ਨਵੀਂ ਦਿੱਲੀ: ਪੈਰਿਸ ਓਲੰਪਿਕ ਵਿੱਚ ਕਾਂਸੀ ਦੇ ਦੋ ਤਗ਼ਮੇ ਜੇਤੂ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਅਕਤੂਬਰ ਵਿੱਚ ਹੋਣ ਵਾਲੇ ਵਿਸ਼ਵ ਕੱਪ ਤੋਂ ਬਾਹਰ ਰਹਿ ਸਕਦੀ ਹੈ ਕਿਉਂਕਿ ਉਸ ਨੇ ਤਿੰਨ ਮਹੀਨੇ ਬਰੇਕ ਲੈਣ ਦਾ ਫ਼ੈਸਲਾ ਕੀਤਾ ਹੈ। ਉਸ ਦੇ ਕੋਚ ਜਸਪਾਲ ਰਾਣਾ ਨੇ ਇਹ ਜਾਣਕਾਰੀ ਦਿੱਤੀ। ਜਸਪਾਲ ਨੇ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਉਹ ਅਕਤੂਬਰ ਵਿੱਚ ਹੋਣ ਵਾਲੇ ਵਿਸ਼ਵ ਵਿੱਚ ਖੇਡੇਗੀ ਜਾਂ ਨਹੀਂ ਕਿਉਂਕਿ ਉਹ ਤਿੰਨ ਮਹੀਨੇ ਦਾ ਬਰੇਕ ਲੈ ਰਹੀ ਹੈ।’’ ਉਨ੍ਹਾਂ ਕਿਹਾ, ‘‘ਉਹ ਲੰਬੇ ਸਮੇਂ ਤੋਂ ਸਖ਼ਤ ਮਿਹਨਤ ਕਰ ਰਹੀ ਹੈ ਤਾਂ ਇਹ ਆਮ ਬਰੇਕ ਹੈ।’’ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦਿੱਲੀ ਵਿੱਚ 13 ਤੋਂ 18 ਅਕਤੂਬਰ ਤੱਕ ਹੋਵੇਗੀ। ਜਸਪਾਲ ਨੇ ਕਿਹਾ ਕਿ ਬਰੇਕ ਮਗਰੋਂ ਉਹ 2026 ਏਸ਼ਿਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਵਿੱਚ ਜੁਟ ਜਾਵੇਗੀ।