮ ਦੇ ਅਸਰਅੰਦਾਜ਼ ਉਪ ਕਪਤਾਨ ਰਹੇ ਅਤੇ ਉਹ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਬਾਅਦ 2023 ’ਚ ਐਸ਼ਿਜ਼ ਲਈ ਟੀਮ ’ਚ ਚੁਣੇ ਗਏ ਸਨ। ਉਨ੍ਹਾਂ ਟੀਮ ਲਈ ਵਧੀਆ ਪ੍ਰਦਰਸ਼ਨ ਕੀਤਾ।