ਪਟਿਆਲਾ (ਪੰਜਾਬੀ ਖਬਰਨਾਮਾ) 23 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਸ਼ਹਿਰ ਪਟਿਆਲਾ ’ਚ ਵੀਰਵਾਰ ਨੂੰ ਫ਼ਤਹਿ ਰੈਲੀ ਜ਼ਰੀਏ ਪੰਜਾਬ ਦੌਰੇ ਦਾ ਆਗਾਜ਼ ਕਰਨਗੇ। ਇਹ ਰੈਲੀ ਕਈ ਮਾਅਨਿਆਂ ’ਚ ਇਤਿਹਾਸਕ ਮੰਨੀ ਜਾ ਰਹੀ ਹੈ। ਪਹਿਲਾਂ ਤਾਂ 20 ਸਾਲਾਂ ’ਚ ਪਹਿਲੀ ਵਾਰ ਹੈ ਕਿ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਪਟਿਆਲਾ ਆਉਣਗੇ। ਦੂਜਾ ਇਸ ਰੈਲੀ ’ਚ ਜਿੱਥੇ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਦੇ ਆਪਣੇ ਏਜੰਡੇ ਬਾਰੇ ਪੰਜਾਬੀਆਂ ਨੂੰ ਜਾਣੂ ਕਰਵਾਉਣਗੇ ਉਥੇ ਨਾਲ ਹੀ ਪੰਜਾਬ ਨਾਲ ਆਪਣੀ ਸਾਂਝ ਗੂੜ੍ਹੀ ਕਰਦਿਆਂ ਸੂਬੇ ’ਚ ਭਾਜਪਾ ਨੂੰ ਮਜ਼ਬੂਤ ਕਰਨ ਦੀ ਗੱਲ ਕਰਨਗੇ। ਉਨ੍ਹਾਂ ਦੇ ਇਸ ਦੌਰੇ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੀ ਅਹਿਮ ਮੰਨਿਆ ਜਾ ਰਿਹਾ ਹੈ।
ਪਟਿਆਲਾ ਦੇ ਬਾਨੀ ਬਾਬਾ ਆਲ੍ਹਾ ਸਿੰਘ ਦੇ ਵੰਸ਼ਜ ਮਹਾਰਾਜਾ ਭਾÇਲੰਦਰ ਸਿੰਘ ਦੇ ਨਾਂ ’ਤੇ ਬਣੇ ਸਪੋਰਟਸ ਕੰਪਲੈਕਸ ’ਚ ਹੋਣ ਵਾਲੀ ਇਸ ਫ਼ਤਹਿ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਰੈਲੀ ’ਚ 50 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਪੰਜਾਬ ’ਚ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਚੋਣ ਮੈਦਾਨ ’ਚ ਉਤਰੀ ਹੈ ਤੇ ਲੋਕ ਇਸ ਨੂੰ ਬਦਲ ਵਜੋਂ ਦੇਖ ਰਹੇ ਹਨ। ਸਹੀ ਜਗ੍ਹਾ, ਸਹੀ ਸਮੇਂ ’ਤੇ ਸਹੀ ਪਾਰਟੀ ਦਾ ਮੇਲ ਹੋ ਰਿਹਾ ਹੈ।
ਰੈਲੀ ਦੀਆਂ ਤਿਆਰੀਆਂ ’ਚ ਰੁੱਝੇ ਪਰਨੀਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਪਟਿਆਲਾ ਫੇਰੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਦੇਵੇਗੀ। ਪਟਿਆਲਾ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਜੇਕਰ ਕੋਈ ਹੱਲ ਕਰ ਸਕਦਾ ਹੈ ਤਾਂ ਉਹ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹਨ। ਉਹ ਜ਼ਿਲ੍ਹੇ ਦੀਆਂ ਸਾਰੀਆਂ ਸਮੱਸਿਆਵਾਂ ਬਾਰੇ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਉਣਗੇ ਤੇ ਲੋੜੀਂਦੇ ਫੰਡ ਮੰਗਣਗੇ। ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੀ ਮੰਗ ਪੂਰੀ ਕਰਨਗੇ।
ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦੀ ਪਟਿਆਲਾ ਰੈਲੀ ਇਤਿਹਾਸਿਕ ਮਹਾ-ਸੰਮੇਲਨ ਦਾ ਰੂਪ ਲੈ ਕੇ ਦੇਸ਼ ਨੂੰ ਏਕਤਾ ਤੇ ਅਖੰਡਤਾ ਦਾ ਸੰਦੇਸ਼ ਦੇਵੇਗੀ।