ਕਰਾਚੀ, 19 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਪਾਕਿਸਤਾਨ ਦੇ ਕਰਾਚੀ ’ਚ ਇਕ ਸ਼ਾਪਿੰਗ ਮਾਲ ’ਚ ਭਿਆਨਕ ਅੱਗ ਲੱਗ ਗਈ। ਇਸ ਦੀ ਚਪੇਟ ’ਚ ਆ ਕੇ ਛੇ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ ਇਕ ਅੱਗ ਬੁਝਾਉਣ ਵਾਲਾ ਕਰਮਚਾਰੀ ਵੀ ਸ਼ਾਮਲ ਹੈ। ਕਈ ਲੋਕਾਂ ਦੇ ਹੁਣ ਵੀ ਫਸੇ ਹੋਣ ਦੀ ਚਿੰਤਾ ਪ੍ਰਗਟਾਈ ਜਾ ਰਹੀ ਹੈ। ਬਚਾਏ ਗਏ 20 ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ।
ਸਿੰਧ ਦੇ ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀ) ਜਾਵੇਦ ਆਲਮ ਓਧੋ ਨੇ ਦੱਸਿਆ ਕਿ ਅੱਗ ਸ਼ਨਿਚਰਵਾਰ ਰਾਤ 10.45 ਵਜੇ ਐਮਏ ਜਿਨਾਹ ਰੋਡ ‘ਤੇ ਗੁਲ ਪਲਾਜ਼ਾ ‘ਤੇ ਲੱਗੀ। ਅੱਗ ਬੁਝਾਊ ਕਰਮਚਾਰੀ ਅਤੇ ਬਚਾਅ ਟੀਮਾਂ ਅਜੇ ਵੀ ਅੱਗ ਲੱਗਣ ਦੇ 16 ਘੰਟਿਆਂ ਬਾਅਦ ਵੀ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਆਲਮ ਨੇ ਕਿਹਾ, ‘ਜਿਵੇਂ ਹੀ ਅੱਗ ’ਤੇ ਕਾਬੂ ਪਾਇਆ ਜਾਵੇ, ਅਸੀਂ ਹੋਰ ਬਚਾਅ ਕਾਰਜ ਸ਼ੁਰੂ ਕਰਾਂਗੇ। ਇਮਾਰਤ ’ਚ ਸੈਂਕੜੇ ਦੁਕਾਨਾਂ ਅਤੇ ਸਟੋਰ ਹਨ। ਲਗਭਗ 60 ਪ੍ਰਤੀਸ਼ਤ ਅੱਗ ਬੁਝ ਗਈ ਸੀ। ਕੰਧਾਂ ’ਚ ਤਰੇੜਾਂ ਪੈ ਗਈਆਂ ਹਨ। ਗੁਲ ਪਲਾਜ਼ਾ ’ਚ ਸਸਤੇ ਕਰੌਕਰੀ, ਸਜਾਵਟ ਦੀਆਂ ਚੀਜ਼ਾਂ, ਫਰਨੀਚਰ, ਇਲੈਕਟ੍ਰਾਨਿਕਸ, ਕੱਪੜੇ, ਸ਼ਿੰਗਾਰ, ਅਤਰ ਅਤੇ ਹੋਰ ਉਤਪਾਦ ਵੇਚਣ ਵਾਲੀਆਂ ਸੈਂਕੜੇ ਦੁਕਾਨਾਂ ਹਨ।
ਡਾਨ ਨਿਊਜ਼ ਦੇ ਅਨੁਸਾਰ, ਮਾਲ ਦੇ ਸਾਰੇ ਹਿੱਸੇ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਹਿੱਸਾ ਪੂਰੀ ਤਰ੍ਹਾਂ ਢਹਿ ਗਿਆ ਹੈ। ਮਾਲ ’ਚ ਵੈਂਟੀਲੇਸ਼ਨ ਦੀ ਘਾਟ ਕਾਰਨ ਇਮਾਰਤ ਧੂੰਏਂ ਨਾਲ ਭਰ ਗਈ, ਜਿਸ ਨਾਲ ਬਚਾਓ ਕੰਮ ਵਿੱਚ ਰੁਕਾਵਟ ਆ ਰਹੀ ਹੈ। ਇਹ ਲਗਭਗ 1.75 ਏਕੜ ਵਿੱਚ ਫੈਲਿਆ ਹੋਇਆ ਹੈ। ਸਿੰਧ ਦੇ ਮਜ਼ਦੂਰ ਅਤੇ ਸਮਾਜਿਕ ਸੁਰੱਖਿਆ ਮੰਤਰੀ ਸਈਦ ਘਾਨੀ ਨੇ ਦੱਸਿਆ ਕਿ ਹੁਣ ਵੀ ਸ਼ੱਕ ਹੈ ਕਿ ਕਈ ਲੋਕ ਮਾਲ ਦੇ ਅੰਦਰ ਫਸੇ ਹੋ ਸਕਦੇ ਹਨ। ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਘਟਨਾ ‘ਤੇ ਦੁਖ ਪ੍ਰਗਟ ਕੀਤਾ ਅਤੇ ਜਾਨਮਾਲ ਦੇ ਨੁਕਸਾਨ ’ਤੇ ਸੰਵੇਦਨਾ ਪ੍ਰਗਟ ਕੀਤੀ।
