ਮੁੰਬਈ( ਪੰਜਾਬੀ ਖਬਰਨਾਮਾ) : ਮਹਾਰਾਸ਼ਟਰ ’ਚ ਵਿਰੋਧੀ ਗਠਜੋੜ ਮਹਾ ਵਿਕਾਸ ਅਘਾੜੀ (ਐਮਵੀਏ) ਦੀਆਂ ਸਿਆਸੀ ਪਾਰਟੀਆਂ ਦਰਮਿਆਨ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਮੁਕੰਮਲ ਕਰ ਲਈ ਗਈ ਹੈ।
ਮਹਾਰਾਸ਼ਟਰ ਦੀਆਂ ਲੋਕ ਸਭਾ ਲਈ ਕੁੱਲ 48 ਸੀਟਾਂ ਹਨ। ਇਨ੍ਹਾਂ ’ਚੋਂਂ ਸ਼ਿਵ ਸੈਨਾ (ਊਧਵ ਧੜਾ) ਦੇ 21 ਸੀਟਾਂ ਤੋਂ, ਕਾਂਗਰਸ ਦੇ 17 ਸੀਟਾਂ ਤੋਂ ਅਤੇ ਐਨਸੀਪੀ (ਸ਼ਰਦ ਪਵਾਰ) ਦੇ 10 ਸੀਟਾਂ ਤੋਂ ਉਮੀਦਵਾਰ ਚੋਣ ਮੈਦਾਨ ਵਿੱਚ ਉਤਰਨਗੇ।
ਇਸ ਸੀਟ ਵੰਡ ਦਾ ਐਲਾਨ ਮੰਗਲਵਾਰ ਨੂੰ ਮੁੰਬਈ ’ਚ ਤਿੰਨਾਂ ਪਾਰਟੀਆਂ ਦੀ ਸਾਂਝੀ ਪ੍ਰੈੱਸ ਕਾਨਫਰੰਸ ’ਚ ਕੀਤਾ ਗਿਆ ਹੈ । ਪ੍ਰੈਸ ਕਾਨਫੰਰਸ ਵਿੱਚ ਤਿੰਨੋਂ ਪਾਰਟੀਆਂ ਦੇ ਪ੍ਰਮੁੱਖ ਨੇਤਾ ਹਾਜ਼ਰ ਸਨ। ਐਨਸੀਪੀ ਵੱਲੋਂ ਸ਼ਰਦ ਪਵਾਰ, ਸ਼ਿਵ ਸੈਨਾ (ਊਧਵ ਧੜਾ) ਅਤੇ ਕਾਂਗਰਸ ਵੱਲੋਂ ਸੂਬਾ ਪ੍ਰਧਾਨ ਨਾਨਾ ਪਟੋਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪਣੇ ਗੱਠਜੋੜ ਦੀ ਰਣਨੀਤੀ ਬਿਆਨ ਕੀਤੀ।
ਕਾਂਗਰਸ ਦੇ ਸੂਬਾ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਰਾਜ ਦੀਆਂ 48 ਸੀਟਾਂ ਬਾਰੇ ਗੱਲਬਾਤ ਕਈ ਹਫ਼ਤੇ ਚੱਲਦੀ ਰਹੀ ਹੈ ਜੋ ਕਿ ਹੁਣ ਸਿਰੇ ਲੱਗ ਗਈ ਹੈ।
ਇਸ ਮੌਕੇ ਸ਼ਿਵ ਸੈਨਾ ਨੇਤਾ ਊਧਵ ਠਾਕਰੇ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਸੋੋਮਵਾਰ ਨੂੰ ਉਸ ਦਿਨ ਦੀ ਰੈਲੀ ਕੀਤੀ ਹੈ, ਜਿਸ ਦਿਨ ਸੂਰਜ ਗ੍ਰਹਿਣ ਵੀ ਸੀ ਅਤੇ ਮੱਸਿਆ ਵੀ ਸੀ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਵਿੱਚ ਜੋ ਤਕਰੀਰ ਕੀਤੀ ਹੈ, ਉਹ ਇੱਕ ਪ੍ਰਧਾਨ ਮੰਤਰੀ ਦੀ ਤਕਰੀਰ ਨਹੀਂ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਠਾਕਰੇ ਦੀ ਪਾਰਟੀ ਨੂੰ ਨਕਲੀ ਸ਼ਿਵ ਸੈਨਾ ਕਹਿਣ ’ਤੇ ਇਤਰਾਜ਼ ਉਠਾਇਆ ਅਤੇ ਕਿਹਾ ਕਿ ਅਸੀਂ ਭ੍ਰਿਸ਼ਟ ਪਾਰਟੀ ਦੇ ਨੇਤਾ ਦੀੇ ਹੀ ਅਲੋਚਨਾ ਕਰਾਂਗੇ।
