8 ਅਕਤੂਬਰ 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਕਸ ’ਤੇ ‘ਗਰਬਾ’ ਗੀਤ ਸਾਂਝਾ ਕੀਤਾ, ਜਿਹੜਾ ਉਨ੍ਹਾਂ ਦੇਵੀ ਦੁਰਗਾ ਨੂੰ ਸਮਰਪਿਤ ਲਿਖਿਆ ਸੀ। ਮੋਦੀ ਨੇ ਐਕਸ ’ਤੇ ਲਿਖਿਆ, ‘‘ਮਾਂ ਦੁਰਗਾ ਦੀ ਭਗਤੀ ਨਾਲ ਜੁੜੇ ਲੋਕ ਨਰਾਤਿਆਂ ਮੌਕੇ ਵੱਖ-ਵੱਖ ਤਰ੍ਹਾਂ ਇਹ ਤਿਉਹਾਰ ਮਨਾ ਰਹੇ ਹਨ। ਸ਼ਰਧਾ ਅਤੇ ਆਨੰਦ ਦੀ ਇਸੇ ਭਾਵਨਾ ਵਿੱਚ ‘ਆਵਤੀ ਕਲਾਏ’ ਗਰਬਾ ਪੇਸ਼ ਹੈ, ਜੋ ਮੈਂ ਉਨ੍ਹਾਂ ਦੀ ਸ਼ਕਤੀ ਅਤੇ ਕ੍ਰਿਪਾ ਨੂੰ ਸਮਰਪਿਤ ਕਰਕੇ ਲਿਖਿਆ ਹੈ। ਉਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ’ਤੇ ਬਣਿਆ ਰਹੇ।’’ ਉਨ੍ਹਾਂ ਗਰਬਾ ਗੀਤ ਗਾਉਣ ਲਈ ਪੂਰਵਾ ਮੰਤਰੀ ਦਾ ਧੰਨਵਾਦ ਕਰਦਿਆਂ ਉਸ ਨੂੰ ਇੱਕ ਪ੍ਰਤਿਭਾਸ਼ਾਲੀ ਉੱਭਰਦੀ ਗਾਇਕਾ ਦੱਸਿਆ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲਿਖਿਆ ਗਰਬਾ ਗੀਤ ਗਾਉਣ ਵਾਲੀ ਗਾਇਕਾ ਪੂਰਵਾ ਮੰਤਰੀ ਨੇ ਕਿਹਾ ਕਿ ਉਹ ਧੰਨ ਅਤੇ ਅਤਿਅੰਤ ਸਨਮਾਨਿਤ ਮਹਿਸੂਸ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਅੱਜ ਇੱਕ ਗਰਬਾ ਗੀਤ ਦੀ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦੇ ਲਿਖੇ ਬੋਲ ਨੂੰ ਪੂਰਵਾ ਨੇ ਆਵਾਜ਼ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਜਦੋਂ ਸਵੇਰੇ ਐਕਸ ’ਤੇ ਇਹ ਗੀਤ ਸਾਂਝਾ ਕੀਤਾ ਤਾਂ ਪੂਰਵਾ ਕੋਲ ਸੰਦੇਸ਼ਾਂ ਦੀ ਝੜੀ ਲੱਗ ਗਈ। ਗਾਇਕਾ ਨੇ ਕਿਹਾ, ‘‘ਇੱਕ ਕਲਾਕਾਰ ਅਤੇ ਇੱਕ ਨਾਗਰਿਕ ਲਈ ਇਹ ਬਹੁਤ ਵੱਡੀ ਗੱਲ ਹੈ। ਮੈਂ ਇਸ ਵੱਡੇ ਗੀਤ ਦਾ ਹਿੱਸਾ ਹੋਣ ’ਤੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਮੇਰੀਆਂ ਅੱਖਾਂ ਨਮ ਹਨ।’’