4 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਦਿੱਗਜ ਅਦਾਕਾਰ ਅਤੇ ਨਿਰਦੇਸ਼ਕ ਮਨੋਜ ਕੁਮਾਰ ਦਾ ਅੱਜ 4 ਅਪ੍ਰੈਲ ਨੂੰ ਸਵੇਰੇ 3:30 ਵਜੇ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪੁੱਤਰ ਕੁਨਾਲ ਗੋਸਵਾਮੀ ਨੇ ਸਾਂਝਾ ਕੀਤਾ ਕਿ ਅਦਾਕਾਰ ਮਨੋਜ ਕਈ ਸਾਲਾਂ ਤੋਂ ਸਿਹਤ ਸਮੱਸਿਆਵਾਂ ਤੋਂ ਪੀੜਤ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 5 ਅਪ੍ਰੈਲ ਨੂੰ ਕੀਤਾ ਜਾਵੇਗਾ।
ਉਲੇਖਯੋਗ ਹੈ ਕਿ ਮਨੋਜ ਕੁਮਾਰ ਨੂੰ 21 ਫਰਵਰੀ 2025 ਨੂੰ ਸਿਹਤ ਵਿਗੜਨ ਕਾਰਨ ਹਸਪਤਾਲ ਲਿਜਾਇਆ ਗਿਆ ਸੀ। ਕੋਕੀਲਾਬੇਨ ਅੰਬਾਨੀ ਹਸਪਤਾਲ ਦੇ ਸੀਈਓ ਅਤੇ ਕਾਰਜਕਾਰੀ ਨਿਰਦੇਸ਼ਕ ਡਾ. ਸੰਤੋਸ਼ ਸ਼ੈੱਟੀ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, “ਦਿੱਗਜ ਅਦਾਕਾਰ ਸ਼੍ਰੀ ਮਨੋਜ ਕੁਮਾਰ ਜੀ ਦਾ ਅੱਜ ਸਵੇਰੇ ਲਗਭਗ 3:30 ਵਜੇ ਉਮਰ ਨਾਲ ਸੰਬੰਧਤ ਸਿਹਤ ਸਮੱਸਿਆਵਾਂ ਕਾਰਨ ਕੋਕੀਲਾਬੇਨ ਅੰਬਾਨੀ ਹਸਪਤਾਲ ਵਿੱਚ ਸ਼ਾਂਤੀਪੂਰਵਕ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਹਫ਼ਤਿਆਂ ਤੋਂ ਹਸਪਤਾਲ ਵਿੱਚ ਦਾਖਲ ਸਨ।” ਹੁਣ ਇੱਥੇ ਅਸੀਂ ਇਸ ਦਿੱਗਜ ਅਦਾਕਾਰ ਦੇ ਜ਼ਿੰਦਗੀ ਦੇ ਕੁੱਝ ਪੱਖਾਂ ਬਾਰੇ ਚਰਚਾ ਕਰਾਂਗੇ।
ਮਨੋਜ ਕੁਮਾਰ ਦਾ ਪੰਜਾਬ ਨਾਲ ਕਨੈਕਸ਼ਨ
ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਅਦਾਕਾਰ ਮਨੋਜ ਕੁਮਾਰ ਦਾ ਪੰਜਾਬ ਨਾਲ ਕਾਫੀ ਗੂੜਾ ਰਿਸ਼ਤਾ ਸੀ। ਦਰਅਸਲ, ਅਦਾਕਾਰ ਦਾ ਜਨਮ ਪੰਜਾਬੀ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਅਦਾਕਾਰ ਦਾ ਜਨਮ ਜੁਲਾਈ 1937 ਨੂੰ ਪਾਕਿਸਤਾਨ ਦੇ ਸ਼ਹਿਰ ਐਬਟਾਬਾਦ ਵਿੱਚ ਹੋਇਆ ਸੀ। ਜਦੋਂ ਅਦਾਕਾਰ 10 ਸਾਲ ਦੇ ਸਨ ਤਾਂ ਉਹਨਾਂ ਦਾ ਪਰਿਵਾਰ ਵੰਡ ਕਾਰਨ ਦਿੱਲੀ ਚਲੇ ਗਿਆ ਸੀ।