ਉਨ੍ਹਾਂ ਕਿਹਾ, ‘‘ਇੱਕ ਜਬਰੀ ਵਸੂਲੀ ਕਰਨ ਵਾਲਿਆ ਦੀ ਪਾਰਟੀ ਦੇ ਨੇਤਾ ਵੱਲੋਂ ਸਾਨੂੰ ਨਕਲੀ ਕਹਿਣਾ ਠੀਕ ਨਹੀਂ ਹੈ। ਭਾਰਤੀ ਜਨਤਾ ਪਾਰਟੀ ਜਬਰੀ ਵਸੂਲੀ ਕਰਨ ਵਾਲਿਆਂ ਦੀ ਪਾਰਟੀ ਹੈ ਜੋ ਕਿ ਚੁਣਾਵੀ ਬਾਂਡ ਦੇ ਸਮੁੱਚੇ ਕਾਂਡ ਦੇ ਨੰਗਾ ਹੋਣ ਬਾਅਦ ਸਾਫ਼ ਹੋ ਗਿਆ ਹੈ।
ਪੱਤਰਕਾਰ ਸੰਮੇਲਨ ਵਿੱਚ ਬੋਲਦੇ ਹੋਏ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਦੇ ਮੁੱਖ ਨਿਸ਼ਾਨੇ ਨੂੰ ਪ੍ਰਭਾਵਤ ਕਰਨ ਲਈ ਦਰਿਆਦਿਲੀ ਦਿਖਾਉਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਕਾਰਕੁਨ ਭਾਰਤੀ ਜਨਤਾ ਪਾਰਟੀ ਦੀ ਹਾਰ ਅਤੇ ਮਹਾ ਵਿਕਾਸ ਅਘਾੜੀ ਦੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਦੇ ਕਾਰਕੁਨ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਨੇਤਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਕੀਤੇ ਮਾੜੇ ਵਿਵਹਾਰ ਨੂੰ ਕਦੇ ਨਹੀਂ ਭੁੱਲਣਗੇ। ਪਟੋਲੇ ਨੇ ਠਾਕਰੇ ਅਤੇ ਸ਼ਰਦ ਪਵਾਰ ਦੀਆਂ ਪਾਰਟੀਆਂ ਵਿਚੋਂ ਵਿਧਾਇਕਾਂ ਨੂੰ ਅਗਵਾ ਕਰਨ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਦੋਵੇਂ ਅਸਲ ਪਾਰਟੀਆਂ ਦੇ ਨੇਤਾ ਸਾਡੇ ਨਾਲ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਵ ਸੈਨਾ ਨੂੰ ਨਕਲੀ ਦੱਸ ਰਹੇ ਹਨ।
ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਸਾਂਗਲੀ ਅਤੇ ਭਿਵੰਡੀ ਦੀ ਸੀਟ ’ਤੇ ਮਹਾ ਵਿਕਾਸ ਅਘਾੜੀ ਦੀਆਂ ਪਾਰਟੀਆਂ ਦਰਮਿਆਨ ਸਮਝੌਤਾ ਲੰਬੀ ਗੱਲਬਾਤ ਤੋਂ ਬਾਅਦ ਹੀ ਸਿਰੇ ਲੱਗਿਆ ਹੈ। ਮਹਾਰਾਸ਼ਟਰ ਵਿੱਚ ਲੋਕ ਸਭਾ ਦੀਆਂ ਚੋਣਾਂ 5 ਗੇੜਾਂ ਵਿੱਚ 19 ਅਪ੍ਰੈਲ ਤੋਂ 20 ਮਈ ਦਰਮਿਆਨ ਹੋਣਗੀਆਂ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।