ਮਨੋਜ ਕੁਮਾਰ ਦਾ ਅਸਲੀ ਨਾਂਅ
ਅਕਸਰ ਹੀ ਦੇਖਿਆ ਜਾਂਦਾ ਹੈ ਕਿ ਦਿੱਗਜ ਸਿਤਾਰਿਆਂ ਦੇ ਅਸਲੀ ਨਾਂਅ ਕੁੱਝ ਹੋਰ ਅਤੇ ਸਟੇਜੀ ਨਾਂਅ ਕੁੱਝ ਹੋਰ ਹੁੰਦੇ ਹਨ, ਇਸੇ ਤਰ੍ਹਾਂ ਅਦਾਕਾਰ ਮਨੋਜ ਕੁਮਾਰ ਦਾ ਵੀ ਅਸਲੀ ਨਾਂਅ ਮਨੋਜ ਨਹੀਂ ਬਲਕਿ ਹਰੀਕਿਸ਼ਨ ਗਿਰੀ ਗੋਸਵਾਮੀ ਸੀ।
ਕਿਉਂ ਬਦਲਿਆ ਅਦਾਕਾਰ ਨੇ ਆਪਣਾ ਨਾਂਅ
ਅਦਾਕਾਰ ਦੇ ਨਾਂਅ ਨੂੰ ਬਦਲਣ ਪਿੱਛੇ ਕਾਫੀ ਰੌਚਿਕ ਕਹਾਣੀ ਹੈ, ਦਰਅਸਲ, ਲੀਜੈਂਡ ਅਦਾਕਾਰ ਦਿਲੀਪ ਕੁਮਾਰ ਦੀ ਇੱਕ ਫਿਲਮ ‘ਸ਼ਬਨਮ’ ਸੀ, ਜਿਸ ਵਿੱਚ ਅਦਾਕਾਰ ਦਿਲੀਪ ਕੁਮਾਰ ਦੇ ਕਿਰਦਾਰ ਦਾ ਨਾਂਅ ਮਨੋਜ ਕੁਮਾਰ ਸੀ, ਅਦਾਕਾਰ ਨੂੰ ਇਹ ਨਾਂਅ ਕਾਫੀ ਪਸੰਦ ਆਇਆ, ਜਿਸ ਕਾਰਨ ਉਹਨਾਂ ਨੇ ਆਪਣਾ ਨਾਂਅ ਹਰੀਕਿਸ਼ਨ ਗਿਰੀ ਗੋਸਵਾਮੀ ਤੋਂ ਮਨੋਜ ਕੁਮਾਰ ਰੱਖ ਲਿਆ। ਇਸ ਤੋਂ ਇਲਾਵਾ ਅਦਾਕਾਰ ਨੂੰ ਭਰਤ ਕੁਮਾਰ ਵੀ ਕਿਹਾ ਜਾਂਦਾ ਹੈ, ਇਹ ਉਹਨਾਂ ਦਾ ਸਕ੍ਰੀਨ ਨਾਂਅ ਹੈ। ‘ਕ੍ਰਾਂਤੀ’, ‘ਸ਼ਹੀਦ’, ‘ਉਪਕਾਰ’ ਅਤੇ ‘ਪੂਰਬ ਔਰ ਪੱਛਮ’ ਵਰਗੀਆਂ ਫਿਲਮਾਂ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਉਨ੍ਹਾਂ ਨੂੰ 1992 ਵਿੱਚ ‘ਪਦਮ ਸ਼੍ਰੀ’ ਅਤੇ 2015 ਵਿੱਚ ‘ਦਾਦਾ ਸਾਹਿਬ ਫਾਲਕੇ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਸੰਖੇਪ: ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਮਨੋਜ ਕੁਮਾਰ ਹੁਣ ਨਹੀਂ ਰਹੇ। ਉਨ੍ਹਾਂ ਦਾ ਪੰਜਾਬ ਨਾਲ ਗਹਿਰੀ ਜੁੜਾਵਤ ਸੀ, ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਖਾਸ ਪਲ।